ਲਾਈਵ ਕੁਇਜ਼ ਪ੍ਰੋਗਰਾਮ ਤਹਿਤ ਜੇਤੂਆਂ ਨੂੰ ਮੌਕੇ ‘ਤੇ ਹੀ ਕੀਤਾ ਗਿਆ ਸਨਮਾਨਿਤ

ਕੋਟਕਪੂਰਾ:- ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਕੱਢੇ ਗਏ ਨਗਰ ਕੀਰਤਨ ਦੇ ਮੂਹਰੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਹਿਰ ਕੋਟਕਪੂਰਾ ਦੇ ਗਲੀ-ਮੁਹੱਲਿਆਂ ਅਤੇ ਬਜਾਰਾਂ ‘ਚ ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਵਲੋਂ ਨਿਵੇਕਲੇ ਢੰਗ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਨਾਲ ਸਬੰਧਤ 100 ਸਵਾਲ-100 ਜਵਾਬ (ਲਾਈਵ ਕੁਇਜ਼) ਦਾ ਪ੍ਰੋਗਰਾਮ ਚਲਾਇਆ ਗਿਆ। ਜਥੇਬੰਦੀ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਭਾਵੇਂ ਪਿਛਲੇ ਲੰਮੇ ਸਮੇਂ ਤੋਂ ਨਗਰ ਕੀਰਤਨ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ ਪਰ ਜਥੇਬੰਦੀ ਨੇ ਉਕਤ ਰਵਾਇਤ ਤੋਂ ਹੱਟ ਕੇ ਕੋਈ ਨਿਵੇਕਲਾ ਉਪਰਾਲਾ ਕਰਨ ਦੀ ਕੌਸ਼ਿਸ਼ ਕੀਤੀ ਹੈ। ਉਨਾ ਦੱਸਿਆ ਕਿ ਲਾਈਵ ਕੁਇਜ਼ ਪ੍ਰੋਗਰਾਮ ਰਾਹੀਂ ਰਸਤੇ ‘ਚ ਆਉਂਦੇ ਮਾਰਗ ਅਰਥਾਤ ਗਲੀ-ਮੁਹੱਲਿਆਂ ਅਤੇ ਬਜਾਰਾਂ ‘ਚ ਵੀਰ/ਭੈਣਾ, ਨੌਜਵਾਨਾਂ, ਬੱਚਿਆਂ ਅਤੇ ਬਜੁਰਗਾਂ ਨੂੰ ਗੁਰੂ ਜੀ ਦੀ ਜੀਵਨੀ ਨਾਲ ਸਬੰਧਤ ਸਵਾਲ ਪੁੱਛੇ ਜਾਂਦੇ ਹਨ ਅਤੇ ਸਹੀ ਜਵਾਬ ਦੇਣ ਵਾਲੇ ਨੂੰ ਮੌਕੇ ‘ਤੇ ਹੀ ਸਨਮਾਨਿਤ ਕੀਤਾ ਜਾਂਦਾ ਹੈ। ਵਿਸ਼ੇਸ਼ ਮਹਿਮਾਨ ਇੰਸ. ਸੰਗਤ ਸਿੰਘ ਮੱਕੜ, ਹਰਵਿੰਦਰ ਸਿੰਘ ਬਿੱਟਾ ਅਤੇ ਬਲਜੀਤ ਸਿੰਘ ਖੀਵਾ ਮੁਤਾਬਿਕ ਗੁਰੂ ਨਾਨਕ ਦਾ ਗੁਰੂ ਕੌਣ ਸੀ? ਗੁਰੂ ਨਾਨਕ ਜੀ ਨੇ ਰੱਬ ਦਾ ਸੁਨੇਹਾ ਦੇਣ ਲਈ ਉਦਾਸੀਆਂ, ਪ੍ਰਚਾਰਕ ਦੌਰੇ ਜਾਂ ਕਿਹੜਾ ਰਸਤਾ ਚੁਣਿਆ? ਗੁਰੂ ਨਾਨਕ ਜੀ ਨੇ ਕਰਮਕਾਂਡਾਂ ਖਿਲਾਫ਼ ਕਿਹੜਾ ਤਰਕ ਦਿੱਤਾ? ਆਦਿਕ ਅਜਿਹੇ ਵਰਤਮਾਨ ਸਮੇਂ ‘ਚ ਅਹਿਮੀਅਤ ਰੱਖਣ ਵਾਲੇ ਸਵਾਲਾਂ ਦਾ ਜਵਾਬ ਦੇਣ ਵਾਲਿਆਂ ਨੂੰ ਮੌਕੇ ‘ਤੇ ਸਨਮਾਨਿਤ ਕਰਨ ਦੇ ਨਾਲ-ਨਾਲ ਗੁਰੂ ਨਾਨਕ ਦਾ ਫਲਸਫਾ ਆਪਣੇ ਜੀਵਨ ‘ਤੇ ਲਾਗੂ ਕਰਨ ਦਾ ਵੀ ਸੁਨੇਹਾ ਦਿੱਤਾ ਗਿਆ। ਸਵਾਲ-ਜਵਾਬ ਦੀ ਲੜੀ ‘ਚ ਗੁਰੂ ਨਾਨਕ ਜੀ ਦੇ ਘਰੇਲੂ ਜੀਵਨ, ਵਪਾਰ, ਖੇਤੀਬਾੜੀ, ਮਨੁੱਖਤਾ ਨੂੰ ਸੁਨੇਹਾ, ਵਿਰੋਧੀਆਂ ਨਾਲ ਬਿਬੇਕਸ਼ੀਲ ਵਿਚਾਰਾਂ, ਤਰਕ ਅਤੇ ਦਲੀਲ ਵਾਲੀ ਚਰਚਾ ਬਾਰੇ ਵੀ ਸਵਾਲ ਹੋਏ। ਜਥੇਬੰਦੀ ਦੀ ਟੀਮ ਨੇ ਨਗਰ ਕੀਰਤਨ ਦੌਰਾਨ ਸੰਗਤਾਂ ਲਈ ਭਾਂਤ-ਭਾਂਤ ਦੇ ਲੰਗਰ ਲਾਉਣ ਵਾਲੀਆਂ ਸੇਵਕ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਡਿਸਪੋਜਲ ਬੰਦ ਕਰਨ ਦਾ ਸੁਨੇਹਾ ਦੇਣ ਲਈ ਕੂੜਾ ਚੁੱਕਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਸੀ। ਮੇਜਰ ਅਮਿਤ ਸਰੀਨ ਐਸਡੀਐਮ ਕੋਟਕਪੂਰਾ ਵਲੋਂ ਗਠਿਤ ਕੀਤੀ ਗਈ ‘ਕੋਟਕਪੂਰਾ ਸਿਟੀ ਬਿਊਟੀਫੁੱਲ’ (ਕੇਸੀਬੀ) ਦਾ ਵੀ ਕੂੜਾ ਨਾ ਖਿਲਾਰਨ ਦਾ ਸੁਨੇਹਾ ਦੇਣ ਵਾਲੇ ਉਕਤ ਕਾਰਜ ‘ਚ ਭਰਪੂਰ ਸਹਿਯੋਗ ਰਿਹਾ।