ਲਿਖਾਰੀ ਸਭਾ ਸਾਦਿਕ ਵਲੋਂ ਕੌਮਾਂਤਰੀ ਮਾਤ ਭਾਸ਼ਾ ਨੂੰ ਸਮਰਪਿਤ ਕਵੀ ਦਰਬਾਰ

(ਤਸਵੀਰ ਗੁਰਭੇਜ ਸਿੰਘ ਚੌਹਾਨ)

(ਫਰੀਦਕੋਟ) ਲਿਖਾਰੀ ਸਭਾ ਸਾਦਿਕ ( ਰਜਿ: ) ਸੇਖੋਂ ਵਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਰਾਮਗੜ੍ਹੀਆ ਭਵਨ ਦੇ ਵਿਹੜੇ ਵਿਚ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਮਨਜੀਤ ਪੁਰੀ ਜਿਲ੍ਹਾ ਭਾਸ਼ਾ ਅਫਸਰ ਫਰੀਦਕੋਟ ਸਨ ਅਤੇ ਪ੍ਰਧਾਨਗੀ ਸ: ਜਨਜੀਤਪਾਲ ਸਿੰਘ ਸੇਖੋਂ ਚੇਅਰਮੈਨ ਪੰਜਾਬ ਗਰੁੱਪ ਆਫ ਇੰਸਟੀਚਿਊਟਸ ਨੇ ਕੀਤੀ। ਇਸ ਸਮਾਗਮ ਵਿਚ ਵਿਸ਼ੇਸ਼ ਸੱਦੇ ਤੇ ਬੁਲਾਏ ਗਏ ਕਵੀਆਂ, ਨਵਪ੍ਰੀਤ ਨਵੀ, ਜਸਵਿੰਦਰ ਔਲਖ, ਵਰਿੰਦਰ ਔਲਖ, ਇਕਬਾਲ ਘਾਰੂ, ਰਾਜ ਹਰੀ ਕੇ, ਪ੍ਰੀਤੀ ਬਬੂਟਾ, ਸੁਖਬੀਰ ਮੁਹੱਬਤ, ਪ੍ਰੀਤ ਜੱਗੀ, ਜਗਸੀਰ ਜੀਦਾ, ਪ੍ਰਮੋਦ ਕਾਫਿਰ, ਵਿਜੇ ਵਿਵੇਕ ਤੋਂ ਇਲਾਵਾ, ਪੰਜਾਬੀ ਸਾਹਿਤ ਸਭਾ ਫਰੀਦਕੋਟ, ਕਲਮਾਂ ਦੇ ਰੰਗ ਫਰੀਦਕੋਟ, ਸ਼ਬਦ ਸਾਂਝਾ ਮੰਚ ਫਰੀਦਕੋਟ, ਸਾਹਿਤ ਸਭਾ ਗੁਰੂਹਰਸਹਾਏ ਆਦਿ ਵੱਖ ਵੱਖ ਸਭਾਵਾਂ ਤੋਂ ਵੀ ਕਵੀ ਸੱਜਣਾਂ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੁੱਖ ਮਹਿਮਾਨ ਸ਼੍ਰੀ ਮਨਜੀਤ ਪੁਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇਕ ਅਧਿਕਾਰੀ ਨਾਲੋਂ ਕਵੀ ਕਹਾਉਣਾ ਵਧੇਰੇ ਚੰਗਾ ਲੱਗਦਾ ਹੈ। ਮੇਰੀ ਦਿਲੀ ਇੱਛਾ ਹੈ ਕਿ ਮੈਂ ਹਮੇਸ਼ਾ ਕਵੀ ਵਜੋਂ ਹੀ ਜਾਣਿਆਂ ਜਾਂਦਾ ਰਹਾਂ। ਸ: ਜਨਜੀਤਪਾਲ ਸਿੰਘ ਸੇਖੋਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਦੁਨੀਆਂ ਦੇ ਬਹੁਤ ਮੁਲਕ ਘੁੰਮ ਲਏ ਹਨ ਪਰ ਪੰਜਾਬ ਵਰਗਾ ਕੋਈ ਨਹੀਂ। ਮੈਨੂੰ ਵਿਦੇਸ਼ਾਂ ਤੋਂ ਮੇਰੀ ਜਨਮ ਭੂਮੀ ਦਾ ਮੋਹ ਖਿੱਚ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਪਹਿਲਾਂ ਮੁਗਲਾਂ, ਫੇਰ ਅੰਗਰੇਜ਼ਾਂ ਨੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਹੋਰ ਧਾੜਵੀਆਂ ਦੀ ਇਸ ਤੇ ਅੱਖ ਹੈ ਪਰ ਪਤਾ ਨਹੀਂ ਕਿਉਂ ਸਾਡੇ ਬੱਚੇ ਇਸ ਧਰਤੀ ਦਾ ਮੋਹ ਤਿਆਗਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ। ਜਿਸ ਨਾਲ ਉਹ ਮਾਤ ਭਾਸ਼ਾ ਤੋਂ ਵੀ ਦੂਰ ਹੋ ਰਹੇ ਹਨ। ਇਸ ਸਮਾਗਮ ਦਾ ਮੰਚ ਸੰਚਾਲਨ ਸੱਚਦੇਵ ਗਿੱਲ ਨੇ ਕੀਤਾ ਅਤੇ ਆਏ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਸਭਾ ਦੇ ਪ੍ਰਧਾਨ ਤੇਜਿੰਦਰ ਬਰਾੜ ਘੁੱਦੂਵਾਲਾ ਨੇ ਕੀਤਾ। ਇਸ ਮੌਕੇ ਮਹਿਮਾਨਾਂ ਅਤੇ ਕਵੀਆਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।