ਜਨਮ ਭੋਏਂ ਤੋਂ ਲਗਾਤਾਰ ਆ ਰਿਹਾ ਚਿਤਾਵਾਂ ਦਾ ਸੇਕ

ਭਾਵੇ ਸਾਡੀ ਕਰਮ ਭੂਮੀ ਆਸਟ੍ਰੇਲੀਆ, ਕਰੋਨਾ ਰੂਪੀ ਮਹਾਂਮਾਰੀ ਤੋਂ ਅੱਜ ਦੀ ਘੜੀ ਮੁਕਤ ਬਰਾਬਰ ਹੀ ਹੈ| ਪਰ ਜੋ ਅੱਗ ਦੀਆਂ ਲਾਟਾਂ ਸਾਡੀ ਜਨਮ ਭੋਏਂ ਤੇ ਮੱਚ ਰਹੀਆਂ ਹਨ ਉਹਨਾਂ ਦਾ ਸੇਕ ਕਾਫੀ ਹੈ ਸਾਨੂੰ ਪ੍ਰਦੇਸ ਬੈਠਿਆਂ ਨੂੰ ਝੁਲਸਣ ਲਈ |
ਮਾਫੀ ਚਾਹੁੰਦਾ ਹਾਂ ਕਿ ਆਮ ਦਿਨਾਂ ਵਿਚ ਵੀ ਬਹੁਤ ਘੱਟ ਮੌਕੇ ਆਉਂਦੇ ਹਨ ਜਦੋਂ ਤੁਹਾਨੂੰ ਆਪਣੀ ਜਨਮ ਭੋਏਂ ਤੋਂ ਕੋਈ ਸੁੱਖ ਦੀ ਕਾਲ ਆਵੇ! ਪਰ ਅੱਜ ਕੱਲ੍ਹ ਤਾਂ ਕੋਈ ਸੋਚ ਵੀ ਨਹੀਂ ਸਕਦਾ ਕਿ ਕੋਈ ਕਾਲ ਸੁੱਖ ਦਾ ਸੁਨੇਹਾ ਲੈ ਕੇ ਆਈ ਹੋਵੇਗੀ। ਇੰਡੀਆ ਦਾ ਨੰਬਰ ਚੁੱਕਣ ਲੱਗਿਆਂ ਹੱਥ ਕੰਬਣ ਲੱਗ ਜਾਂਦੇ ਹਨ| ਜਦੋਂ ਕੋਈ ਸੋਸ਼ਲ ਮੀਡਿਆ ਜਾ ਟੈਲੀਵਿਜ਼ਨ ਦੇਖਦੇ ਹਾਂ ਤਾਂ ਹਰ ਦੂਜੀ ਖਬਰ ਕਿਸੇ ਆਪਣੇ ਦੇ ਜਾਂ ਫੇਰ ਆਪਣਿਆਂ ਦੇ ਕਿਸੇ ਆਪਣੇ ਦੇ ਤੁਰ ਜਾਣ ਦੀ ਹੁੰਦੀ ਹੈ|

ਹਫਤੇ ਕੁ ਦਾ ਕੰਮ ਦੇ ਸਿਲਸਿਲੇ ‘ਚ ਸ਼ਹਿਰੋਂ ਬਾਹਰ ਸੀ ਤੇ ਜਦੋਂ ਕੱਲ੍ਹ ਵਾਪਿਸ ਐਡੀਲੇਡ ਆਇਆ ਤਾਂ ਸਾਰੇ ਦਿਨ ‘ਚ ਪੰਜ ਘਰਾਂ ‘ਚ ਅਫਸੋਸ ਕਰਨ ਹੀ ਜਾ ਸਕਿਆ ਹਾਲੇ ਹੋਰ ਬਹੁਤ ਹਨ ਲਿਸਟ ‘ਚ ਜੋ ਪਿਛਲੇ ਦਿਨਾਂ ‘ਚ ਆਪਣਿਆਂ ਨੂੰ ਗਵਾ ਚੁਕੇ ਹਨ| ਹਰ ਘਰ ‘ਚ ਸੱਟ ਖਾਧੇ ਚਿਹਰਿਆਂ ਤੇ ਲਾਚਾਰ ਭਾਵ ਅਣਗਿਣਤ ਸਵਾਲ ਕਰ ਰਹੇ ਸਨ ਕਿ,
ਕੀ ਇਸ ਨੂੰ ਤਰੱਕੀ ਕਹਿੰਦੇ ਆ?
ਕੀ ਇਹ ਦਿਨ ਦੇਖਣ ਬਾਹਰ ਆਏ ਸੀ?
ਆਪਣਿਆਂ ਦੇ ਅੰਤਿਮ ਦਰਸ਼ਨ ਵੀ ਨਸੀਬ ਨਹੀਂ ਹੋਏ? ਆਦਿ|
ਹੋ ਸਕਦਾ ਇਹ ਦਿਨ ਤੁਹਾਡੀਆਂ-ਸਾਡੀਆਂ ਗ਼ਲਤੀਆਂ ਦੇ ਨਤੀਜੇ ਹੋਣ ? ਪਰ ਸਮੇਂ ਦੇ ਹਾਕਮਾਂ ਮਾਫ਼ੀ ਦੇ ਹੱਕਦਾਰ ਨਹੀਂ ਹਨ|
ਪਾਤਰ ਸਾਹਿਬ ਦੀਆਂ ਇਹ ਸਤਰਾਂ ਕਾਫੀ ਕੁਝ ਬਿਆਨ ਕਰਦਿਆਂ ਹਨ:

ਡੂੰਘੇ ਵੈਣਾਂ ਦਾ ਕੀ ਮਿਣਨਾ
ਤਖਤਾਂ ਦੇ ਪਾਵੇ ਮਿਣੀਏ
ਜਦ ਤੱਕ ਉਹ ਲਾਸ਼ਾਂ ਗਿਣਦੇ ਨੇ
ਆਪਾਂ ਵੋਟਾਂ ਗਿਣੀਏ।
ਚੋਣ ਨਿਸ਼ਾਨ ਸਿਵਾ ਅਸਾਡਾ
ਇਸ ਨੂੰ ਬੁਝਣ ਨਾ ਦੇਈਏ
ਚੁੱਲ੍ਹਿਆਂ ਵਿੱਚੋਂ ਕੱਢ ਕੱਢ ਲੱਕੜਾਂ
ਇਸ ਦੀ ਅੱਗ ਵਿਚ ਚਿਣੀਏ
“ਸੁਰਜੀਤ ਪਾਤਰ”

Install Punjabi Akhbar App

Install
×