ਜੀਵਨ ਬਚਾਉ ਐਂਬੁਲੈਂਸ ਵਾਸਤੇ 10 ਮਿਲੀਅਨ ਡਾਲਰ ਜਾਰੀ

ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣੇ 2020-21 ਦੇ ਬਜਟ ਵਿੱਚ ਜਨਤਕ ਪੱਧਰ ਉਪਰ ਦਿਲ ਜਾਂ ਦਿਮਾਗ ਦੇ ਸਟਰੋਕ ਹੋਣ ਵਾਲੇ ਮਰੀਜ਼ਾਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਲਈ ‘ਜੀਵਨ ਬਚਾਉ ਐਂਬੁਲੈਂਸ’ ਵਾਸਤੇ 10 ਮਿਲੀਅਨ ਡਾਲਰ ਜਾਰੀ ਕੀਤੇ ਹਨ। ਉਕਤ ਰਾਸ਼ੀ ਐਮ.ਐਸ.ਯੂ. (ਮੋਬਾਇਲ ਸਟਰੋਕ ਯੂਨਿਟ) ਦੀਆਂ ਐਂਬੁਲੈਂਸਾਂ ਉਪਰ ਨਿਵੇਸ਼ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਰਾਜ ਅੰਦਰ ਵੱਧ ਰਹੀਆਂ ਸਟਰੋਕ ਦੀਆਂ ਪ੍ਰਸਥਿਤੀਆਂ ਕਾਰਨ ਅਜਿਹਾ ਫੈਸਲਾ ਲਿਆ ਗਿਆ ਹੈ ਤਾਂ ਜੋ ਲੋੜ ਪੈਣ ਤੇ ਮੌਕੇ ਤੇ ਹੀ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇ ਕੇ ਲੋੜੀਂਦੇ ਹਸਪਤਾਲ ਅੰਦਰ ਜੇਰੇ ਇਲਾਜ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਯੋਰਪ ਅਤੇ ਅਮਰੀਕਾ ਵਿੱਚ ਅਜਿਹੀਆਂ ਐਂਬੁਲੈਂਸਾਂ ਦੇ ਸਖ਼ਲ ਪਰੀਖਣ ਹੋਏ ਹਨ ਅਤੇ ਉਥੇ ਅਜਿਹੀਆਂ ਐਂਬੁਲੈਂਸਾਂ ਦਾ ਇਸਤੇਮਾਲ ਆਮ ਹੋ ਰਿਹਾ ਹੈ। ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਵਿੱਚ ਇਸ ਪ੍ਰਾਜੈਕਟ ਦਾ ਪਾਇਲਟ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਸੇਵਾ ਆਨਲਾਈਨ ਵੀ ਉਪਲੱਭਧ ਹੋਵੇਗੀ ਅਤੇ ਇਸ ਜੀਵਨ ਬਚਾਉ ਲਈ ਮੁੱਢਲੀ ਸਹਾਇਤਾ ਦੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਦਵਾਈਆਂ ਮੌਜੂਦ ਹੋਣਗੀਆਂ। ਇਸ ਵਿੱਚੋਂ ਸੀ.ਟੀ. ਸਕੈਨ ਸਬੰਧਤ ਅਧਿਕਾਰੀਆਂ ਕੋਲ ਪਹੁੰਚਾਇਆ ਜਾਵੇਗਾ ਅਤੇ ਸਬੰਧਤ ਅਧਿਕਾਰੀ ਅਤੇ ਮਾਹਿਰ ਇੱਕ ਦਮ ਆਪਣੀ ਰਾਇ ਦੇਣਗੇ ਕਿ ਮਰੀਜ਼ ਨੂੰ ਕਿਹੋ ਜਿਹੀ ਗੰਭੀਰਤਾ ਨਾਲ ਸਟਰੋਕ ਹੋਇਆ ਹੈ ਅਤੇ ਉਸਨੂੰ ਫੌਰੀ ਤੌਰ ਤੇ ਕਿੱਦਾਂ ਦੇ ਮੁੱਢਲੇ ਇਲਾਜ ਦੀ ਜ਼ਰੂਰਤ ਹੈ ਤਾਂ ਜੋ ਉਸ ਦੀ ਜਾਨ ਨੂੰ ਹੋਣ ਵਾਲੇ ਖ਼ਤਰੇ ਨੂੰ ਟਾਲ਼ਿਆ ਜਾ ਸਕੇ ਅਤੇ ਉਹ ਸਹੀ ਸਲਾਮਤ ਹਸਪਤਾਲ ਅੰਦਰ ਪਹੁੰਚ ਜਾਵੇ। ਉਨ੍ਹਾਂ ਕਿਹਾ ਕਿ ਇਸ ਤਕਨਾਲੋਜੀ ਨੂੰ ਜਨਤਕ ਤੌਰ ਤੇ ਲਾਗੂ ਕਰਨ ਵਿੱਚ 2022 ਤੱਕ ਦਾ ਸਮਾਂ ਲੱਗ ਸਕਦਾ ਹੈ ਪਰੰਤੂ ਇਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਸਟਰੋਕ ਦੇ ਮਾਹਿਰ ਡਾ. ਅਤੇ ਫਾਊਂਡੇਸ਼ਨ ਦੇ ਮੁਖ ਕਾਰਜਕਾਰੀ ਅਫ਼ਸਰ ਸ਼ੇਰਨ ਮੈਕਗੋਵਨ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਦਮ ਹੈ ਅਤੇ ਇਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ ਕਿਉਂਕਿ ਜਦੋਂ ਕਿਸੇ ਨੂੰ ਸਟਰੋਕ ਹੁੰਦਾ ਹੈ ਤਾਂ ਪ੍ਰਤੀ ਮਿਨਟ ਦੇ ਹਿਸਾਬ ਨਾਲ ਉਸ ਵਿਅਕਤੀ ਦੇ ਸਰੀਰ ਵਿੱਚੋਂ 1.9 ਮਿਲੀਅਨ ਦਿਮਾਗ ਦੇ ਸੈਲ ਮਾਰੇ ਜਾਂਦੇ ਹਨ ਅਤੇ ਜੇਕਰ ਸਹੀ ਜਗ੍ਹਾ ਉਪਰ, ਸਹੀ ਸਮੇਂ ਅੰਦਰ, ਸਹੀ ਸਲਾਹ ਅਤੇ ਮੁੱਢਲਾ ਇਲਾਜ ਮਿਲ ਜਾਵੇ ਤਾਂ ਫੇਰ ਜ਼ਿੰਦਗੀਆਂ ਦੇ ਖ਼ਤਰੇ ਨੂੰ ਟਾਲ਼ਿਆ ਜਾ ਸਕਦਾ ਹੈ।

Install Punjabi Akhbar App

Install
×