ਆਸਟ੍ਰੇਲੀਅਨ ਵੋਟਾਂ ਤੋਂ ਪਹਿਲਾਂ ਲੇਬਰ ਪਾਰਟੀ ਵੱਲੋਂ ਪਰਵਾਸੀਆਂ ਲਈ ਵੱਡਾ ਵਾਅਦਾ

20190509_135523ਐਡੀਲੇਡ(ਜੌਹਰ ਗਰਗ): ਅੱਜ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ‘ਚ ਹੋਈ ਇਕ ਪੱਤਰਕਾਰ ਮਿਲਣੀ ਵਿਚ ਲੇਬਰ ਪਾਰਟੀ ਵੱਲੋਂ ਫੈਡਰਲ ਐੱਮ.ਪੀ. ਮਾਨਯੋਗ ਸਟੀਵ ਜੋਰਜਨਿਸ, ਰੱਸਲ ਵਾਟਲੀ ਐੱਮ.ਐੱਲ.ਸੀ.ਅਤੇ ਟੋਰੇਂਸ ਤੋਂ ਮੈਂਬਰ ਪਾਰਲੀਮੈਂਟ ਮਾਨਯੋਗ ਡਾਨਾ ਵਾਟਲੀ ਨੇ ਲੇਬਰ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਬਿੱਲ ਸ਼ੋਰਟਨ, ਕ੍ਰਿਸ ਬੋਵੈੱਨ ਸ਼ੈਡੋ ਖ਼ਜ਼ਾਨਾ ਮੰਤਰੀ, ਟੋਨੀ ਬਰੂਕ, ਸ਼ੈਡੋ ਮਲਟੀ ਕਲਚਰ ਮੰਤਰੀ ਅਤੇ ਸ਼ੇਨ ਨਿਊਮੰਨ ਸ਼ੈਡੋ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਨੂੰ ਭਾਰਤੀ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿਸ ਵਿਚ ਪਰਵਾਸੀਆਂ ਦੀ ਲੰਮੇ ਚਿਰ ਤੋਂ ਆ ਰਹੀ ਮੰਗ ਪ੍ਰਤੀ ਲੇਬਰ ਪਾਰਟੀ ਨੇ ਆਪਣਾ ਰੁੱਖ ਸਾਹਮਣੇ ਰੱਖਿਆ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਤਕਰੀਬਨ ਚਾਰ ਸਾਲਾਂ ਤੋਂ ਐਡੀਲੇਡ ਦੇ ਕੁਝ ਨੌਜਵਾਨਾਂ ਨੇ ਅਰਵਿੰਦ ਦੁੱਗਲ ਹੋਰਾਂ ਦੀ ਅਗਵਾਈ ਵਿਚ ਪਰਵਾਸੀਆਂ ਦੇ ਮਾਪਿਆਂ ਨੂੰ ਆ ਰਹੀਆਂ ਵੀਜ਼ਾ ਸਬੰਧੀ ਦਿੱਕਤਾਂ ਲਈ ਮੋਰਚਾ ਖੋਲ੍ਹਿਆ ਹੋਇਆ ਸੀ। ਜਿਸ ਦੇ ਕਾਰਨ ਵੇਲੇ-ਵੇਲੇ ਸਿਰ ਇੱਥੋਂ ਦੀਆਂ ਦੋਨੇਂ ਵੱਡੀਆਂ ਪਾਰਟੀਆਂ ਵੋਟਾਂ ਤੋਂ ਪਹਿਲਾਂ ਕੋਈ ਨਾ ਕੋਈ ਵਾਅਦਾ ਪਰਵਾਸੀਆਂ ਨਾਲ ਕਰਦੀਆਂ ਰਹੀਆਂ ਹਨ। ਪਰ ਇਹ ਗੱਲ ਵੱਖਰੀ ਹੈ ਕਿ ਉਹ ਉਸ ਤੇ ਪੂਰੇ ਖਰੇ ਹਾਲੇ ਤੱਕ ਨਹੀਂ ਉੱਤਰੇ ਹਨ।

ਪਰ ਹੁਣ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ 1 ਜੁਲਾਈ 2019 ਤੋਂ ਮਾਪਿਆਂ ਲਈ ਵੀਜ਼ਾ ਦੀ ਜੋ ਨਵੀਂ ਨੀਤੀ ਲਿਆਂਦੀ ਗਈ ਹੈ ਉਸ ਮੁਤਾਬਿਕ;
1 ਇਹ ਵੀਜ਼ਾ ਆਸਟ੍ਰੇਲੀਆ ‘ਚ ਵੱਸਦੇ ਦੁਨੀਆ ਭਰ ਦੇ ਪਰਵਾਸੀਆਂ ਦੇ ਮਾਪਿਆਂ ਵਿਚੋਂ ਹਰ ਸਾਲ ਸਿਰਫ਼ 15000 ਨੂੰ ਹੀ ਦਿੱਤਾ ਜਾਵੇਗਾ।

2  ਇਕ ਪਰਵਾਰ ਚੋਂ ਸਿਰਫ਼ ਇਕ ਜਣਾ(ਪਤੀ ਜਾਂ ਪਤਨੀ) ਹੀ ਆਪਣੇ ਮਾਪਿਆਂ ਦਾ ਲੰਮੇ ਸਮੇਂ ਦਾ ਵੀਜ਼ਾ ਅਪਲਾਈ ਕਰ ਸਕੇਗਾ।

3  ਪੰਜ ਸਾਲ ਦੇ ਵੀਜ਼ਾ ਲਈ 10000 ਡਾਲਰ ਫ਼ੀਸ ਨਿਰਧਾਰਿਤ ਕੀਤੀ ਗਈ ਹੈ।

4  ਤਿੰਨ ਸਾਲ ਦੇ ਵੀਜ਼ਾ ਲਈ 5000 ਡਾਲਰ ਫ਼ੀਸ ਹੋਵੇਗੀ।

5  ਇਹ ਵੀਜ਼ਾ ਵਧਾਉਣ ਲਈ ਆਸਟ੍ਰੇਲੀਆ ਤੋਂ ਇਕ ਬਾਰ ਬਾਹਰ ਜਾਣਾ ਲਾਜ਼ਮੀ ਹੋਵੇਗਾ।

 

ਪਰ ਅੱਜ ਦੀ ਪੱਤਰਕਾਰ ਮਿਲਣੀ ਵਿਚ ਆਸਟ੍ਰੇਲੀਆ ਦੀ ਮੁੱਖ ਵਿਰੋਧੀ ਪਾਰਟੀ ਲੇਬਰ ਵੱਲੋਂ ਦਿੱਤੇ ਗਏ ਘੋਸ਼ਣਾ ਪੱਤਰ ਮੁਤਾਬਿਕ;
1 ਮਾਪਿਆਂ ਦੇ ਵੀਜ਼ਾ ਵਿਚ ਕੋਈ ਸਾਲਾਨਾ ਲਿਮਟ ਨਹੀਂ ਹੋਵੇਗੀ।

2 ਪਤੀ ਪਤਨੀ ਦੋਨੋਂ ਆਪਣੇ ਮਾਪਿਆਂ ਲਈ ਇਹ ਵੀਜ਼ਾ ਅਪਲਾਈ ਕਰ ਸਕਣਗੇ।

3 ਪੰਜ ਸਾਲ ਦੇ ਵੀਜ਼ਾ ਲਈ 2500 ਡਾਲਰ ਫ਼ੀਸ ਨਿਰਧਾਰਿਤ ਕੀਤੀ ਗਈ ਹੈ।

4 ਤਿੰਨ ਸਾਲ ਦੇ ਵੀਜ਼ਾ ਲਈ 1250 ਡਾਲਰ ਫ਼ੀਸ ਹੋਵੇਗੀ।

5  ਇਹ ਵੀਜ਼ਾ ਵਧਾਉਣ ਲਈ ਆਸਟ੍ਰੇਲੀਆ ਤੋਂ ਬਾਹਰ ਜਾਣ ਦੀ ਲੋੜ ਨਹੀਂ ਹੋਵੇਗੀ।
ਇਹਨਾਂ ਵਾਅਦਿਆਂ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਲੇਬਰ ਪਾਰਟੀ ਦੇ ਇਹਨਾਂ ਨੇਤਾਵਾਂ ਨੇ ਕਿਹਾ ਕਿ ਪਰਵਾਸੀਆਂ ਵੱਲੋਂ ਆਸਟ੍ਰੇਲੀਆ ਦੀ ਤਰੱਕੀ ‘ਚ ਪਾਏ ਯੋਗਦਾਨ ਬਦਲੇ ਇਹ ਬਹੁਤ ਘੱਟ ਹੈ ਤੇ ਜੇ ਸਾਡੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਉਹ ਪਰਵਾਸੀਆਂ ਲਈ ਇਸ ਤੋਂ ਵੀ ਵਧੇਰੇ ਕਰਨ ਦੀ ਇੱਛਾ ਰੱਖਦੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ‘ਚ ਪੱਕੇ ਹੋਣ ਵਾਲੀਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਤੇ ਇਸੇ ਕਰਕੇ ਇੱਥੋਂ ਦੀਆਂ ਸਿਆਸੀ ਪਾਰਟੀਆਂ ਪਰਵਾਸੀਆਂ ਨੂੰ ਭਰਮਾਉਣ ਲਈ ਪਿਛਲੀਆਂ ਚੋਣਾਂ ਦੌਰਾਨ ਵੀ ਅੱਗੇ ਆਈਆਂ ਸਨ। ਉਸ ਵਕਤ ਵੀ ਲਿਬਰਲ ਪਾਰਟੀ ਨਾਲੋਂ ਲੇਬਰ ਪਾਰਟੀ ਪਰਵਾਸੀਆਂ ਦੇ ਹੱਕ ਚ ਜ਼ਿਆਦਾ ਖੜ੍ਹੀ ਨਜ਼ਰ ਆਈ ਸੀ। ਪਰ ਲਿਬਰਲ ਪਾਰਟੀ ਨੇ ਜਿੱਤਣ ਤੋਂ ਬਾਅਦ ਆਪਣੇ ਕੀਤੇ ਵਾਅਦੇ ਹਾਲੇ ਤੱਕ ਪੂਰੇ ਨਹੀਂ ਕੀਤੇ। ਹੁਣ ਜੋ 1 ਜੁਲਾਈ ਤੋਂ ਨਵੀਂ ਵੀਜ਼ਾ ਪ੍ਰਨਾਲੀ ਉਹ ਲਿਆਉਣਾ ਚਾਹੁੰਦੇ ਹਨ ਉਹ ਵੀ ਪਿਛਲੇ ਵਾਅਦਿਆਂ ਤੇ ਖਰੀ ਨਹੀਂ ਉੱਤਰਦੀ। ਬਾਕੀ 18 ਤਾਰੀਖ਼ ਨੂੰ ਹੋ ਰਹੀਆਂ ਚੋਣਾਂ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੀ ਪਾਰਟੀ ਦੇ ਹੱਥ ਆਸਟ੍ਰੇਲੀਆ ਦੀ ਕਮਾਨ ਆਉਂਦੀ ਹੈ ਤੇ ਉਹ ਪਾਰਟੀ ਆਪਣੇ ਚੋਣ ਵਾਅਦਿਆਂ ‘ਤੇ ਕਿਥੋਂ ਤੱਕ ਖਰਾ ਉੱਤਰਦੀ ਹੈ।
ਅੱਜ ਦੀ ਇਸ ਪੱਤਰਕਾਰ ਮਿਲਣੀ ‘ਚ ਉਚੇਚੇ ਤੌਰ ਤੇ ਇਸ ਮੁਹਿੰਮ ਨਾਲ ਜੁੜੇ ਅਰਵਿੰਦ ਦੁੱਗਲ ਅਤੇ ਡੈਨੀਅਲ ਕੋਨਲ ਨੇ ਲੇਬਰ ਪਾਰਟੀ ਵੱਲੋਂ ਕੀਤੇ ਇਹਨਾਂ ਵਾਅਦਿਆਂ ਤੇ ਤਸੱਲੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਮੌਕੇ ਜੇਕਰ ਸਾਡੇ ਮਾਪਿਆਂ ਨੂੰ ਏਨੀ ਸਹੂਲਤ ਵੀ ਮਿਲਦੀ ਹੈ ਤਾਂ ਕੋਈ ਬੁਰਾਈ ਨਹੀਂ ਹੈ ਪਰ ਉਨ੍ਹਾਂ ਦੀ ਇਹ ਜੰਗ ਪੂਰੀ ਜਿੱਤਣ ਤੱਕ ਜਾਰੀ ਰਹੇਗੀ। ਇਸ ਮੌਕੇ ਤੇ ਸਾਊਥ ਆਸਟ੍ਰੇਲੀਆ ਦੇ ਪੱਤਰਕਾਰਾਂ ਤੋਂ ਇਲਾਵਾ ਲੇਬਰ ਪਾਰਟੀ ਦੀ ਬੂਥਬਈ ਸੀਟ ਤੋਂ ਐੱਮ.ਪੀ. ਉਮੀਦਵਾਰ ਨਾਦੀਆ ਕਲੇਨਸੀ, ਮੋਨਿਕਾ ਬੁਧੀਰਾਜਾ ਅਤੇ ਪੰਜਾਬੀ ਅਖ਼ਬਾਰ ਦੇ ਐਡੀਟਰ ਇਨ ਚੀਫ਼ ਮਿੰਟੂ ਬਰਾੜ ਵੀ ਹਾਜ਼ਰ ਸਨ।

Install Punjabi Akhbar App

Install
×