(ਕਹਾਣੀ) ਪਰ ਹੁਣ ਮਾਂ ਨਹੀਂ ਹੈ

 ਇਹ ਸੱਚ ਹੈ ਕਿ ਦੁੱਖ ਸੁੱਖ ਸਭ ਸਰੀਰ ਦੇ ਨਾਲ ਹੀ ਬਣੇ ਹਨ ਪਰ ਜਦੋਂ ਦੁੱਖ ਹੀ ਅਸਹਿ ਅਤੇ ਅਕਹਿ ਹੋ ਜਾਵੇ ਤਾਂ ਬੰਦਾ ਜ਼ਿੰਦਗੀ ਜਿਊਣ ਤੋਂ ਵੀ ਹਾਰ ਜਾਂਦਾ ਹੈ । ਮੈਂ ਡਿਸਕ ਪੀੜਤ ਹੋਣ ਕਰਕੇ ਚਾਰ ਕੂ ਮਹੀਨੇ ਮੰਜੇ ‘ ਤੇ ਹੀ ਰਿਹਾ । ਦੋ ਕੂ ਮਹੀਨੇ ਤਾਂ ਮੇਰੀ ਨੀਂਦ ਹੀ ਖਤਮ ਹੋ ਗਈ ਸੀ। ਦੁਨੀਆਂ ਭਰ ਦੇ ਓਹੜ ਪੋਹੜ ਅਤੇ ਡਾਕਟਰੀ ਇਲਾਜ਼ ਮੈਨੂੰ ਦਰਦ ਤੋਂ ਛੁਟਕਾਰਾ ਨਾ ਦਿਵਾ ਸਕੇ ।
ਇਕ ਸ਼ਾਮ ਮੈਂ ਹਿੰਮਤ ਕਰਕੇ ਘਰੋਂ ਬਾਹਰ ਨਿਕਲ ਹੀ ਪਿਆ ਕਿ ਥੋੜਾ ਤੁਰ ਕੇ ਦੇਖਦੇ ਹਾਂ । ਮੈਂ ਘਰ ਤੋਂ ਪੰਜਾਹ ਕੂ ਕਦਮ ਹੀ ਬਾਹਰ ਗਿਆ ਤਾਂ ਮੇਰੇ ਕਹਿਰਾਂ ਦੀ ਦਰਦ ਸ਼ੁਰੂ ਹੋ ਗਈ । ਮੈਥੋਂ ਕਦਮ ਨਾ ਪੁੱਟਿਆ ਜਾਵੇ , ਮੈਂ ਵੱਡੇ ਬੇਟੇ ਹੇਮੇ ਨੂੰ ਇਛਾਰਾ ਕੀਤਾ ਕਿ ਮੈਨੂੰ ਆਸਰਾ ਦੇਵੇ । ਮੈਂ ਫਿਰ ਬੈਡ ‘ਤੇ ਹੀ ਢਹਿ ਪਿਆ ।ਮੈਂ ਦਰਦ ਨਾਲ ਕਰਾਹ ਰਿਹਾ ਸਾਂ , ਮੈਨੂੰ ਮੇਰੇ ਜੀਵਨ ਦਾ ਅੰਤ ਹੀ ਦਿੱਸਣ ਲੱਗਾ ।
ਮੈਨੂੰ ਮੇਰੀ ਮਾਂ ਚੇਤੇ ਆਉਣ ਲੱਗੀ ਕਿ ਇਕ ਵਾਰ ਮੈਨੂੰ ਮੇਰੀ ਮਾਂ ਹੀ ਮਿਲ ਜਾਵੇ । ਬੀਬੀ ਤਾਂ ਖੂਹ ‘ਤੇ ਹੀ ਰਹਿੰਦੀ ਸੀ ਮੇਰੇ ਛੋਟੇ ਭਰਾ ਰਾਜੂ ਕੋਲ । ਬੀਬੀ ਵੀ ਤਾਂ ਸਾਲ ਤੋਂ ਮੰਜਾ ਹੋਈ ਪਈ ਸੀ । ਮੈਂ ਐਤਵਾਰ ਜਾਂ ਵਿਚਕਾਰ ਕਦੇ ਵੀ ਜਦੋਂ ਦਿਲ ਕਰਨਾ ਖੂਹ ਨੂੰ ਚਲੇ ਜਾਣਾ । ਬੀਬੀ ਦੀ ਇੱਛਾ ਅਨੁਸਾਰ ਪਤੰਜਲੀ ਦੇ ਬਿਸਕੁਟ , ਰਸ ਅਤੇ ਆਵਲੇ ਦਾ ਮੁਰੱਬਾ ਲੈ ਜਾਣਾ । ਬੀਮਾਰ ਬੀਬੀ ਕੋਲ ਸੇਬ ਪਏ ਹੋਣੇ ਤਾਂ ਉਹਨੇ ਮੈਨੂੰ ਕੱਟ ਕੇ ਖੁਵਾਉਣੇ ਜਾਂ ਸੇਬ ਹੀ ਫੜਾ ਦੇਣਾ ।
ਕਈ ਵਾਰ ਮੈਂ ਜਾਣਾ ਤਾਂ ਬੀਬੀ ਨੇ ਕਹਿਣਾ ਕਿ ਕਾਕਾ ਮੈਂ ਤੈਨੂੰ ਸਵੇਰੇ ਹੀ ਯਾਦ ਕਰਦੀ ਸੀ , ਮੈਂ ਰਾਤੀਂ ਰਾਜੂ ਨੂੰ ਵੀ ਤੇਰਾ ਹਾਲ ਪੁੱਛਿਆ ਸੀ ? ਰਾਜੂ ਕਹਿੰਦਾ ਸੀ ਬੀਬੀ ਮੈਂ ਅੱਜ ਭਾਜੀ ਨੂੰ  ਮਿਲ ਕੇ ਹੀ ਆਇਆ ਹਾਂ , ਠੀਕ ਹੈ ਹੁਣ । ਬੀਬੀ ਨੇ ਨਾਲੇ ਮੇਰੀ ਸਿਹਤਯਾਬੀ ਲਈ ਦੁਆਵਾਂ ਕਰਨੀਆਂ ।
  ਪਰ ਅੱਜ ਤਾਂ ਮੇਰਾ ਦਿਲ ਢਹਿ ਗਿਆ ਸੀ , ਮੈਂ ਵਿਲਕਦੇ ਹੋਏ ਰਾਜੂ ਨੂੰ ਫੋਨ ਕੀਤਾ ਕਿ ਮੈਨੂੰ ਬੀਬੀ ਮਿਲਾ ਦੇ । ਰਾਜੂ ਮੈਨੂੰ ਵਿਲਕਦੇ ਨੂੰ ਸੁਣ ਪੰਜਾ ਮਿੰਟਾ ਚ ਆਪਣੀ ਵਾਹੁਟੀ ਨਾਲ ਕਾਰ ਚ ਆ ਗਿਆ । ਉਹ ਤਾਂ ਮੈਨੂੰ ਹੋਂਸਲਾ ਦੇਵੇ ਪਰ ਮੇਰੀ ਇਕ ਹੀ ਜ਼ਿਦ ਕਿ ਮੈਨੂੰ ਬੀਬੀ ਮਿਲਾ ਦੇ ।
ਰਾਜੂ ਨੇ ਮੈਨੂੰ ਫੜਿਆ ਅਤੇ ਕਾਰ ਚ ਬਿਠਾ ਕੇ ਖੂਹ ਨੂੰ ਤੁਰ ਪਿਆ ।  ਡਰੀ ਅਤੇ ਘਬਰਾਈ ਹੋਈ ਮੇਰੀ ਪਤਨੀ ਵੀ ਮੈਨੂੰ ਸੰਭਾਲਦੀ ਹੋਈ ਨਾਲ ਬੈਠ ਗਈ ।
  ਰਾਜੂ ਨੇ ਮੈਨੂੰ ਤਾੜਨਾ  ਕੀਤੀ ਕਿ ਤੈਨੂੰ ਤਾਂ ਪਤਾ ਹੀ ਹੈ ਪਈ ਬੀਬੀ ਵੀ ਠੀਕ ਨਹੀਂ ਹੈ । ਬੀਬੀ ਕੋਲ ਜਾ ਕੇ ਵਿਲਕੀ ਨਾ — ਹੋਂਸਲਾ ਰੱਖੀ ।
ਮੈ ਕਾਰ ਚੋਂ ਉਤਰ ਕੇ ਬੀਬੀ ਦੀ ਰਜਾਈ ਚ  ਇਹ ਕਹਿੰਦਾ ਹੋਇਆ ਹੀ ਵੜ੍ਹ ਗਿਆ  ਕਿ ਬੀਬੀ ਮੈਂ ਅੱਜ ਤੇਰੇ ਨਾਲ ਹੀ ਸੌਣਾ ਹੈ ।
 ਬੀਬੀ ਨੇ ਪਤਾ ਨਹੀਂ ਮੇਰੇ ਰੋਂਦੇ ਵਿਲਕਦੇ ਸਾਹਾਂ ਨੂੰ ਸੁਣ ਲਿਆ ਸੀ , ਬੀਬੀ ਤਾਂ ਇੰਝ ਉਠੀ ਜਿਵੇਂ ਉਹ ਬੀਮਾਰ ਹੀ ਨਾ ਹੋਵੇ । ਬੀਬੀ ਮੈਨੂੰ ਘੁੱਟਣ ਨੱਪਣ ਲੱਗ ਪਈ । ਬੀਬੀ ਤਾਂ ਮੇਰੀ ਸੁਖ ਸਾਂਦ ਲਈ ਇਕੋ ਸਾਹੇ ਅਰਦਾਸਾਂ ਕਰਦੀ ਕਰਦੀ ਮੇਰੇ ਠੀਕ ਹੋਣ ਲਈ ਸੁੱਖਣਾ ਸੁੱਖੇ ।ਬੀਬੀ ਦੀਆਂ ਅਰਦਾਸਾਂ ਤੋਂ ਬਾਹਦ ਮੇਰੇ ਤਾਂ ਮੁੜ ਕਦੇ ਦਰਦ ਤਾਂ ਨਹੀਂ ਹੋਇਆ ਪਰ ਹੁਣ  ਸੱਚੀਆਂ ਸੁੱਚੀਆਂ ਅਰਦਾਸਾਂ ਕਰਨ ਵਾਲੀ ਮੇਰੀ ਮਾਂ ਨਹੀਂ ਹੈ |

(ਰੋਸ਼ਨ ਖੈੜਾ)

Install Punjabi Akhbar App

Install
×