
(ਦ ਏਜ ਮੁਤਾਬਿਕ) ਸਿਹਤ ਮੰਤਰੀ ਸ੍ਰੀ ਗ੍ਰੈਗ ਹੰਟ ਵੱਲੋਂ ਕਿਹਾ ਗਿਆ ਹੈ ਕਿ ਅਗਲੇ ਮਹੀਨੇ ਫਰਵਰੀ ਵਿੱਚ ਜਦੋਂ ਕਰੋਨਾ ਵੈਕਸੀਨ ਵੰਡਣੀ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਸ ਦੀ ਮਿਕਦਾਰ ਨੂੰ ਜਨਤਕ ਪੱਧਰ ਉਪਰ ਕਾਇਮ ਰੱਖਣ ਵਾਸਤੇ ਹੁਣ ਇਹ ਵੈਕਸੀਨ 5800 ਤੋਂ ਵੀ ਵੱਧ ਆਸਟ੍ਰੇਲੀਆਈ ਫਾਰਮੇਸੀਆਂ ਉਪਰ ਵੀ ਉਪਲੱਭਧ ਹੋਵੇਗੀ। ਫੈਡਰਲ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਐਲਾਨਨਾਮੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਇਸ ਵਾਸਤੇ ਫਾਰਮੇਸੀਆਂ ਨੂੰ ਆਪਣੀ ਇੱਛਾ ਦਾ ਪ੍ਰਗਟਾਵਾ ਕਰਨਾ ਪਵੇਗਾ ਅਤੇ ਇਸ ਵਾਸਤੇ ਬਹੁਤ ਹੀ ਥੋੜ੍ਹੀ ਮਾਤਰਾ ਵਿੱਚ ਕੁੱਝ ਕੁ ਲੋੜੀਂਦੀਆਂ ਗੱਲਾਂ ਦੀ ਪੂਰਤੀ ਕਰਨੀ ਹੋਵੇਗੀ। ਇਸ ਬਾਬਤ ਉਨ੍ਹਾਂ ਇਹ ਵੀ ਕਿਹਾ ਕਿ ਫੇਰਮੇਸੀਆਂ ਇਸ ਵਿੱਚ ਪਹਿਲਾਂ ਤੋਂ ਆਪਣੀ ਇੱਛਾ ਦਾ ਇਜ਼ਹਾਰ ਕਰ ਚੁਕੀਆਂ ਹਨ ਅਤੇ ਆਪਣੀ ਸਮਰੱਥਾ ਅਤੇ ਸਿਖਲਾਈ ਦਾ ਵੀ ਮੁਜ਼ਾਹਰਾ ਕਰ ਚੁਕੀਆਂ ਹਨ। ਆਸਟ੍ਰੇਲੀਆਈ ਫਾਰਮੇਸੀਆਂ ਦੀ ਐਸੋਸਿਏਸ਼ਨ ਦੇ ਪ੍ਰਧਾਨ -ਜੋਰਜ ਟੈਂਬੇਸਿਸ ਨੇ ਕਿਹਾ ਹੈ ਕਿ ਸਰਕਾਰ ਦੀ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਪੂਰਤੀਆਂ ਨੂੰ ਪੂਰਾ ਕਰਨਾ ਫਾਰਮੇਸੀਆਂ ਵਾਸਤੇ ਕੋਈ ਜ਼ਿਆਦਾ ਲੰਬਾ-ਚੌੜਾ ਕੰਮ ਨਹੀਂ ਅਤੇ ਕਿਉਂਕਿ ਉਹ ਅਜਿਹੇ ਮਾਮਲਿਆਂ ਅੰਦਰ ਪੂਰੀ ਸਿਖਲਾਈ ਪ੍ਰਾਪਤ ਹਨ ਤਾਂ ਸਾਫ ਹੈ ਕਿ ਕੋਈ ਵੀ ਦਿੱਕਤ ਪੇਸ਼ ਨਹੀਂ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਅੰਦਰ ਅਜਿਹੀਆਂ ਫਾਰਮੇਸੀਆਂ ਦਾ ਇੱਕ ਵਧੀਆ ਨੈਟਵਰਕ ਹੈ ਅਤੇ ਇਸ ਮਾਧਿਅਮ ਰਾਹੀਂ ਵੀ ਕੋਵਿਡ ਵੈਕਸਿਨ ਦਾ ਵਿਤਰਣ ਕਰਨਾ ਸਰਕਾਰ ਦਾ ਵਧੀਆ ਫੈਸਲਾ ਹੈ ਅਤੇ ਲਾਹੇਵੰਦ ਹੋਣ ਦੇ ਨਾਲ ਨਾਲ ਸਮਾਂ ਬਚਾਊ ਵੀ ਹੈ।