ਗੁੱਡ ਨਿਊਜ਼: ਬਾਬਿਆਂ ਦੇ ਦਿਨ ਥੱਲੇ ਆ ਜਾਵੇਗਾ ਲਾਕਡਾਊਨ

ਨਿਊਜ਼ੀਲੈਂਡ ਪ੍ਰਧਾਨ ਮੰਤਰੀ ਵੱਲੋਂ ਐਤਵਾਰ ਦਾ ਲੱਗਿਆ ਲਾਕਡਾਊਨ ਐਤਵਾਰ ਨੂੰ ਹੇਠਾਂ ਕਰਨ ਫੈਸਲਾ

-28 ਫਰਵਰੀ ਤੋਂ ਸਵੇਰੇ 6 ਵਜੇ ਤੋਂ ਔਕਲੈਂਡ ਵਿਚ ਸੀ ਲੈਵਲ-3 ਅਤੇ ਬਾਕੀ ਦੇਸ਼ ਦੇ ਵਿਚ ਚੱਲ ਰਿਹਾ ਸੀ ਲੈਵਲ-2

ਆਕਲੈਂਡ:- ਬੀਤੀ 27 ਫਰਵਰੀ ਨੂੰ ਔਕਲੈਂਡ ਖੇਤਰ ਦੇ ਵਿਚ ਕਮਿਊਨਿਟੀ ਕੇਸਾਂ ਦੇ ਵਿਚ ਲਗਾਤਾਰ ਵਾਧਾ ਹੋਣ ਕਰਕੇ ਨਿਊਜ਼ੀਲੈਂਡ ਸਰਕਾਰ ਫਿਕਰਾਂ ਵਿਚ ਘਿਰ ਗਈ ਸੀ ਅਤੇ ਕੈਬਨਿਟ ਨੇ ਸ਼ਾਮ ਦੀ ਵਿਸ਼ੇਸ਼ ਮੀਟਿੰਗ ਸੱਦੀ ਸੀ। ਇਸ ਮੀਟਿੰਗ ਤੋਂ ਬਾਅਦ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਰਾਤ 9 ਵਜੇ ਇਕ ਵਿਸ਼ੇਸ਼ ਘੋਸ਼ਣਾ ਕਰਕੇ ਔਕਲੈਂਡ ਖੇਤਰ ਦੇ ਵਿਚ ਕੋਵਿਡ ਅਲਰਟ ਲੈਵਲ-3 ਕਰ ਦਿੱਤਾ ਸੀ ਅਤੇ ਨਿਊਜ਼ੀਲੈਂਡ ਦੇ ਬਾਕੀ ਹਿਸਿਆਂ ਵਿਚ ਲਾਕਡਾਊਨ ਲੈਵਲ-2 ਕਰ ਦਿੱਤਾ ਸੀ। ਕਮਿਊਨਿਟੀ ਕਰੋਨਾ ਕੇਸਾਂ ਦੇ ਵਿਚ ਪਿਛਲੇ 5 ਦਿਨਾਂ ਵਿਚ ਕੋਈ ਵਾਧਾ ਨਹੀਂ ਹੋਇਆ ਅਤੇ ਹੁਣ ਤੱਕ 9 ਕੇਸ ਹੀ ਨੋਟ ਕੀਤੇ ਗਏ ਹਨ। ਵਿਦੇਸ਼ੋਂ ਆਏ ਕੇਸਾਂ ਦੀ ਗਿਣਤੀ ਇਸ ਵੇਲੇ 59 ਹੈ ਜੋ ਕਿ ਆਈਸੋਲੇਸ਼ਨ ਦੇ ਵਿਚ ਹਨ।
ਅੱਜ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਨੇ ਇਸ ਸਬੰਧੀ ਦੁਪਹਿਰ 2 ਵਜੇ ਦੁਬਾਰਾ ਵਿਚਾਰ ਕੀਤੀ। ਕਰੋਨਾ ਸਬੰਧੀ ਅੱਪਡੇਟ ਤੋਂ ਪਹਿਲਾਂ ਭੁਚਾਲ ਸਬੰਧੀ ਜਾਣਕਾਰੀ ਦੇਣ ਲਈ ਐਮਰਜੈਂਸੀ ਮੈਨੇਜਮੈਂਟ ਮੰਤਰੀ ਕਿਰੀ ਐਲਨ ਨੇ ਅੱਜ ਸਵੇਰੇ ਆਏ ਭੁਚਾਲ ਅਤੇ ਟੀ ਸੁਨਾਮੀ ਦੇ ਪੈਦਾ ਹੋਏ ਖਤਰੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਤੇ ਲੋਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਸਰਕਾਰੀ ਸਲਾਹ ਦੀ ਪਾਲਣਾ ਕੀਤੀ।

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਸਿਹਤ ਡਾਇਰੈਕਟਰ ਡਾ: ਐਸ਼ਲੇ ਬਲੂਮਫੀਲਡ ਨੇ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤਾ ਕਿ ਹੁਣ ਐਤਵਾਰ ਸਵੇਰੇ 6 ਵਜੇ ਤੇਂ ਔਕਲੈਂਡ ਖੇਤਰ ਦੇ ਵਿਚ ਲੈਵਲ ਪੱਧਰ-2 ਕਰ ਦਿੱਤਾ ਗਿਆ ਹੈ ਅਤੇ ਬਾਕੀ ਦੇਸ਼ ਦੇ ਵਿਚ ਲੈਵਲ-1 ਕਰ ਦਿੱਤਾ ਗਿਆ ਹੈ। ਲੈਵਲ-2 ਦੇ ਦੌਰਾਨ ਵੱਧ ਤੋਂ ਵੱਧ ਗਿਣਤੀ 100 ਰੱਖੀ ਜਾ ਸਕਦੀ ਹੈ। ਇਹ ਲੋਕ ਧਾਰਮਿਕ ਅਸਥਾਨਾਂ, ਫਿਊਨਰਲ ਸੈਂਟਰਾ, ਵਿਆਹ ਅਤੇ ਜਨਮ ਦਿਨ ਆਦਿ ਉਤੇ ਜਾ ਸਕਦੇ ਹਨ। ਲੋਕ ਇਕ ਦੂਜੇ ਦੇ ਪ੍ਰਾਹੁਣੇ ਬਣਕੇ ਜਾ ਸਕਦੇ ਹਨ। ਸਰਕਾਰ ਲੈਵਲ-2 ਇਕ ਹਫਤਾ ਕਰਨ ਤੋਂ ਬਾਅਦ ਦੁਬਾਰਾ ਵਿਚਾਰ ਕਰੇਗੀ ਅਤੇ ਅਲਰਟ ਲੈਵਲ ਤਬਦੀਲ ਕਰਨ ਜਾਂ ਨਾ ਕਰਨ ਬਾਰੇ ਐਲਾਨ ਕਰੇਗੀ। ਐਤਵਾਰ ਨੂੰ ਬਾਬਿਆਂ ਦਾ ਦਿਨ ਆਖਿਆ ਜਾਂਦਾ ਹੈ ਅਤੇ ਲੋਕ ਗੁਰਦੁਆਰਿਆਂ, ਮੰਦਿਰਾਂ ਅਤੇ ਮਸਜਿਦਾਂ ਦੇ ਵਿਚ ਪ੍ਰਾਰਥਨਾਵਾਂ ਵਾਸਤੇ ਜਾ ਸਕਣਗੇ।
ਆਉਂਦੇ ਐਤਵਾਰ ਪੰਜਾਬੀਆਂ ਨੇ ਕਬੱਡੀ ਟੂਰਨਾਮੈਂਟ ਵੀ ਦਿੱਤੇ ਪ੍ਰੋਗਰਾਮ ਅਨੁਸਾਰ ਕਰਾਉਣ ਦਾ ਫੈਸਲਾ ਲਿਆ ਹੈ। ਐਤਵਾਰ ਨੂੰ ਹਮਿਲਟਨ ਵਿਖੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।

Install Punjabi Akhbar App

Install
×