ਰਿਜਨਲ ਵਿਕਟੌਰੀਆ ਅੰਦਰ ਲਾਕਡਾਊਨ ਖ਼ਤਮ, ਕਰੋਨਾ ਦੇ ਨਵੇਂ 20 ਮਾਮਲੇ ਦਰਜ

ਰਿਜਨਲ ਵਿਕਟੌਰੀਆ ਅੰਦਰ ਕਰੋਨਾ ਤੋਂ ਬਚਾਉ ਲਈ ਲਗਾਇਆ ਗਿਆ ਲਾਕਡਾਊਨ, ਬੀਤੀ ਰਾਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ-19 ਦੇ 20 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਾਰੇ ਹੀ ਨਵੇਂ ਮਾਮਲੇ, ਪੁਰਾਣਿਆਂ ਨਾਲ ਹੀ ਜੁੜੇ ਹਨ ਅਤੇ ਇਨ੍ਹਾਂ ਵਿੱਚੋਂ 5 ਵਿਅਕਤੀ ਤਾਂ ਪਹਿਲਾਂ ਹੀ ਕੁਆਰਨਟੀਨ ਵਿੱਚ ਹਨ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 34,892 ਟੈਸਟ ਕੀਤੇ ਗਏ ਹਨ ਅਤੇ 22,670 ਲੋਕਾਂ ਨੂੰ ਕਰੋਨਾ ਦੇ ਟੀਕੇ ਲਗਾਏ ਗਏ ਹਨ।
ਮੈਲਬੋਰਨ ਵਿਚਲੀਆਂ ਚੱਲ ਰਹੀਆਂ ਪਾਬੰਧੀਆਂ ਕਾਰਨ, ਖ਼ਬਰਾਂ ਹਨ ਕਿ ਕੁੱਝ ਲੋਕ ਮੈਲਬੋਰਨ ਤੋਂ ਨਿਕਲ ਕੇ ਦੂਸਰੇ ਖੇਤਰਾਂ ਵਿੱਚ ਜਾਣ ਦੀ ਫਿਰਾਕ ਵਿੱਚ ਹਨ ਅਤੇ ਅਜਿਹੇ ਕੰਮਾਂ ਨੂੰ ਰੋਕਣ ਲਈ 200 ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ ਅਤੇ ਜੇਕਰ ਕੋਈ ਅਜਿਹੀ ਕਾਰਵਾਈ ਕਰਦਾ ਫੜਿਆ ਜਾਂਦਾ ਹੈ ਤਾਂ ਉਸਨੂੰ 5,000 ਡਾਲਰਾਂ ਦਾ ਜੁਰਮਾਨਾ ਕੀਤਾ ਜਾਵੇਗਾ।
ਮੈਲਬੋਰਨ ਵਾਲੇ ਲਾਕਡਾਊਨ ਬਾਰੇ ਗੱਲ ਕਰਦਿਆਂ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਕਿਹਾ ਕਿ ਹਾਲੇ ਸਥਿਤੀਆਂ ਉਪਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਾਲ ਦੀ ਘੜੀ ਇਹ ਕਹਿਣਾ ਉਚਿਤ ਨਹੀਂ ਕਿ ਮੈਲਬੋਰਨ ਦਾ ਲਾਕਡਾਊਨ ਆਉਣ ਵਾਲੇ ਵੀਰਵਾਰ ਨੂੰ ਖ਼ਤਮ ਕੀਤਾ ਜਾਵੇਗਾ।
ਜਿਵੇਂ ਕਿ ਬਾਕੀ ਦੇ ਰਾਜ ਵਿੱਚ ਰੈਸਟੌਰੈਂਟ ਅਤੇ ਸਕੂਲ ਆਦਿ ਖੋਲ੍ਹ ਦਿੱਤੇ ਗਏ ਹਨ ਪਰੰਤੂ ਮੈਲਬੋਰਨ ਵਿੱਚ ਹਾਲੇ ਵੀ ਇਨ੍ਹਾਂ ਉਪਰ ਬੰਦ ਦੀਆਂ ਪਾਬੰਧੀਆਂ ਲਾਗੂ ਹਨ ਅਤੇ ਹੋਰ ਅਦਾਰਿਆਂ ਨੂੰ ਹਦਾਇਤਾਂ ਹਨ ਕਿ ਆਉਣ ਵਾਲਿਆਂ ਦਾ ਪੂਰਾ ਰਿਕਾਰਡ ਦਰਜ ਕੀਤਾ ਜਾਵੇ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×