ਪੜ੍ਹੇ ਲਿਖੇ ਅਨਪੜ੍ਹ

ਪਟਵਾਰੀਆਂ ਦੇ ਘਰ ਸਵੇਰ ਤੋਂ ਹੀ ਸੋਗ ਛਾਇਆ ਪਿਆ ਸੀ, ਜਿਸਦਾ ਕਾਰਨ ਘਰ ਦੇ ਇਕਲੌਤੇ ਵਾਰਿਸ ਗੁਰਮੀਤ ਦੀ ਘਰਵਾਲੀ ਕੋਲ਼ ਹੋਣ ਵਾਲੀ ਤੀਜੀ ਕੁੜੀ ਦੇ ਭਰੂਣ ਆਪਰੇਸ਼ਨ ਨੂੰ ਲੈਕੇ ਕੇ ਚਲ ਰਹੀ ਲੜਾਈ ਸੀ. ਗੁਰਮੀਤ ਆਪਣੀ ਮਾਂ ਅਤੇ ਘਰਵਾਲੀ ਦੀਆਂ ਦਲੀਲਾਂ ਸੁਣਦਾ ਸੁਣਦਾ ਥੱਕ-ਅੱਕ ਕੇ ਬਾਹਰ ਵੇਹੜੇ ਵਿਚ ਆ ਗਿਆ. ਵੇਹੜੇ ਵਿਚ ਬੈਠਾ ਉਨ੍ਹਾਂ ਦਾ ਸੀਰੀ ਮੱਖਣ ਪਹਿਲਾਂ ਤੋਂ ਹੀ ਗੁਰਮੀਤ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਸੀ. ਗੁਰਮੀਤ ਦੇ ਬਾਹਰ ਆਉਂਦਿਆਂ ਹੀ ਮੱਖਣ ਨੇ ਫੈਸਲਾ ਨੁਮਾ ਮੰਗ ਰੱਖੀ
“ਬਾਈ ਮੈਂ ਕਲ ਨੂੰ ਛੁੱਟੀ ਕਰਨੀ ਐਂ, ਪੱਠੇ ਮੈਂ ਕਲ ਵਾਲੇ ਵੀ ਲੈ ਆਇਆਂ ਪਰ ਪਾਉਣ ਦੀ ਤੇ ਡੰਗਰਾਂ ਨੂੰ ਪਾਣੀ ਵਿਖਾਉਣ ਦੀ ਡਿਊਟੀ ਤੈਨੂੰ ਦੇਣੀ ਪੈਣੀ ਐਂ.” ਗੁਰਮੀਤ ਨੇ ਮਜਬੂਰੀ ਨੁਮਾ ਮਨਜੂਰੀ ਦਿੰਦਿਆਂ ਕਿਹਾ, “ਚੰਗਾ-ਚੰਗਾ, ਕੋਈ ਖਾਸ ਪ੍ਰੋਗਰਾਮ ਲਗਦਾ?” ਬਾਈ ਘਰਵਾਲੀ ਕੋਲ਼ ਕੁੜੀ ਹੋਈ ਐ, ਥੋੜ੍ਹੀ ਢਿੱਲੀ ਸੀ ਤਾਂਹੀ ਕਲ ਨੂੰ ਮਹਿਰੋਂ ਵਾਲੇ ਡਾਕਟਰ ਨੂੰ ਵਿਖਾਉਣ ਜਾਣਾ”. ਮੱਖਣ ਦੇ ਚਿਹਰੇ ਤੇ ਕੁੜੀ ਹੋਣ ਦੇ ਗਮ ਨਾਲੋਂ ਜੁਆਕ ਪੈਦਾ ਹੋਣ ਦੀ ਮਰਦਾਨਾ ਸੰਤੁਸ਼ਟੀ ਜਿਆਦਾ ਝਲਕ ਰਹੀ ਸੀ ਤੇ ਜੇਕਰ ਕੋਈ ਸ਼ਿਕਨ ਸੀ ਤਾਂ ਕੁੜੀ ਦੇ ਬਿਮਾਰ ਹੋਣ ਕਰਕੇ ਸੀ. ਗੁਰਮੀਤ ਨੂੰ ਆਪਣਾ ਪੰਜਾਬ ਯੂਨੀਵਰਸਿਟੀ ਤੋਂ ਸਨਾਤਕ ਹੋਇਆ ਅਕਸ ਸ਼ਰਮਿੰਦਾ ਕਰਨ ਲੱਗਾ ਜੋ ਕੇ ਅਨਪੜ੍ਹ ਮੱਖਣ ਦੀ ਸੋਚ ਅੱਗੇ ਗੋਡੇ ਟੇਕਦਾ ਲੱਗ ਰਿਹਾ ਸੀ. ਮੱਖਣ ਬਿਨਾਂ ਰੁਕੇ ਬੋਲ ਰਿਹਾ ਸੀ, “ਬਾਈ ਹੈ ਤਾਂ ਕੁੜੀ ਪਰ ਹੁੰਦੀ ਤੇ ਰੱਬ ਦਾ ਰੂਪ ਈ ਐ.” ਗੁਰਮੀਤ ਸੁੰਨ ਖੜ੍ਹਾ ਆਪਣੇ ਸਕੂਲ ਕਾਲਜਾਂ ਵਿੱਚ ਲੰਘਾਏ  ਅਠਾਰਾਂ ਸਾਲਾਂ ਦੀ ਮਹੱਤਤਾ ਦਾ ਨਿਘਾਰ  ਹੁੰਦਾ ਮਹਿਸੂਸ ਕਰ ਰਿਹਾ ਸੀ……..

ਬਲਵਾਨ ਬਰਾੜ