‘ਨਰੋਆ ਪੰਜਾਬ ਮੰਚ’ ਬੁੱਢਾ ਨਾਲਾ ਪੁਨਰ ਸੁਰਜੀਤੀ ਪ੍ਰਜੈਕਟ ਸਬੰਧੀ ਐਨਜੀਟੀ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੂੰ ਪੱਤਰ

ਫਰੀਦਕੋਟ:- ਪੰਜਾਬ ਦੇ ਵਾਤਾਵਰਣ ਅਤੇ ਪੌਣ ਪਾਣੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਚਿੰਤਕ ਲੋਕਾਂ ਦੇ ਸਮੂਹ ‘ਨਰੋਆ ਪੰਜਾਬ ਮੰਚ’ ਦੇ ਅਹੁਦੇਦਾਰਾਂ ਸਮੇਤ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਇੰਜੀ. ਜਸਕੀਰਤ ਸਿੰਘ ਲੁਧਿਆਣਾ, ਕੁਲਦੀਪ ਸਿੰਘ ਖਹਿਰਾ, ਹਰਵਿੰਦਰ ਸਿੰਘ ਮਰਵਾਹਾ, ਰਵਨੀਤ ਸਿੰਘ ਸਿੱਖ ਈਕੋ ਨੇ ਐੱਨਜੀਟੀ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਅਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਮੈਂਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇੱਕ ਪੱਤਰ ਲਿਖ ਕੇ ਧਿਆਨ ਦਿਵਾਇਆ ਕਿ ਬੁੱਢੇ ਦਰਿਆ ਦੀ ਮੁੜ ਸੁਰਜੀਤੀ ਦਾ ਪ੍ਰੋਜੈਕਟ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਰਾਜ ਦਾ ਸਭ ਤੋਂ ਮਹੱਤਵਪੂਰਨ ਵਾਤਾਵਰਣ ਪ੍ਰੋਜੈਕਟ ਹੈ, ਕਿਉਂਕਿ ਬੁੱਢਾ ਦਰਿਆ ਲੱਖਾਂ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਸਰੋਤ ਨੂੰ ਸਿੱਧੇ ਤੌਰ ‘ਤੇ ਪ੍ਰਦੂਸ਼ਿਤ ਕਰਦਾ ਹੈ। ਉਨਾਂ ਦੱਸਿਆ ਕਿ ਰੰਗਾਈ ਉਦਯੋਗ ਦੇ ਤਿੰਨ ਸੀਈਟੀਪੀ ਬਹੁਤ ਲੰਮੇ ਸਮੇ ਤੋਂ ਦੇਰੀ ਦਾ ਸ਼ਿਕਾਰ ਹਨ। ਉਨ੍ਹਾਂ ਦੇ ਨਿਰਮਾਣ ਅਤੇ ਸੰਚਾਲਨ ਦਾ ਲੰਮੇ ਸਮੇਂ ਤੋਂ ਇੰਤਜਾਰ ਹੈ ਅਤੇ ਉਨ੍ਹਾਂ ਨੂੰ ਪੂਰਾ ਕਰਕੇ ਚਾਲੂ ਕਰਨ ਦੀ ਸਮਾਂ ਸੀਮਾ ਕਿੰਨੀ ਵਾਰ ਵਧਾਈ ਗਈ ਹੈ, ਇਸ ਦੀ ਗਿਣਤੀ ਵੀ ਸਾਡੇ ਕੋਲ ਨਹੀਂ ਹੈ। ਪੱਤਰ ਮੁਤਾਬਿਕ ਪੰਜਾਬ ਸਰਕਾਰ ਵਲੋਂ 650 ਕਰੋੜ ਰੁਪਏ ਦੇ ਬੁੱਢਾ ਦਰਿਆ ਮੁੜ ਸੁਰਜੀਤੀ ਪ੍ਰਾਜੈਕਟ ਦੀ ਟੈਂਡਰ ਪ੍ਰਕਿਰਿਆ ਜਨਵਰੀ 2020 ‘ਚ ਸ਼ੁਰੂ ਹੋਈ ਸੀ, ਜਿਸ ਨੂੰ ਲੈ ਕੇ ਕਰੀਬ ਇਕ ਸਾਲ ਪਹਿਲਾਂ ਬਹੁਤ ਵੱਡਾ ਵਿਵਾਦ ਹੋਇਆ, ਜੋ ਮੀਡੀਆ ਦੀਆਂ ਸੁਰਖੀਆਂ ‘ਚ ਵੀ ਰਿਹਾ, ਕਿਉਂਕਿ ਇਸ ਪ੍ਰੋਜੈਕਟ ਦੀ ਡੀਪੀਆਰ ਅਤੇ ਡੀਐਨਆਈਟੀ ਦਸਤਾਵੇਜ ਹਰ ਆਮ ਖਾਸ ਤੋਂ ਗੁਪਤ ਰੱਖੇ ਗਏ ਸਨ ਅਤੇ ਬੁੱਢਾ ਦਰਿਆ ਟਾਸਕ ਫੋਰਸ ਨਾਲ ਵੀ ਸਾਂਝੇ ਨਹੀਂ ਕੀਤੇ ਗਏ ਸਨ। ਉਹਨਾਂ ਲਿਖਿਆ ਕਿ ਅਸੀਂ ਅਜਿਹੇ ਸਾਰੇ ਪਹਿਲੂਆਂ ‘ਤੇ ਪੂਰਨ ਪਾਰਦਰਸ਼ਤਾ ਚਾਹੁੰਦੇ ਹਾਂ। ਇਸ ਪ੍ਰੋਜੈਕਟ ਨਾਲ ਸਬੰਧਤ ਸਾਰੇ ਦਸਤਾਵੇਜਾਂ ਨੂੰ ਜਲਦ ਤੋਂ ਜਲਦ ਜਨਤਕ ਡੋਮੇਨ ‘ਚ ਰੱਖਿਆ ਜਾਣਾ ਚਾਹੀਦਾ ਹੈ। ਇਹ ਬਹੁਤ ਮਹੱਤਵਪੂਰਨ ਹੈ ਤਾਂ ਕਿ ਇਸ ਪ੍ਰਾਜੈਕਟ ਲਈ ਕਈ ਸਾਲਾਂ ਤੋਂ ਸਰਕਾਰਾਂ ਨਾਲ ਜੂਝ ਰਹੀ ਸਿਵਲ ਸੁਸਾਇਟੀ ਨੂੰ ਵੀ ਸਮੇਂ ਸਿਰ ਪੂਰੀ ਜਾਣਕਾਰੀ ਮਿਲ ਸਕੇ ਅਤੇ ਇਹ ਅਤਿ ਜ਼ਰੂਰੀ ਪ੍ਰੋਜੈਕਟ ਵਧੀਆ ਢੰਗ ਨਾਲ ਅੱਗੇ ਵੱਧ ਸਕੇ।
ਫੋਟੋ ਫਾਈਲ: 05ਜੀ ਐਸ ਸੀ ਐਫ ਡੀ ਕੇ

Install Punjabi Akhbar App

Install
×