ਖਤਰਾ ਡੈਲਟਾ ਦਾ…. ਨਿਊਜ਼ੀਲੈਂਡ ’ਚ ਦੁਬਾਰਾ ਕਰੋਨਾ ਤਾਲਾਬੰਦੀ ਪੱਧਰ-4 ਲਾਗੂ ਹੋਇਆ, ਸਕੂਲ ਅਤੇ ਬਿਜਨਸ ਬੰਦ

ਔਕਲੈਂਡ :-ਨਿਊਜ਼ੀਲੈਂਡ ਦੇ ਵਿਚ ਕਾਫੀ ਸਮੇਂ ਤੋਂ ਇਕ ਵੀ ਕਰੋਨਾ ਕੇਸ ਆਮ ਜਨਤਾ ਦੇ ਵਿਚ ਨਹੀਂ ਸੀ, ਜਿਸ ਨੂੰ ਕਮਿਊਨਿਟੀ ਕੇਸ ਕਿਹਾ ਜਾਂਦਾ ਹੈ। ਅੱਜ ਇਕ ਨਵਾਂ ਕੇਸ ਆਉਣ ਦੇ ਨਾਲ ਹੀ ਸਰਕਾਰ ਨੇ ਪੂਰੇ ਦੇਸ਼ ਦੇ ਵਿਚ ਤਿੰਨ ਦਿਨ ਦੇ ਲਈ ਕਰੋਨਾ ਤਾਲਾਬੰਦੀ ਪੱਧਰ-4 ਲਾਗੂ ਕਰ ਦਿੱਤਾ ਹੈ। ਇਹ ਤਾਲਾਬੰਦੀ ਪੱਧਰ ਲਗਪਗ ਇਕ ਸਾਲ ਬਾਅਦ ਲਗਾਇਆ ਗਿਆ ਹੈ।  ਔਕਲੈਂਡ ਅਤੇ ਇਥੇ ਦੇ ਨਾਲ ਹੀ ਇਕ ਹੋਰ ਇਲਾਕੇ ਕੋਰੋਮੰਡਲ ਦੇ ਵਿਚ ਇਹ ਤਾਲਾਬੰਦੀ 7 ਦਿਨ ਤੱਕ ਲਾਗੂ ਰਹੇਗੀ। ਇਹ ਹੁਕਮ ਅੱਜ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਨੇ ਸ਼ਾਮ 6 ਵਜੇ ਕੀਤਾ ਅਤੇ ਰਾਤ 12 ਵਜੇ ਤੋਂ ਇਹ ਲਾਗੂ ਹੋ ਗਿਆ।
ਇਹ ਨਵਾਂ ਕੇਸ ਔਕਲੈਂਡ ਸ਼ਹਿਰ ਦੇ ਡੈਵੋਨਪੋਰਟ ਇਲਾਕੇ ਦੇ 58 ਸਾਲਾ ਮਰਦ ਦਾ ਹੈ। ਇਸ ਵਿਅਕਤੀ ਦਾ ਸਬੰਧ ਸਰਹੱਦ ਦੇ ਨਾਲ ਸਿੱਧੇ ਰੂਪ ਵਿਚ ਸਾਹਮਣੇ ਨਹੀਂ ਆਇਆ ਅੱਗੇ ਜਾਂਚ ਪੜ੍ਹਤਾਲ ਚੱਲ ਰਹੀ ਹੈ। ਸਿਹਤ ਵਿਭਾਗ ਦੇ ਨਿਰਦੇਸ਼ਕ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਉਹ ਵਿਅਕਤੀ ਅਤੇ ਉਸ ਦੀ ਪਤਨੀ ਨੇ ਪਿਛਲੇ ਸ਼ੁੱਕਰਵਾਰ ਨੂੰ ਕੋਰੋਮੰਡਲ ਟਾਊਨਸ਼ਿਪ ਦੀ ਯਾਤਰਾ ਕੀਤੀ ਅਤੇ ਹਫ਼ਤੇ ਦੇ ਅੰਤ ਵਿੱਚ ਉੱਥੇ ਰਹੇ। ਸ਼ੱਕ ਹੈ ਕਿ ਉਹ ਇਸ ਯਾਤਰਾ ਦੌਰਾਨ ਕਰੋਨਾ ਗ੍ਰਸਤ ਹੋ ਗਿਆ ਸੀ। ਇਸ ਕਰੋਨਾ ਪੀੜਤ ਆਦਮੀ ਨੂੰ ਟੀਕਾ ਨਹੀਂ ਲੱਗਿਆ ਹੋਇਆ ਹੈ, ਪਰ ਉਸ ਦੀ ਪਤਨੀ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਹੈ। ਨਿਊਜ਼ੀਲੈਂਡ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਬੰਦ ਰਹਿਣਗੇ। ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ। ਲੋਕ ਸਿਰਫ ਸੁਪਰਮਾਰਕੀਟ, ਡੇਅਰੀ, ਫਾਰਮੇਸੀ ਅਤੇ ਇਲਾਜ ਵਾਸਤੇ ਹਸਪਤਾਲ ਆਦਿ ਜਾ ਸਕਦੇ ਹਨ। ਲੋਕ ਕਸਰਤ ਆਪਣੇ ਨੇੜੇ ਹੀ ਕਰ ਸਕਦੇ ਹਨ। ਘਰ ਤੋਂ ਬਾਹਰ ਨਿਕਲਣ ਲਈ ਮਾਸਕ ਜਰੂਰੀ ਕਰ ਦਿੱਤਾ ਗਿਆ ਹੈ। ਲੋਕਾਂ ਦੇ ਬਾਹਰ ਦੂਸਰੇ ਸ਼ਹਿਰਾਂ ਵੱਲ ਜਾਣ ਉਤੇ ਪਾਬੰਦੀ ਲਾ ਦਿੱਤੀ ਹੈ। ਕੋਈ ਇਕੱਠ ਨਹੀਂ ਹੋ ਸਕੇਗਾ। ਸਾਰੇ ਬਿਜਨਸ ਬੰਦ ਹਨ। ਜਨਤਕ ਟਰਾਂਸਪੋਰਟ ਜਰੂਰ ਚਲਦੀ ਰਹੇਗੀ, ਪਰ ਜਰੂਰੀ ਕੰਮਾਂ ਵਾਸਤੇ। 18 ਅਤੇ 19 ਅਗਸਤ ਨੂੰ ਟੀਕਾਕਰਣ ਵੀ ਬੰਦ ਕਰ ਦਿੱਤਾ ਗਿਆ ਹੈ। ਘਰੇਲੂ ਉਡਾਣਾ ਘਰ ਵਾਪਸੀ ਵਾਸਤੇ ਵਰਤੀਆਂ ਜਾ ਸਕਣਗੀਆਂ ਅੰਤਰਾਸ਼ਟਰੀ ਫਲਾਈਟ  ਹੈ ਤਾਂ ਏਅਰਪੋਰਟ ਜਾਣ ਲਈ ਟਿਕਟ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਵਿਖਾਈ ਜਾ ਸਕੇ।

Welcome to Punjabi Akhbar

Install Punjabi Akhbar
×