ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਬਾਬਾ ਫਰੀਦ ਸਾਹਿਤ ਸਨਮਾਨਾਂ ਦਾ ਐਲਾਨ

ਬਾਬਾ ਫਰੀਦ ਆਗਮਨ ਪੁਰਬ ਮੌਕੇ ਕਵਿਤਾ ਦੇ ਖੇਤਰ ਵਿੱਚ ਪ੍ਰਵਾਸੀ ਕਵੀ ਸ਼ਮੀਲ ਦੀ ਕਿਤਾਬ ‘ਧੂਫ’ ਅਤੇ ਗਲਪ ਦੇ ਖੇਤਰ ਵਿੱਚ ਹਰਪਿੰਦਰ ਰਾਣਾ ਦੇ ਨਾਵਲ ‘ਕੀ ਜਾਣਾ ਮੇਂ ਕੌਣ’ ਨੂੰ 50-50 ਹਜਾਰ, ਸਨਮਾਨ ਚਿੰਨ੍ਹ ਅਤੇ ਲੋਈ ਨਾਲ ਕੀਤਾ ਜਾਵੇਗਾ ਸਨਮਾਨਿਤ।
ਫਰੀਦਕੋਟ 1 ਮਾਰਚ ( ਗੁਰਭੇਜ ਸਿੰਘ ਚੌਹਾਨ ) ਸਾਹਿਤ ਦੇ ਖੇਤਰ ਵਿੱਚ ਪਿਛਲੇ ਸਮੇਂ ਤੋਂ ਵਿਲੱਖਣ ਕੰਮ ਕਰਨ ਵਾਲੀ ਸੰਸਥਾ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ:) ਵੱਲੋਂ ਆਲਮੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਵਿਸ਼ੇਸ਼ ਇਕੱਤਰਤਾ ਸੇਵ ਹਿਊਮੈਨਿਟੀ ਕੰਪਿਊਟਰ ਸੈਂਟਰ ਫਰੀਦਕੋਟ ਵਿਖੇ ਕੀਤੀ ਗਈ। ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿੱਚ ਫਾਊਂਡੇਸ਼ਨ ਦੇ ਸਰਪ੍ਰਸਤ ਮਹੀਪਇੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ‘ਤੇ ਹਾਜਰ ਸਨ।ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਅਤੇ ਗੁਰਅੰਮ੍ਰਿਤਪਾਲ ਸਿੰਘ ਬਰਾੜ ਜਨਰਲ ਸਕੱਤਰ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਬਾਬਾ ਫਰੀਦ ਆਗਮਨ ਪੁਰਬ ਮੌਕੇ ਬਾਬਾ ਫਰੀਦ ਸਾਹਿਤ ਸਨਮਾਨ ਦਿੱਤਾ ਜਾਂਦਾ ਹੈ। ਪਿਛਲੇ ਸਾਲ ਤੋਂ ਇਹਨਾਂ ਸਨਮਾਨਾਂ ਦੀ ਗਿਣਤੀ ਦੋ ਕਰ ਦਿੱਤੀ ਗਈ ਸੀ ਜਿਸ ਵਿੱਚ ਇੱਕ ਸਨਮਾਨ ਕਵਿਤਾ ਅਤੇ ਇੱਕ ਸਨਮਾਨ ਗਲਪ ਦੇ ਖੇਤਰ ਵਿੱਚ ਪੰਜਾਬੀ ਦੀ ਕਿਤਾਬ ਨੂੰ ਚੁਣ ਕੇ ਦਿੱਤਾ ਜਾਣਾ ਸੀ ਪਰੰਤੂ ਕਰੋਨਾ ਮਹਾਂਮਾਰੀ ਕਾਰਨ ਇਹ ਸਨਮਾਨ ਇਸ ਸਾਲ ਕਵਿਤਾ ਦੇ ਖੇਤਰ ਵਿੱਚ ਪ੍ਰਵਾਸੀ ਕਵੀ ਸ਼ਮੀਲ ਦੀ ਕਿਤਾਬ ‘ਧੂਫ’ ਅਤੇ ਗਲਪ ਦੇ ਖੇਤਰ ਵਿੱਚ ਹਰਪਿੰਦਰ ਰਾਣਾ ਦੇ ਨਾਵਲ ‘ਕੀ ਜਾਣਾ ਮੈਂ ਕੌਣ’ ਨੂੰ ਦਿੱਤੇ ਜਾ ਰਹੇ ਹਨ।ਫਾਊਂਡੇਸ਼ਨ ਦੇ ਅਹੁਦੇਦਾਰਾਂ ਅਮਨਪ੍ਰੀਤ ਸਿੰਘ ਭਾਣਾ ਅਤੇ ਅਵਤਾਰ ਸਿੰਘ ਔਲਖ ਨੇ ਦੱਸਿਆ ਕਿ ਇਸ ਵਾਰ ਫਾਊਂਡੇਸ਼ਨ ਕੋਲ 70 ਦੇ ਲਗਭਗ ਕਿਤਾਬਾਂ ਪ੍ਰਾਪਤ ਹੋਈਆਂ ਸਨ ਜਿੰਨ੍ਹਾਂ ਨੂੰ ਮਾਹਿਰਾਂ ਦੁਆਰਾ ਪੜ੍ਹਨ ਉਪਰੰਤ ਉਪਰੋਕਤ ਕਿਤਾਬਾਂ ਨੂੰ ਸਨਮਾਨਾਂ ਲਈ ਚੁਣਿਆ ਗਿਆ ਹੈ। ਫਾਊਂਡੇਸ਼ਨ ਦੇ ਸਲਾਹਕਾਰ ਰਾਜਪਾਲ ਸਿੰਘ ਹਰਦਿਆਲੇਆਣਾ ਅਤੇ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਕਵੀ ਸ਼ਮੀਲ ਦੀ ਕਿਤਾਬ ‘ਧੂਫ’ ਦੀ ਕਾਵਿਕ ਲੈਅ, ਵਿਸ਼ੇ ਦੀ ਨਿਵੇਕਲੀ ਸੁਰ ਅਤੇ ਖਿਆਲਾਂ ਦਾ ਕੁਦਰਤੀ ਵਹਾਅ ਇਸਨੂੰ ਕਵਿਤਾ ਵਿੱਚ ਬੇਜੋੜ ਸਾਬਤ ਕਰਦਾ ਹੈ। ਇਸੇ ਤਰ੍ਹਾਂ ਹਰਪਿੰਦਰ ਰਾਣਾ ਦੇ ਨਾਵਲ ਵਿੱਚ ਵਿਸ਼ੇ ਦਾ ਨਿਭਾਅ, ਵਹਾਅ ਅਤੇ ਇੱਕ ਪੂਰੀ ਨਸਲ ਦੀ ਪੀੜ ਦਾ ਗੰਭੀਰ ਚਿਤਰਨ ਇਸਨੂੰ ਸਮਕਾਲੀ ਗਲਪ ਵਿੱਚ ਵਿਸ਼ੇਸ਼ਤਾ ਦਿੰਦਾ ਹੈ।ਨਿਮਰਤਪਾਲ ਸਿੰਘ ਢਿੱਲੋਂ ਅਤੇ ਸਤਵਿੰਦਰ ਸਿੰਘ ਅਰਾਈਆਂਵਾਲਾ ਨੇ ਦੱਸਿਆ ਕਿ ਕਵਿਤਾ ਦੇ ਖੇਤਰ ਵਿਚ ਦਿੱਤਾ ਜਾਣ ਵਾਲੇ ਸਨਮਾਨ ਰਾਜਪਾਲ ਸਿੰਘ ਸੰਧੂ ਹਰਦਿਆਲਾਆਣਾ ਦੇ ਸਮੂਹ ਸੰਧੂ ਪਰਿਵਾਰ ਦੇ ਸਹਿਯੋਗ ਨਾਲ ਦਿੱਤਾ ਜਾ ਰਿਹਾ ਹੈ।ਸਨਮਾਨ ਵਿੱਚ ਹਰ ਕਿਤਾਬ ਨੂੰ 50 ਹਜਾਰ ਰੁਪਏ, ਸਨਮਾਨ ਚਿੰਨ੍ਹ ਅਤੇ ਲੋਈ ਸ਼ਾਮਲ ਹੈ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜਰ ਰਹੇ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਰਾੜ ਅਤੇ ਜਸਪ੍ਰੀਤ ਸਿੰਘ ਪ੍ਰਧਾਨ ਨੇ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਫੋਟੋ- ਬਾਬਾ ਫਰੀਦ ਸਾਹਿਤ ਸਨਮਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਪਤਵੰਤੇ।

Install Punjabi Akhbar App

Install
×