
ਸਬੰਧਤ ਵਿਭਾਗਾਂ ਦੇ ਮੰਤਰੀ ਮੈਲਿੰਡਾ ਪਾਵੇ ਨੇ ਜਾਣਕਾਰੀ ਸਾਂਝੀ ਕਰਦਿਆਂ ਐਲਾਨ ਕੀਤਾ ਹੈ ਕਿ ਪ੍ਰਸ਼ਾਸਨ ਨੇ ਗ੍ਰੇਟਰ ਸਿਡਨੀ, ਬਲਿਊ ਮਾਊਂਟੇਨਜ਼ ਅਤੇ ਇਲਾਵਾਰਾ ਵਿੱਚ ਜਿਹੜੀਆਂ ਪਾਣੀ ਦੇ ਇਸਤੇਮਾਲ ਸਬੰਧੀ ਪਾਬੰਧੀਆਂ ਲਗਾਈਆਂ ਹੋਈਆਂ ਸਨ, ਅੱਜ ਦਿਸੰਬਰ ਦੀ 1 ਤਾਰੀਖ ਤੋਂ ਉਹ ਚੁੱਕੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਬੰਧੀਆਂ ਦੌਰਾਨ ਲੋਕਾਂ ਨੇ ਪੂਰਨ ਸਹਿਯੋਗ ਦਿੱਤਾ ਅਤੇ ਇਸ ਨਾਲ 77 ਗਿਗਾਲਿਟਰ ਪਾਣੀ ਦੀ ਬਚਤ ਹੋਈ ਜਿਨ੍ਹਾਂ ਦੀ ਤੁਲਨਾ 31,000 ਓਲੰਪਿਕ ਸਟਾਈਲ ਤਰਨ-ਤਾਲਾਂ ਨਾਲ ਵੀ ਕੀਤੀ ਜਾ ਸਕਦੀ ਹੈ। ਬੀਤੇ ਮਾਰਚ ਦੇ ਮਹੀਨੇ ਤੋਂ ਹੁਣ ਤੱਕ 7.5% ਪਾਣੀ ਦੇ ਇਸਤੇਮਾਲ ਵਿੱਚ ਕਮੀ ਦਰਜ ਕੀਤੀ ਗਈ ਹੈ। ਹੁਣ ਆਉਣ ਵਾਲੇ 12 ਮਹੀਨਿਆਂ ਤੱਕ ਕਾਮਨ ਸੈਂਸ (ਪਾਣੀ ਨੂੰ ਬਰਬਾਦ ਨਾ ਕਰਨ ਬਾਰੇ ਬੁਨਿਆਦੀ ਗਿਆਨ ਅਤੇ ਅਕਲ ਦੀ ਵਰਤੋਂ) ਨਾਲ ਹੀ ਚੱਲਿਆ ਜਾਵੇਗਾ ਅਤੇ ਲੋਕਾਂ ਨੂੰ ਪਾਣੀ ਦੀ ਸਾਂਭ ਸੰਭਾਲ ਵਾਸਤੇ ਲਗਾਤਾਰ ਪ੍ਰੇਰਿਆ ਜਾਂਦਾ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਵਿੱਚ ਹੀ ਜਿਹੜੀ ਗਰਮ ਹਵਾ ਬੀਤੇ ਸ਼ੁਕਰਵਾਰ ਅਤੇ ਸ਼ਨਿਚਰਵਾਰ ਨੂੰ ਚੱਲੀ ਸੀ ਉਸ ਦੌਰਾਨ ਹੀ 3.7 ਗਿਗਾਲਿਟਰ ਪਾਣੀ ਦੀ ਖਪਤ ਹੋ ਗਈ ਸੀ ਅਤੇ ਇਸ ਨਾਲ ਸਿੱਧਾ ਅਸਰ ਪਾਣੀ ਦੇ ਡੈਮਾਂ ਉਪਰ ਹੀ ਪੈਂਦਾ ਹੈ। ਉਕਤ ਪਾਬੰਧੀਆਂ ਨਾ ਲਗਾਈਆਂ ਜਾਂਦੀਆਂ ਤਾਂ ਫੇਰ ਹਰ ਰੋਜ਼ ਦੀ ਜਿਹੜੀ ਤਕਰੀਬਨ 65 ਮਿਲੀਅਨ ਲਿਟਰ ਦੀ ਡਿਮਾਂਡ ਪਾਣੀ ਦੀ ਰਹਿੰਦੀ ਹੈ, ਉਹ ਪੂਰੀ ਨਹੀਂ ਸੀ ਕੀਤੀ ਜਾ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਾਲ ਵਿੱਚ ਪਹਿਲਾਂ ਸੌਕਾ, ਉਸ ਤੋਂ ਬਾਅਦ ਬੁਸ਼ਫਾਇਰ, ਫੇਰ ਹੜ੍ਹ ਅਤੇ ਹੁਣ ਆਹ ਕਰੋਨਾ ਦੀ ਮਾਰ ਨੇ ਕਾਫੀ ਕੁੱਝ ਬਦਲ ਦਿੱਤਾ ਹੈ ਅਤੇ ਸਾਨੂੰ ਹਰ ਕਦਮ ਫੂੰਕ ਫੂੰਕ ਕੇ ਰੱਖਣਾ ਪੈ ਰਿਹਾ ਹੈ। ਹੁਣ ਬਗੀਚਿਆਂ ਆਦਿ ਨੂੰ ਪਾਣੀ ਦੇਣ ਲਈ ਸਵੇਰੇ 10 ਵਜੇ ਤੋਂ ਪਹਿਲਾਂ ਅਤੇ ਸ਼ਾਮ 4 ਵਜੇ ਤੋਂ ਬਾਅਦ ਵਰਤਿਆ ਜਾ ਸਕਦਾ ਹੈ ਅਤੇ ਇਨ੍ਹਾਂ ਲਈ ਵਧੀਆ ਕਿਸਮਾਂ ਦੇ ਹੋਜ਼ ਪਾਈਪਾਂ ਜਾਂ ਹੱਥਾਂ ਵਾਲੇ ਫਵਾਰਿਆਂ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।