ਪਿੰਡਾਂ ਵਿੱਚ ਵੱਡੇ ਪੱਧਰ ਤੇ ਹੋ ਰਿਹਾ ਲਾਇਬ੍ਰੇਰੀਆਂ ਖੋਲਣ ਦਾ ਕਾਰਜ

ਬਠਿੰਡਾ – ਜਿਹੜੀਆਂ ਕੌਮਾਂ ਕਿਤਾਬਾਂ ਨੂੰ ਮੁਹੱਬਤ ਨਹੀਂ ਕਰਦੀਆਂ, ਉਹ ਬਹੁਤੀ ਦੇਰ ਤੱਕ ਜਿੰਦਾ ਨਹੀਂ ਰਹਿ ਸਕਦੀਆਂ, ਕਿਉਂਕਿ ਪੁਸਤਕਾਂ ਕੌਮਾਂ ਦਾ ਰਾਹ ਰੁਸ਼ਨਾਉਂਦੀਆਂ ਹਨ। ਕਿਤਾਬਾਂ ਰਾਹੀਂ ਗਿਆਨ ਇਨਸਾਨ ਦੇ ਦਿਮਾਗ ਤੱਕ ਪਹੁੰਚਦਾ ਹੈ। ਇਸ ਗਿਆਨ ਨੂੰ ਪਹੁੰਚਾਉਣ ਲਈ ਹੀ ਸਾਹਿਤ ਰਚਿਆ ਜਾਂਦਾ ਹੈ ਅਤੇ ਫੇਰ ਲੋਕਾਂ ਤੱਕ ਪਹੁੰਚਦਾ ਕਰਨ ਲਈ ਲਾਇਬ੍ਰੇਰੀਆਂ ਖੋਹਲੀਆਂ ਜਾਂਦੀਆਂ ਹਨ। ਪੰਜਾਬ ਵਿੱਚ ਸਦੀਆਂ ਤੋਂ ਲਾਇਬ੍ਰੇਰੀਆਂ ਦਾ ਰਿਵਾਜ ਬਣਿਆ ਹੋਇਆ ਹੈ, ਪਰ ਕੁੱਝ ਸਾਲ ਪਹਿਲਾਂ ਇਸ ਰਿਵਾਜ ਵਿੱਚ ਕੁੱਝ ਗਿਰਾਵਟ ਆ ਗਈ ਸੀ। ਹੁਣ ਫੇਰ ਲਾਇਬ੍ਰੇਰੀਆਂ ਖੋਲਣ ਦਾ ਕਾਰਜ ਵੱਡੇ ਪੱਧਰ ਤੇ ਹੋ ਰਿਹਾ ਹੈ। ਸਕੂਲਾਂ ਤੋਂ ਇਲਾਵਾ ਪੰਚਾਇਤਾਂ ਜਾਂ ਨੌਜਵਾਨ ਕਲੱਬਾਂ ਵੱਲੋਂ ਵੀ ਲਾਇਬ੍ਰੇਰੀਆ ਖੋਹਲ ਕੇ ਗਿਆਨ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ।
ਅਜਿਹੀ ਹੀ ਇੱਕ ਲਾਇਬ੍ਰੇਰੀ ਇਸ ਜਿਲ੍ਹੇ ਦੇ ਪਿੰਡ ਫੂਸ ਮੰਡੀ ਵਿਖੇ ਚਲਾਈ ਜਾ ਰਹੀ ਹੈ, ਜਿਸਦਾ ਪ੍ਰਬੰਧ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਹੈ। ਲਾਇਬ੍ਰੇਰੀ ਦੀ ਦਿੱਖ, ਉਸ ਵਿੱਚ ਰੱਖੀਆਂ ਪੁਸਤਕਾਂ ਅਤੇ ਸਾਂਭ ਸੰਭਾਲ ਤਸੱਲੀਬਖ਼ਸ ਹੈ। ਪਿੰਡ ਦੇ ਨੌਜਵਾਨ ਲੜਕੇ ਲੜਕੀਆਂ ਇੱਥੋਂ ਪੁਸਤਕਾਂ ਲਿਜਾਂਦੇ ਹਨ ਅਤੇ ਉਹਨਾਂ ਦੀ ਪੜ੍ਹਣ ਦੀ ਰੁਚੀ ਸਦਕਾ ਉਹ ਨਸ਼ਿਆਂ ਜਾਂ ਹੋਰ ਕੁਰੀਤੀਆਂ ਤੋਂ ਦੂਰ ਹੋ ਰਹੇ ਹਨ। ਇਸ ਲਾਇਬ੍ਰੇਰੀ ਲਈ ਪੰਚਾਇਤ ਵੱਲੋਂ ਆਪਣੇ ਖ਼ਰਚੇ ਤੇ ਕਿਤਾਬਾਂ ਖਰੀਦੀਆਂ ਜਾਂਦੀਆਂ ਹਨ ਅਤੇ ਦਾਨ ਵਜੋਂ ਵੀ ਕਿਤਾਬਾਂ ਪਹੁੰਚ ਰਹੀਆਂ ਹਨ।
ਬੀਤੇ ਦਿਨ ਗੁਰਮਿਲਾਪ ਸਿੰਘ ਭੁੱਲਰ ਬੀ ਟੀ ਐੱਮ ਖੇਤੀਬਾੜੀ ਵਿਭਾਗ ਨੇ ਅੱਧੀ ਦਰਜਨ ਪੁਸਤਕਾਂ ਪਿੰਡ ਦੇ ਸਰਪੰਚ ਸ੍ਰ: ਗੁਰਤੇਜ ਸਿੰਘ ਤੇ ਪੰਚ ਹਰਪ੍ਰੀਤ ਸਿੰਘ ਨੂੰ ਦਾਨ ਵਜੋਂ ਸੌਂਪੀਆਂ। ਇਹਨਾਂ ਵਿੱਚ ਜਗਮੇਲ ਸਿੰਘ ਰਠੌਲ ਦਾ ਨਾਵਲ ਏਹ ਕੇਹੀ ਜੱਨਤ, ਬਲਵਿੰਦਰ ਸਿੰਘ ਭੁੱਲਰ ਦੀਆਂ ਤਿੰਨ ਪੁਸਤਕਾਂ ਕਹਾਣੀ ਸੰਗ੍ਰਹਿ ਜੇਹਾ ਬੀਜੈ ਸੋ ਲੁਣੇ, ਸ਼ਬਦ ਚਿੱਤਰਾਂ ਦੀ ਪੁਸਤਕ ਉਡਾਰੀਆਂ ਭਰਦੇ ਲੋਕ, ਪਾਕਿਸਤਾਨੀ ਸਫ਼ਰਨਾਮਾ ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ, ਮੇਘ ਰਾਜ ਮਿੱਤਰ ਦੀ ਪੁਸਤਕ ਸੰਕਾ ਨਵਿਰਤੀ, ਕਰਨੈਲ ਸਿੰਘ ਐੱਮ ਏ ਦੀ ਪੁਸਤਕ ਸੰਤਾਂ ਮਹਾਂਪੁਰਸ਼ਾਂ ਦਾ ਜੀਵਨ ਨੇ ਘਾਲਨਾਵਾਂ, ਦਮਜੀਤ ਦਰਸਨ ਦਾ ਕਾਵਿ ਸੰਗ੍ਰਹਿ ਬਨਵਾਸ ਸ਼ਾਮਲ ਸਨ। ਇਸ ਮੌਕੇ ਸਰਪੰਚ ਸ੍ਰ: ਗੁਰਤੇਜ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਨੌਜਵਾਨਾਂ ਵਿੱਚ ਪੜ੍ਹਣ ਦੀ ਰੁਚੀ ਪੈਦਾ ਕਰਨ ਲਈ ਯਤਨ ਕਰ ਰਹੇ ਹਨ ਅਤੇ ਲਾਇਬ੍ਰੇਰੀ ਦੇ ਖੇਤਰ ਨੂੰ ਹੋਰ ਪਿੰਡਾਂ ਤੱਕ ਵਧਾਉਣ ਦਾ ਵੀ ਯਤਨ ਕਰਨਗੇ।

Install Punjabi Akhbar App

Install
×