ਨਿੱਤ ਦੇ ਨਾਕਿਆਂ ਦਾ ਆਮ ਜਨ ਜੀਵਨ ਤੇ ਅਸਰ ਪੈਣਾ ਸ਼ੁਰੂ

Sikh-protesters-at-Bauhri-Chowk-Tarn-Taran-750x500ਪਿਛਲੇ ਦਿਨੀ ਪਿੰਡ ਬਰਗਾੜੀ ਚ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਅਤੇ ਪਿੰਡ ਬਹਿਬਲ ਚ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਨੌਜਵਾਨਾ ਤੋਂ ਬਾਅਦ ਜ਼ਜਬਾਤੀ ਹੋਈ ਸਿੱਖ ਸੰਗਤ ਵਿਚ ਪੂਰੇ ਪੰਜਾਬ ਅਤੇ ਇਸਤੋਂ ਬਾਅਦ ਦੂਸਰੇ ਸੂਬਿਆਂ ਵਿਚ ਫੈਲ ਰਹੇ ਰੋਸ ਕਾਰਨ ਸੜਕਾਂ ਤੇ ਨਾਕੇ ਅਤੇ ਧਰਨੇ ਲਾਕੇ ਠੱਪ ਕੀਤੀ ਜਾ ਰਹੀ ਆਵਾਜਾਈ ਦਾ ਅਸਰ ਹੁਣ ਹਰ ਤਰਾਂ ਦੇ ਕਾਰੋਬਾਰ ਤੇ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਦਬਵੀਂ ਜ਼ਬਾਨ ਵਿਚ ਲੋਕ ਹੁਣ ਇਸਤੇ ਕਿੰਤੂ ਪ੍ਰੰਤੂ ਵੀ ਕਰਨ ਲੱਗੇ ਹਨ। ਇਸ ਘਟਨਾ ਦੇ ਵਾਪਰਨ ਤੋਂ ਲੈ ਕੇ ਬਹੁਤ ਸਾਰੇ ਵਿੱਦਿਅਕ ਅਦਾਰੇ ਬੰਦ ਪਏ ਹਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਦਿਹਾੜੀਦਾਰ ਅਤੇ ਨੌਕਰੀਪੇਸ਼ਾ ਲੋਕ ਅਤੇ ਹੋਰ ਜਰੂਰੀ ਕੰਮ ਕਾਰ ਲਈ ਜਾਣ ਵਾਲੇ ਲੋਕ ਰਾਹੋਂ ਕੁਰਾਹ ਪੈ ਕੇ ਮੁਸ਼ਕਿਲ ਨਾਲ ਆਪਣੀ ਮੰਜ਼ਲ ਤੇ ਪਹੁੰਚਦੇ ਹਨ। ਇਨ੍ਹਾਂ ਨਾਕਿਆਂ ਤੋਂ ਬਰਾਤਾਂ, ਮਰੀਜ਼ਾਂ, ਪੱਤਰਕਾਰਾਂ, ਅਖਬਾਰਾਂ ਵਾਲੀਆਂ ਗੱਡੀਆਂ, ਕਿਸਾਨਾਂ ਦੀਆਂ ਝੋਨੇ ਦੀਆਂ ਟਰਾਲੀਆਂ, ਜਰੂਰੀ ਵਸਤਾਂ ਦੀ ਢੋਆ ਢੁਆਈ ਵਾਲੇ ਵਹੀਕਲਾਂ ਅਤੇ ਬੈਂਕ ਦੀਆਂ ਕੈਸ਼ ਵਾਲੀਆਂ ਵੈਨਾਂ ਨੂੰ ਵੀ ਨਹੀਂ ਲੰਘਣ ਦਿੱਤਾ ਜਾਂਦਾ, ਜਿਸ ਕਰਕੇ ਬੈਂਕਾਂ ਵਿਚ ਕੈਸ਼ ਖਤਮ ਹੋ ਗਿਆ ਹੈ ਅਤੇ ਲੋਕਾਂ ਦਾ ਲੈਣ ਦੇਣ ਰੁਕ ਗਿਆ ਹੈ। ਛੋਟੀਆਂ ਮੋਟੀਆਂ ਅਦਾਇਗੀਆਂ ਨੂੰ ਛੱਡਕੇ ਬੈਂਕ ਲੱਖਾਂ ਦੀਆਂ ਅਦਾਇਗੀਆਂ ਤੋਂ ਹੱਥ ਖੜ੍ਹੇ ਕਰ ਗਏ ਹਨ, ਜਿਸ ਨਾਲ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਮੰਡੀਆਂ ਵਿਚ ਬਾਰਦਾਨਾਂ ਪਹੁੰਚਣ ਅਤੇ ਮਾਲ ਦੀ ਢੋਆ ਢੁਆਈ ਤੇ ਵੀ ਅਸਰ ਪਿਆ ਹੈ। ਜਿੱਥੇ ਵਿਆਹ ਸ਼ਾਦੀਆਂ ਵਾਲੇ ਲੋਕਾਂ ਨੂੰ ਖਰੀਦੋ ਫਰੋਖਤ ਵਿਚ ਸਮੱਸਿਆ ਖੜ੍ਹੀ ਹੋ ਗਈ ਹੈ, ਉੱਥੇ ਕਿਸਾਨਾਂ ਨੂੰ ਕਣਕ ਦੇ ਖੇਤਾਂ ਦੀ ਤਿਆਰੀ ਲਈ ਖਾਦ, ਬੀਜ , ਡੀਜ਼ਲ ਖਰੀਦਣ ਦਾ ਫਿਕਰ ਵੀ ਪੈ ਗਿਆ ਹੈ ਅਤੇ ਜੇਕਰ ਇਹ ਰੋਸ ਧਰਨਿਆਂ ਦਾ ਕੋਈ ਹੱਲ ਨਾ ਹੋਇਆ ਤਾਂ ਕਿਸਾਨਾ ਦੀ ਕਣਕ ਦੀ ਬਿਜਾਈ ਵੀ ਪ੍ਰਭਾਵਿਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਦੋਂ ਕਿ ਕਿਸਾਨ ਪਹਿਲਾਂ ਹੀ ਵੱਡੀਆਂ ਸਮੱਸਿਆਵਾਂ ਵਿਚ ਘਿਰਿਆ ਹੋਇਆ ਹੈ। ਇਸ ਕਾਰਨ ਬਾਜ਼ਾਰਾਂ ਵਿਚ ਨਿੱਤ ਵਰਤੋਂ ਦੀਆਂ  ਚੀਜ਼ਾਂ ਦੀ ਵੀ ਥੁੜ ਮਹਿਸੂਸ ਹੋਣ ਲੱਗੀ ਹੈ ਅਤੇ ਇਸਦੀਆਂ ਕੀਮਤਾਂ ਵਿਚ ਵੀ ਉਛਾਲ ਆ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਇਹ ਅੰਦੋਲਨ ਹੁਣ ਆਪ ਮੁਹਾਰਾ ਹੋ ਗਿਆ ਹੈ ਅਤੇ ਇਸਤੇ ਕਿਸੇ ਵੀ ਧਾਰਮਿਕ ਜਾਂ ਰਾਜਨੀਤਕ ਜੱਥੇਬੰਦੀ ਦੀ ਪਕੜ ਨਹੀਂ ਰਹੀ। ਇਨ੍ਹਾਂ ਧਰਨਿਆਂ ਵਿਚ ਆਮ ਲੋਕ ਸ਼ਾਮਲ ਹੋ ਰਹੇ ਹਨ ਅਤੇ ਇਨ੍ਹਾਂ ਦੀ ਗਿਣਤੀ ਦਿਨ ਬਦਿਨ ਵਧਦੀ ਜਾ ਰਹੀ ਹੈ। ਇਨ੍ਹਾਂ ਧਰਨਿਆਂ ਵਿਚ ਬੱਚੇ, ਨੌਜਵਾਨ ਅਤੇ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ। ਰੋਜ਼ਾਨਾ ਹੀ ਕਿਤੇ ਨਾ ਕਿਤੇ ਕੋਈ ਨਵੀਂ ਘਟਨਾ ਸੁਣਨ ਨੂੰ ਮਿਲਣ ਕਾਰਨ ਇਸ ਅੰਦੋਲਨ ਦੇ ਲੰਮੇਂ ਹੋ ਜਾਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਲੋਕ ਸਰਕਾਰ ਅਤੇ  ਹੋਰ ਧਾਰਮਿਕ ਸ਼ਖਸ਼ੀਅਤਾਂ ਦੀਆਂ ਅਪੀਲਾਂ ਦਲੀਲਾਂ ਤੋਂ ਮੁਨਕਰ ਹੋ ਚੁੱਕੇ ਹਨ ਅਤੇ ਪ੍ਰਸ਼ਾਸ਼ਨਿਕ ਢਾਂਚਾ  ਵੀ ਉੱਖੜਿਆ ਹੋਇਆ ਨਜ਼ਰ ਆ ਰਿਹਾ ਹੈ।

Install Punjabi Akhbar App

Install
×