ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਪੂਰੀ ਤਨਦੇਹੀ ਨਾਲ ਜੁਟੀ ਹੋਈ ਹੈ। ਕਾਂਗਰਸ ਪਾਰਟੀ ਦੀ ਭਾਰਤ ਜੋੜੋ ਯਾਤਰਾ ਨੂੰ ਵੀ ਲੋਕ ਸਭਾ ਚੋਣਾਂ ਨਾਲ ਜੋੜ ਕੇ ਹੀ ਵੇਖਿਆ ਜਾ ਰਿਹਾ ਹੈ। ਇਹਨਾਂ ਦੋਵਾਂ ਵੱਡੀਆਂ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ਵੇਖਦਿਆਂ ਖੇਤਰੀ ਪਾਰਟੀਆਂ ਨੇ ਵੀ ਕਮਰਕਸੇ ਕਰ ਲਏ ਹਨ। ਅੰਦਰਖਾਤੇ ਸਾਰੀਆਂ ਪਾਰਟੀਆਂ ਹੀ ਸਰਗਰਮੀ ਨਾਲ ਕੰਮ ਕਰਕੇ ਚੋਣ ਤਿਆਰੀਆਂ ਵਿੱਚ ਲੱਗੀਆਂ ਹੋਈਆਂ ਹਨ।
ਲੋਕ ਸਭਾ ਹਲਕਾ ਬਠਿੰਡਾ ਪੰਜਾਬ ਦਾ ਬਹੁਤ ਮਹੱਤਵਪੂਰਨ ਹਲਕਾ ਹੈ। ਇਸ ਸਮੇਂ ਇਸ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਹੈ। ਉਹਨਾਂ 2019 ‘ਚ ਆਪਣੇ ਨਜਦੀਕੀ ਵਿਰੋਧੀ ਕਾਂਗਰਸ ਦੇ ਉਮੀਦਵਾਰ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਰੀਬ 21 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ ਸੀ। ਬੀਬੀ ਹਰਸਿਮਰਤ ਕੌਰ ਬਾਦਲ ਨੂੰ 4,90,811 ਵੋਟਾਂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 4,69,412 ਵੋਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੂੰ 1,34,390 ਅਤੇ ਪੰਜਾਬ ਇਨਸਾਫ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨੂੰ 38,199 ਵੋਟਾਂ ਹਾਸਲ ਹੋਈਆਂ ਸਨ। ਆਉਣ ਵਾਲੀਆਂ ਚੋਣਾਂ ਲਈ ਅਕਾਲੀ ਦਲ ਵੱਲੋਂ ਬੀਬੀ ਬਾਦਲ ਦੇ ਉਮੀਦਵਾਰ ਹੋਣ ਦੀ ਹੀ ਪੱਕੀ ਸੰਭਾਵਨਾ ਹੈ। ਕਾਂਗਰਸ ਪਾਰਟੀ ਵੱਲੋਂ ਉਮੀਦਵਾਰੀ ਲਈ ਬੀਬੀ ਅਮ੍ਰਿਤਾ ਵੜਿੰਗ ਦੇ ਨਾਂ ਦੀ ਚਰਚਾ ਹੈ। ਭਾਜਪਾ ਵੱਲੋਂ ਇਸ ਹਲਕੇ ਲਈ ਜਗਦੀਪ ਸਿੰਘ ਨਕੱਈ, ਸਰੂਪ ਚੰਦ ਸਿੰਗਲਾ ਤੇ ਮਨਪ੍ਰੀਤ ਬਾਦਲ ਦੇ ਨਾਂ ਚਰਚਾ ਵਿੱਚ ਹਨ, ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਅਮਰਜੀਤ ਸਿੰਘ ਮਹਿਤਾ ਤੇ ਨਵਦੀਪ ਸਿੰਘ ਜੀਦਾ ਦਾ ਨਾਂ ਚਰਚਾ ਵਿੱਚ ਹੈ।
ਇਸ ਵਾਰ ਚੋਣਾਂ ਲਈ ਚਾਰਕੋਣਾ ਮੁਕਾਬਲਾ ਹੋਵੇਗਾ। ਚੋਣਾਂ ਭਾਵੇਂ ਅਜੇ ਦੂਰ ਹਨ ਪਰ ਲੋਕ ਚਰਚਾ ਅਨੁਸਾਰ ਮੁਕਾਬਲਾ ਦਿਲਚਸਪ ਹੋਵੇਗਾ। ਸਾਲ 2019 ਦੀਆਂ ਚੋਣਾਂ ਸਮੇਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਰਲ ਕੇ ਚੋਣ ਲਈ ਸੀ। ਹੁਣ ਭਾਜਪਾ ਆਪਣਾ ਵੱਖਰਾ ਉਮੀਦਵਾਰ ਉਤਾਰ ਕੇ ਵੱਡੀ ਗਿਣਤੀ ਵਿੱਚ ਵੋਟਾਂ ਕੱਟਣ ਵਿੱਚ ਸਫ਼ਲ ਹੋਵੇਗੀ, ਜਿਸਦਾ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਣ ਦੀ ਉਮੀਦ ਹੈ। ਪਿਛਲੀਆਂ ਚੋਣਾਂ ਸਮੇਂ ਅਕਾਲੀ ਦਲ ਤੇ ਬੇਅਦਬੀ ਮਾਮਲਿਆਂ ਵਿੱਚ ਸਮੂਲੀਅਤ ਦੀਆਂ ਚਰਚਾਵਾਂ ਵੀ ਹੁਣ ਵਾਂਗ ਬਹੁਤੀਆਂ ਨਹੀਂ ਸਨ, ਇਹਨਾਂ ਮਾਮਲਿਆਂ ਸਦਕਾ ਵੀ ਅਕਾਲੀ ਦਲ ਦੇ ਵੱਡੇ ਵੋਟ ਬੈਂਕ ਤੇ ਅਸਰ ਪੈਣ ਦੀ ਸੰਭਾਵਨਾ ਹੈ। ਇਸਤੋਂ ਸਪਸ਼ਟ ਹੈ ਕਿ ਅਕਾਲੀ ਦਲ ਨੂੰ ਇਹ ਸੀਟ ਜਿੱਤਣੀ ਸੌਖੀ ਨਹੀਂ। ਇਸ ਪਾਰਟੀ ਤੋਂ ਵੱਖ ਹੋਈ ਭਾਜਪਾ ਵੱਲੋਂ ਬਹੁਤੀ ਉਮੀਦ ਜਗਦੀਪ ਸਿੰਘ ਨਕੱਈ ਨੂੰ ਉਮੀਦਵਾਰ ਬਣਾਉਣ ਦੀ ਲਗਦੀ ਹੈ, ਕਿਉਂਕਿ ਉਹ ਬਹੁਤ ਸਰੀਫ਼ ਤੇ ਬੇਦਾਗ ਆਗੂ ਹਨ ਅਤੇ ਉਸਦਾ ਇਸ ਹਲਕੇ ਅਧੀਨ ਆਉਂਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਆਪਣਾ ਨਿੱਜੀ ਰਸੂਖ ਵੀ ਚੰਗਾ ਹੈ। ਜੇਕਰ ਹਿੰਦੂ ਉਮੀਦਵਾਰ ਬਣਾਉਣ ਦੀ ਗੱਲ ਚੱਲੀ ਤਾਂ ਸਰੂਪ ਚੰਦ ਸਿੰਗਲਾ ਨੂੰ ਵੀ ਉਤਾਰਿਆ ਜਾ ਸਕਦਾ ਹੈ, ਕਿਉਂਕਿ ਬਠਿੰਡਾ ਸ਼ਹਿਰ ਦੀ ਹਿੰਦੂ ਵੋਟ ਤੇ ਉਸਦਾ ਚੰਗਾ ਅਸਰ ਹੈ। ਮਨਪ੍ਰੀਤ ਸਿੰਘ ਬਾਦਲ ਦੇ ਨਾਂ ਦੀ ਵੀ ਚਰਚਾ ਤਾਂ ਚੱਲ ਰਹੀ ਹੈ, ਪਰ ਵਿਧਾਨ ਸਭਾ ਵਿੱਚ ਹੋਈ ਅਣਕਿਆਸੀ ਹਾਰ ਅਤੇ ਭਾਜਪਾ ਵਿੱਚ ਜਾਣ ਤੋਂ ਬਾਅਦ ਬਠਿੰਡਾ ਦੇ ਨਗਰ ਕੌਸਲਰਾਂ ਵੱਲੋਂ ਸਾਥ ਨਾ ਦੇਣ ਕਾਰਨ ਉਮੀਦਵਾਰੀ ਲਈ ਦਬਾਅ ਬਣਦਾ ਨਜਰ ਨਹੀਂ ਆ ਰਿਹਾ।
ਕਾਂਗਰਸ ਪਾਰਟੀ ਵੱਲੋਂ ਇਸ ਹਲਕੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਨ ਦੀ ਸੰਭਾਵਨਾ ਵਧੇਰੇ ਹੈ। ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਜਦੋਂ ਰਾਜਾ ਵੜਿੰਗ ਉਮੀਦਵਾਰ ਸਨ ਤਾਂ ਬੀਬੀ ਅਮ੍ਰਿਤਾ ਵੜਿੰਗ ਨੇ ਪੂਰੇ ਜੋਸ਼ੋ ਖਰੋਸ਼ ਨਾਲ ਚੋਣਾਂ ਵਿੱਚ ਕੰਮ ਕੀਤਾ ਸੀ। ਉਹ ਹਲਕੇ ਦੇ ਹਰ ਪਿੰਡ ਤੱਕ ਪਹੁੰਚੀ ਸੀ ਅਤੇ ਉਸਦੀ ਮਿਠਾਸ ਭਰੀ ਬੋਲੀ ਤੇ ਮਿਹਨਤ ਸਦਕਾ ਔਰਤਾਂ ਵੱਲੋਂ ਉਸਨੂੰ ਬਹੁਤ ਸਹਿਯੋਗ ਤੇ ਸਤਿਕਾਰ ਮਿਲਿਆ ਸੀ। ਉਸ ਚੋਣ ਵਿੱਚ ਸ੍ਰੀ ਵੜਿੰਗ ਨੂੰ ਹਰਾਉਣ ਲਈ ਯਤਨ ਕਰਨ ਵਾਲੇ ਪਾਰਟੀ ਅੰਦਰਲੇ ਕਾਂਗਰਸੀ ਆਗੂ ਵੀ ਹੁਣ ਪਾਰਟੀ ਛੱਡ ਕੇ ਚਲੇ ਗਏ ਹਨ। ਭਾਰਤ ਜੋੜੋ ਯਾਤਰਾ ਨਾਲ ਕਾਂਗਰਸ ਵਿੱਚ ਭਰੇ ਜੋਸ਼ ਦਾ ਵੀ ਲਾਹਾ ਮਿਲਣ ਦੀ ਚੰਗੀ ਸੰਭਾਵਨਾ ਹੈ। ਹਿੰਦੂ ਚਿਹਰੇ ਤੇ ਪਾਰਟੀ ਵਿਚਾਰ ਕਰੇ ਤਾਂ ਸ੍ਰੀ ਰਾਜਨ ਗਰਗ ਦਾ ਨਾਂ ਵੀ ਵਿਚਾਰਿਆ ਜਾ ਸਕਦਾ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਅਮਰਜੀਤ ਸਿੰਘ ਮਹਿਤਾ ਦੀ ਪਾਰਟੀ ਹਾਈਕਮਾਂਡ ਨਾਲ ਬਹੁਤੀ ਨੇੜਤਾ ਦਬਾਅ ਬਣਾ ਰਹੀ ਹੈ, ਜਦ ਕਿ ਨਵਦੀਪ ਸਿੰਘ ਜੀਦਾ ਐਡਵੋਕੇਟ ਪਾਰਟੀ ਦੇ ਹੋਂਦ ਵਿੱਚ ਆਉਣ ਦੇ ਸਮੇਂ ਤੋਂ ਡਟ ਕੇ ਕੰਮ ਕਰਦਾ ਆ ਰਿਹਾ ਹੈ ਅਤੇ ਉਸਦਾ ਲੋਕਾਂ ਵਿੱਚ ਚੰਗਾ ਅਸਰ ਰਸੂਖ ਵੀ ਹੈ, ਉਸਨੂੰ ਅੱਖੋਂ ਪਰੋਖੇ ਕਰਨਾ ਹੀ ਅਸਾਨ ਨਹੀਂ ਹੈ। ਇਹ ਵੀ ਕਿਆਸ ਅਰਾਈਆਂ ਹਨ ਕਿ ਇਸ ਪਾਰਟੀ ਦਾ ਉਮੀਦਵਾਰ ਹਲਕੇ ਦੇ ਬਾਹਰੋਂ ਵੀ ਆ ਸਕਦਾ ਹੈ। ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਦੇ ਉਮੀਦਵਾਰਾਂ ਦੇ ਮੁਕਾਬਲੇ ਤਾਂ ਉਹਨਾਂ ਦੋਵਾਂ ਦਾ ਨਿੱਜੀ ਪ੍ਰਭਾਵ ਘੱਟ ਵਿਖਾਈ ਦਿੰਦਾ ਹੈ, ਪਰ ਮੁੱਖ ਗੱਲ ਇਹ ਹੈ ਕਿ ਇਸ ਹਲਕੇ ਵਿੱਚ ਆਉਣ ਵਾਲੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਹੀ ਇਸ ਪਾਰਟੀ ਦੇ ਵਿਧਾਇਕ ਹਨ। ਸਾਰੇ ਵਿਧਾਇਕ ਹੋਣ ਦਾ ਹੀ ਪਾਰਟੀ ਨੂੰ ਹੌਂਸਲਾ ਮਿਲਦਾ ਹੈ।
ਅਕਾਲੀ ਦਲ ਪਿਛਲੇ ਸਮੇਂ ਵਿੱਚ ਲੱਗੇ ਬੇਅਦਬੀ ਮਾਮਲਿਆਂ ਦੇ ਦੋਸ਼ਾਂ ਨੂੰ ਅਜੇ ਤੱਕ ਧੋ ਨਹੀਂ ਸਕਿਆ। ਭਾਜਪਾ ਵੀ ਤਿੰਨ ਖੇਤੀ ਕਾਨੂੰਨਾਂ ਵਾਲੇ ਕਿਸਾਨ ਵਿਰੋਧ ਸਦਕਾ ਪੂਰੇ ਪੈਰ ਨਹੀਂ ਜਮਾਂ ਸਕੀ, ਉਹ ਹੋਰ ਪਾਰਟੀਆਂ ਨੂੰ ਸ਼ਾਮਲ ਕਰਵਾਉਣ ਤੇ ਹੀ ਟੇਕ ਰੱਖ ਕੇ ਤੁਰ ਰਹੀ ਹੈ। ਆਮ ਆਦਮੀ ਪਾਰਟੀ ਤੇ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰ ਸਕਣਾ ਅੜਿੱਕਾ ਬਣ ਰਿਹਾ ਹੈ। ਕਾਂਗਰਸ ਪਾਰਟੀ ਜੋ ਪਿਛਲੇ ਸਾਲਾਂ ਵਿੱਚ ਸਾਹ ਫਰੋਲਣ ਤੇ ਚਲੀ ਗਈ ਸੀ, ਉਹ ਹੁਣ ਕਾਫ਼ੀ ਹੌਂਸਲੇ ਵਿੱਚ ਵਿਖਾਈ ਦਿੰਦੀ ਹੈ। ਇਸ ਹਲਕੇ ਵਿੱਚ ਖੱਬੀਆਂ ਪਾਰਟੀਆਂ ਦੀ ਵੀ ਕਾਫ਼ੀ ਵੋਟ ਹੈ, ਉਹ ਪਾਰਟੀਆਂ ਖ਼ੁਦ ਚੋਣ ਲੜਦੀਆਂ ਹਨ ਜਾਂ ਕਿਸੇ ਪਾਰਟੀ ਨਾਲ ਗੱਠਜੋੜ ਕਰਦੀਆਂ ਹਨ, ਇਹ ਅਜੇ ਸਪਸ਼ਟ ਨਹੀਂ ਹੈ। ਪਰ ਇਹ ਪਾਰਟੀਆਂ ਜਿੱਤ ਹਾਰ ਦੇ ਫੈਸਲੇ ਵਿੱਚ ਚੰਗਾ ਰੋਲ ਨਿਭਾਉਣ ਦੇ ਸਮਰੱਥ ਹਨ।