ਨਿਊਜ਼ੀਲੈਂਡ ਦੇ ਵਿਚ ਪੰਜਾਬੀਆਂ ਦੇ ਪ੍ਰਵਾਸ ਸਬੰਧੀ ਭਾਵੇਂ ਪਹਿਲਾਂ ਵੀ ਕੁਝ ਪੁਸਤਕਾਂ ਉਪਲਬਧ ਹਨ, ਪਰ ਹੁਣ ਇਕ ਹੋਰ ਪੁਸਤਕ ‘ਦਾ ਲੈਗਅਸੀ: ‘ਦਾ ਲਾਈਫ ਆਫ ਬਰਮ (ਵਰਿਆਮ) ਸਿੰਘ ਅੜਕ’ ਜੋ ਕਿ ਨਿਊਜ਼ੀਲੈਂਡ ਦੇ ਵਿਚ 1913 ਦੇ ਵਿਚ ਪਹੁੰਚੇ ਸ. ਵਰਿਆਮ ਸਿੰਘ ਅੜਕ (ਪਿੰਡ ਮੱਲਪੁਰ ਅੜਕਾਂ, ਜ਼ਿਲ੍ਹਾ ਭਗਤ ਸਿੰਘ ਨਗਰ) ਬਾਰੇ ਉਨ੍ਹਾਂ ਦੀ ਪੋਤਰੀ ਮਿੰਧੋ ਕੌਰ ਬੋਲਾ (ਐਮ. ਕੇ. ਬੋਲਾ) ਵੱਲੋਂ ਲਿਖੀ ਗਈ ਹੈ, ਇਥੇ ਦੀਆਂ ਰਾਸ਼ਟਰੀ ਲਾਇਬ੍ਰੇਰੀਆਂ ਦੇ ਵਿਚ ਉਪਲਬਧ ਹੋ ਗਈ ਹੈ। 291 ਸਫਿਆਂ ਦੀ ਇਸ ਕਿਤਾਬ ਦੇ ਵਿਚ ਸਵ. ਵਰਿਆਮ ਸਿੰਘ ਅਤੇ ਹੋਰ ਪੰਜਾਬੀਆਂ ਦੇ ਨਿਊਜ਼ੀਲੈਂਡ ਦੇ ਵਿਚ ਹੋਏ ਪ੍ਰਵਾਸ, ਕੀਤੀਆਂ ਸਖਤ ਮਿਹਨਤਾਂ, ਸਫਲਤਾ ਦੀਆਂ ਕਹਾਣੀਆਂ, ਖੇਤੀਬਾੜੀ ਤੇ ਬਾਗਬਾਨੀ ਦੇ ਵਿਚ ਮਾਰੀਆਂ ਮੱਲਾਂ ਬਾਰੇ ਵਿਸਥਾਰ ਦੇ ਨਾਲ ਚਾਨਣਾ ਪਾਇਆ ਗਿਆ ਹੈ। ਸਵ. ਵਰਿਆਮ ਸਿੰਘ ਜੋ ਕਿ ਪਹਿਲਾਂ 1912 ਦੇ ਵਿਚ ਫੀਜ਼ੀ ਦੇਸ਼ ਗਏ ਅਤੇ ਫਿਰ 1913 ਦੇ ਵਿਚ ਨਿਊਜ਼ੀਲੈਂਡ ਆਏ ਸਨ। 1920 ਦੇ ਵਿਚ ਉਨ੍ਹਾਂ ਦੇ ਪਰਿਵਾਰ ਵਿਚੋਂ ਤਿੰਨ ਵੱਡੇ ਪੁੱਤਰ ਚੰਨਣ ਸਿੰਘ, ਫੁੰਮਣ ਸਿੰਘ ਅਤੇ ਚੈਨ ਸਿੰਘ ਇਥੇ ਪੁਹੰਚੇ ਅਤੇ ਫਿਰ ਦੋ ਛੋਟੇ ਪੁੱਤਰ 1925 ਦੇ ਵਿਚ ਇਥੇ ਪਹੁੰਚੇ ਸਨ। ਇਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ 1950 ਦੇ ਵਿਚ ਇਥੇ ਆਉਣੇ ਸ਼ੁਰੂ ਹੋਏ ਸਨ।
ਸਵ. ਵਰਿਆਮ ਸਿੰਘ 7 ਜੂਨ 1950 ਨੂੰ ਇਥੇ ਆਪਣਾ ਰਸਦਾ ਵਸਦਾ ਪਰਿਵਾਰ ਛੱਡ ਗਏ ਹਨ ਜਿਹੜਾ ਕਿ ਅੱਜਕੱਲ੍ਹ ਹਜ਼ਾਰਾਂ ਖੇਤਾਂ ਦਾ ਮਾਲਕ ਹੈ ਅਤੇ ਡੇਅਰੀ ਫਾਰਮਿੰਗ ਦੇ ਵਿਚ ਮੋਹਰੀ ਨਾਂਅ ਰੱਖਦਾ ਹੈ। ਅੜਕ ਪਰਿਵਾਰ ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਆਪਣੇ ਪਰਿਵਾਰ ਦੇ 100 ਸਾਲ ਦੇ ਜਸ਼ਨ ਮਨਾ ਰਿਹਾ ਹੈ। ਇੰਗਲਿਸ਼ ਦੇ ਵਿਚ ਲਿਖੀ ਗਈ ਇਸ ਕਿਤਾਬ ਦਾ ਨਿਊਜ਼ੀਲੈਂਡ ਦੀਆਂ ਰਾਸ਼ਟਰੀ ਲਾਈਬ੍ਰੇਰੀਆਂ ਦੇ ਮੌਜੂਦ ਹੋਣਾ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਅਪ੍ਰੈਲ ਮਹੀਨੇ ਲੰਡਨ ਵਿਖੇ ਹੋਣ ਵਾਲੇ ‘ਲੰਡਨ ਬੁੱਕ ਫੇਅਰ’ ਦੇ ਵਿਚ ਇਹ ਕਿਤਾਬ ਸ਼ਾਮਿਲ ਕੀਤੀ ਗਈ ਹੈ।