ਵੈਨਕੂਵਰ ਸਿਟੀ ਕੌਂਸਲ ਵੱਲੋਂ ਭਾਰਤੀ ਕਿਸਾਨਾਂ ਦੇ ਸੰਘਰਸ਼ ਦਾ ਸਮੱਰਥਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬੀ.ਸੀ. ਪ੍ਰੀਮੀਅਰ ਜੋਹਨ ਹੌਰਗਨ ਨੂੰ ਭੇਜੇ ਲਿਖਤੀ ਪੱਤਰ

ਸਰੀ, 24 ਅਪ੍ਰੈਲ 2021- ਵੈਨਕੂਵਰ ਸਿਟੀ ਕੌਂਸਲ ਵੱਲੋਂ ਭਾਰਤੀ ਕਿਸਾਨਾਂ ਦੇ ਸੰਘਰਸ਼ ਦਾ ਸਮੱਰਥਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬੀ.ਸੀ. ਦੇ ਪ੍ਰੀਮੀਅਰ ਜੋਹਨ ਹੌਰਗਨ ਨੂੰ ਲਿਖਤੀ ਪੱਤਰ ਭੇਜੇ ਗਏ ਹਨ ਅਤੇ ਇਨ੍ਹਾਂ ਪੱਤਰਾਂ ਵਿਚ ਕੈਨੇਡਾ ਦੇ ਦੋਹਾਂ ਆਗੂਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਕੈਨੇਡਾ ਸਰਕਾਰ, ਭਾਰਤ ਵਿਚ ਚੱਲ ਰਹੇ ਕਿਸਾਨਾਂ ਦੇ ਸ਼ਾਂਤੀਪੂਰਣ ਵਿਰੋਧ ਪ੍ਰਦਰਸ਼ਨ, ਸੰਘਰਸ਼ ਸਬੰਧੀ ਭਾਰਤ ਸਰਕਾਰ ਨੂੰ ਆਪਣੀ ਚਿੰਤਾ ਦਾ ਇਜ਼ਹਾਰ ਕਰੇ।

ਇਹ ਪੱਤਰ ਵੈਨਕੂਵਰ ਸਿਟੀ ਕੌਂਸਲ ਵੱਲੋਂ 31 ਮਾਰਚ, 2021 (ਅੰਤਿਕਾ ਏ) ਦੁਆਰਾ ਸਰਬਸੰਮਤੀ ਨਾਲ ਅਪਣਾਏ ਗਏ ਇੱਕ ਮਤੇ ਵਿੱਚ ਪਾਸ ਕੀਤੇ। ਪੱਤਰਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਕਿਸਾਨ ਯੂਨੀਅਨਾਂ ਦੀ ਸਲਾਹ ਲਏ ਬਿਨਾਂ ਹੀ ਖੇਤੀਬਾੜੀ ਕਾਨੂੰਨਾਂ ਵਿੱਚ ਤਬਦੀਲੀਆਂ ਕੀਤੀਆਂ ਹਨ ਅਤੇ ਇਹ ਤਬਦੀਲੀਆਂ, ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰ ਰਹੀਆਂ ਹਨ। ਇਨ੍ਹਾਂ ਕਾਨੂੰਨਾਂ ਵਿੱਚ ਖੇਤੀ ਜਿਣਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਨਾ ਦੇਣਾ; ਵਪਾਰੀਆਂ ਨੂੰ ਭੰਡਾਰ ਕਰਨ ਦੀ ਆਗਿਆ ਦੇਣਾ, ਇਕਰਾਰਨਾਮੇ ਅਧੀਨ ਕਿਸਾਨਾਂ ਅਤੇ ਕਾਰਪੋਰੇਸ਼ਨਾਂ ਵਿਚਾਲੇ ਝਗੜੇ ਦੇ ਹੱਲ ਲਈ ਨਿਆਂਇਕ ਪ੍ਰਣਾਲੀ ਦੀ ਬਜਾਏ ਇਕ ਕਮੇਟੀ ਕਾਇਮ ਕਰਨਾ ਕਿਸਾਨਾਂ ਦੇ ਹਿਤਾਂ ਵਿਚ ਨਹੀਂ।

 ਵੈਨਕੂਵਰ ਸਿਟੀ ਕੌਂਸਲ ਨੇ ਕਿਹਾ ਹੈ ਕਿ ਉਹ ਭਾਰਤੀ ਕਿਸਾਨਾਂ ਨਾਲ ਏਕਤਾ ਵਿਚ ਖੜ੍ਹੀ ਹੈ। ਭਾਰਤ ਦੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਆਵਾਜ਼ ਉਠਾਉਣਾ ਇਸ ਸਿਧਾਂਤ ਦਾ ਸਮਰਥਨ ਕਰਦਾ ਹੈ ਕਿ ਕਨੇਡਾ ਅਤੇ ਦੁਨੀਆਂ ਭਰ ਵਿੱਚ ਕਿਸਾਨ ਕਿਸੇ ਵੀ ਦੇਸ਼ ਦੇ ਸਮਾਜਿਕ ਤਾਣੇ ਬਾਣੇ ਲਈ ਲਾਜ਼ਮੀ ਹਨ ਅਤੇ ਇਹਨਾਂ ਦਾ ਸਮਰਥਨ ਅਤੇ ਸੁਰੱਖਿਆ ਹੋਣੀ ਚਾਹੀਦੀ ਹੈ।

(ਹਰਦਮ ਮਾਨ) +1 604 308 6663; maanbabushahi@gmail.com

Welcome to Punjabi Akhbar

Install Punjabi Akhbar
×