ਪੱਛਮੀ ਆਸਟ੍ਰੇਲੀਆ ਨੇ ਕੋਵਿਡ 19 ਦੇ ਚਲਦਿਆਂ ਸੀਮਿਤ ਕੀਤੀ ਸ਼ਰਾਬ ਦੀ ਵਿਕਰੀ

(ਐਸ.ਬੀ.ਐਸ.) ਪੱਛਮੀ ਆਸਟ੍ਰੇਲੀਆ ਨੇ ਕੋਵਿਡ 19 ਦੇ ਚਲਦਿਆਂ ਸ਼ਰਾਬ ਦੀ ਵਿਕਰੀ ਵਾਸਤੇ ਨਵੀਆਂ ਤਾਕੀਦਾਂ ਨੂੰ ਜਾਰੀ ਕਰਦਿਆਂ ਸ਼ਰਾਬ ਦੀ ਵਿਕਰੀ ਸੀਮਿਤ ਕਰ ਦਿੱਤੀ ਹੈ ਅਤੇ ਇਹ ਕਦਮ ਚੁੱਕਣ ਵਾਲਾ ਮੁਲਕ ਦਾ ਪਹਿਲਾ ਸੂਬਾ ਬਣ ਗਿਆ ਹੈ। ਹਰ ਇੱਕ ਦੁਕਾਨ ਉਪਰ ਜੇ ਕੋਈ ਗ੍ਰਾਹਕ ਸ਼ਰਾਬ ਲੈਣ ਜਾਂਦਾ ਹੈ ਤਾਂ ਉਸਨੂੰ ਇੱਕ ਪੇਟੀ ਬੀਅਰ, ਸਾਈਡਰ ਜਾਂ ਪਰੀ ਮਿਕਸਡ ਸਪਿਰਿਟ, ਜਾਂ ਤਿੰਨ ਬੋਤਲਾਂ ਵਾਈਨ, ਇੱਕ ਲਿਟਰ ਸਪਿਰਿਟ, ਇੱਕ ਲਿਟਰ ਫੋਰਟੀਫਾਈਡ ਵਾਈਨ ਜਾਂ ਕੋਈ ਵੀ ਦੋ ਵਸਤੂਆਂ ਅਲੱਗ ਅਲੱਗ ਲੈਣ ਦੀ ਸੀਮਾ ਤੈਅ ਕੀਤੀ ਗਈ ਹੈ। ਆਦੇਸ਼ਾਂ ਦੀ ਪਾਲਣਾ ਨਾ ਕਰਨ ਤੇ ਕਾਨੂੰਨੀ ਕਾਰਵਾਈ ਅਤੇ ਦੰਡ ਦਾ ਪ੍ਰਾਵਧਾਨ ਵੀ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੱਛਮੀ ਆਸਟ੍ਰੇੇਲੀਆ ਦੇ ਪੁਲਿਸ ਕਮਿਸ਼ਨਰ ਚੈਰਿਸ ਡਾਅਸਨ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਜੇ ਲੋਕਾਂ ਨੇ ਸ਼ਰਾਬ ਦੀਆਂ ਦੁਕਾਨਾਂ ਉਪਰ ਹੋ-ਹੱਲਾ ਮਚਾਇਆ ਤਾਂ ਜ਼ਰੂਰੀ ਕਦਮ ਚੁੱਕੇ ਜਾ ਸਕਦੇ ਹਨ। ਇਹ ਸੀਮਾ ਹਰ ਦੋ ਹਫ਼ਤਿਆਂ ਬਾਅਦ ਮੁੜ ਤੋਂ ਵਿਚਾਰ ਅਧੀਨ ਹੋਵੇਗੀ। ਜ਼ਿਕਰਯੋਗ ਹੈ ਕਿ ਪੱਛਮੀ ਆਸਟ੍ਰੇਲੀਆ ਅੰਦਰ ਬੀਤੇ ਮੰਗਲਵਾਲ ਤੱਕ ਕਰੋਨਾ ਦੇ 35 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਮਰੀਜ਼ਾਂ ਦੀ ਗਿਣਤੀ ਵੱਧ ਕੇ 175 ਨੂੰ ਛੋਹ ਗਈ ਹੈ।