ਹੜ੍ਹ ਦੀ ਮਾਰ ਹੇਠਾਂ ਆਏ ਲੋਕਾਂ ਲਈ ਲਾਈਸੰਸ ਫੀਸਾਂ ਦੀ ਛੋਟ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਅਤੇ ਬੈਟਰ ਰੈਗੁਲੇਸ਼ਨ ਮੰਤਰੀ ਕੇਵਿਨ ਐਂਡਰਸਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਅਜਿਹੇ ਖੇਤਰਾਂ ਦੇ ਲੋਕਾਂ -ਜੋ ਕਿ ਹਾਲ ਵਿੱਚ ਹੀ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ, ਲਈ 35 ਤਰ੍ਹਾਂ ਦੇ ਅਲੱਗ ਅਲੱਗ ਸੇਫ ਵਰਕ ਅਤੇ ਫੇਅਰ ਟ੍ਰੇਡਿੰਗ ਆਦਿ ਦੇ ਲਾਈਸੰਸਾਂ ਨੂੰ ਲਦਲਾਉਣ ਆਦਿ ਲਈ ਲਗਾਈ ਜਾਣ ਵਾਲੀ ਫੀਸ ਮੁਆਫੀ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਵੈਸੇ ਤਾਂ ਪਹਿਲਾਂ 2019-20 ਦੀ ਬੁਸ਼ਫਾਇਰ, ਫੇਰ ਹੜ੍ਹ ਅਤੇ ਜਦੋਂ ਦਾ ਆਹ ਕਰੋਨਾ ਆਇਆ ਹੈ ਉਦੋਂ ਦੀ ਹੀ ਕੰਮ ਧੰਦਿਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਦਾ ਹੇਠਲੇ ਤਬਕਿਆਂ ਦੇ ਨਾਲ ਨਾਲ ਸਾਰਿਆਂ ਉਪਰ ਹੀ ਅਸਰ ਪੈਣਾ ਲਾਜ਼ਮੀ ਹੈ ਤੇ ਹੁਣ ਤਾਂ ਹਾਲ ਦੇ ਹੜ੍ਹਾਂ ਨੇ ਵੀ ਲੋਕਾਂ ਦਾ ਕਾਫੀ ਨੁਕਸਾਨ ਕੀਤਾ ਹੈ। ਇਸੇ ਵਾਸਤੇ ਸਰਕਾਰ ਨੇ ਇਹ ਕਦਮ ਚੁਕਿਆ ਹੈ ਕਿ ਇਸ ਨਾਲ ਲੋਕਾਂ ਨੂੰ ਥੋੜ੍ਹੀ ਬਹੁਤ ਮਾਲੀ ਰਾਹਤ ਦਿੱਤੀ ਜਾਵੇ।
ਸ੍ਰੀ ਐਂਡਰਸਨ ਨੇ ਲੋਕਾਂ ਨੂੰ ਚਿਤਾਵਨੀ ਭਰੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਲੋਕਾਂ ਨੇ ਆਪਣੇ ਘਰਾਂ ਦੇ ਛੋਟੇ ਮੋਟੇ ਜਾਂ ਵੱਡੇ ਮੁਰੰਮਤ ਆਦਿ ਦੇ ਕੰਮ ਕਰਵਾਉਣੇ ਹੋਣ ਤਾਂ ਸਿਰਫ ਅਤੇ ਸਿਰਫ ਲਾਈਸੰਸ ਧਾਰਕਾਂ ਕੋਲੋਂ ਹੀ ਕਰਵਾਉਣ ਅਤੇ ਥੋੜ੍ਹੇ ਜਿਹੇ ਪੈਸੇ ਬਚਾਉਣ ਦੀ ਖਾਤਰ ਗੈਰ-ਲਾਇਸੰਸ ਧਾਰਕਾਂ ਦੇ ਧੱਕੇ ਨਾ ਚੜ੍ਹਨ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਨਿਰਮਾਣ ਆਦਿ ਦੇ ਲਾਇਸੰਸ ਦਿੱਤੇ ਜਾਂਦੇ ਹਨ ਉਨ੍ਹਾਂ ਦੇ ਕੰਮ ਦੇ ਤਜੁਰਬਿਆਂ ਦੀ ਪੂਰੀ ਜਾਂਚ ਪੜਤਾਲ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੂਰਨ ਸਿਖਲਾਈ ਵੀ ਦਿੱਤੀ ਗਈ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਅੰਦਰ ਜੇਕਰ ਕਿਸੇ ਘਰੇਲੂ ਕੰਮ ਜਾਂ ਮੁਰੰਮਤ ਆਦਿ ਦੀ ਲਾਗਤ 5,000 ਡਾਲਰਾਂ ਤੋਂ ਜ਼ਿਆਦਾ ਹੈ ਤਾਂ ਕੇਵਲ ਲਾਈਸੰਸ ਧਾਰਕ ਹੀ ਅਜਿਹੇ ਕੰਮਾਂ ਦੇ ਕੰਟ੍ਰੈਕਟ ਹਾਸਿਲ ਕਰਨ ਦੇ ਯੋਗ ਹੁੰਦੇ ਹਨ। ਅਤੇ ਇਸ ਵਾਸਤੇ ਸਰਕਾਰ ਨੇ ਇੱਕ ਐਪ ਵੀ ਜਾਰੀ ਕੀਤੀ ਹੋਈ ਹੈ ਜਿਸ ਰਾਹੀਂ ਕਿ ਲਾਈਸੰਸ ਧਾਰਕ ਕੰਟ੍ਰੈਕਟਰ ਦੀ ਪੂਰੀ ਜਾਣਕਾਰੀ ਉਸਦੇ ਵੇਰਵੇ ਸਹਿਤ ਦਰਜ ਹੁੰਦੀ ਹੈ ਅਤੇ ਪ੍ਰਮਾਣਿਕ ਕੀਤੀ ਜਾ ਸਕਦੀ ਹੈ। ਜ਼ਿਆਦਾ ਜਾਣਕਾਰੀ ਵਾਸਤੇ https://www.safework.nsw.gov.au/news/safework-public-notice/licence-fees-waived-for-flood-impacted-communities ਉਪਰ ਅਤੇ ਜਾਂ ਫੇਰ https://www.fairtrading.nsw.gov.au/news-and-updates/news/licence-fees-waived-for-flood-impacted-communities ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×