ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਚਿੱਠੀ

ਆਦਰਯੋਗ ਮੁੱਖ ਮੰਤਰੀ, ਪੰਜਾਬ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ।
ਵਿਸ਼ਾ: ਪੰਥਕ ਜਥੇਬੰਦੀਆਂ ਦੇ ਦਰਦ ਨਾਲ ਸਾਂਝ ਰੱਖਦਿਆਂ ਸਾਜਗਰ ਮਾਹੌਲ ਦੀ ਸਿਰਜਣਾ ਸਬੰਧੀ।
ਵਾਹਿਗਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਭਾਰਤ- ਪਾਕਿ ਵੰਡ ਦੇ ਮੌਕੇ ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਆਪਣੇ ਹੱਕਾਂ ਅਤੇ ਇਨਸਾਫ ਲਈ ਲੜਾਈ ਲੜ ਰਹੀ ਹੈ। ਇਸ ਲੜਾਈ ਦੇ ਕਈ ਰੂਪ ਤੇ ਪ੍ਰਭਾਵ ਬੀਤੇ ਇਤਿਹਾਸ ਦੇ ਪੰਨੇ ਬਣ ਚੁੱਕੇ ਹਨ। ਆਪ ਜੀ ਖੁਦ ਇਹਨਾਂ ਤੱਥਾਂ ਤੋਂ ਭਲੀ-ਭਾਂਤ ਜਾਣੂ ਹੋ। ਅੱਜ ਅਤੇ ਪਿਛਲੇ ਸਮੇਂ ਵਿਚ ਆਪ ਜੀ ਨੇ ਕਈ ਵਾਰ ਪੰਜਾਬ ਦੀ ਹਕੂਮਤ ਨੂੰ ਸੰਭਾਲਿਆ ਹੈ। ਪਰ ਪੰਜਾਬ ਦੀਆਂ ਅਤੇ ਸਿੱਖ ਕੌਮ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਹੀ ਹਨ। ਹੋਰ ਹੋਰ ਦੁਖਾਂਤ ਜੋ ਭਾਰਤੀ ਹਕੂਮਤ ਵਲੋਂ ਸਿੱਖ ਕੌਮ ਨਾਲ ਵਿਤਕਰਾ ਭਰੀ ਸੋਚੀ ਸਮਝੀ ਨੀਤੀ ਦਾ ਹਿੱਸਾ ਹਨ ਸਿੱਖ ਕੌਮ ਦੀ ਪੀੜਾ ਨੂੰ ਆਏ ਦਿਨ ਵਧਾ ਰਹੇ ਹਨ। ਜੇਲ਼੍ਹਾਂ ਵਿਚ ਬੰਦ ਸਿੱਖਾਂ ਦਾ ਮਸਲਾ ਸਿੱਖ ਕੌਮ ਲਈ ਬਹੁਤ ਪੀੜਾ ਭਰਿਆ ਚਿੰਤਾ ਦਾ ਵਿਸ਼ਾ ਹੈ। ਇਸ ਲਈ ਭੁੱਖ ਹੜਤਾਲਾਂ, ਧਰਨੇ, ਜਲੂਸ, ਦੇਸ਼-ਵਿਦੇਸ਼  ਵਿੱਚ ਵੱਸਦੇ ਸਿੱਖਾਂ ਵਲੋਂ ਹੋ ਰਹੇ ਹਨ। ਆਪ ਜੀ ਨੂੰ ਬਤੌਰ ਸਿੱਖ ਇਹਨਾਂ ਹਾਲਾਤਾਂ ਉੱਪਰ ਬਿਨਾਂ ਵਕਤ ਗਵਾਇਆਂ ਕੇਂਦਰੀ ਹਕੂਮਤ ਉੱਪਰ ਦਬਾਅ ਪਾਉਣ ਲਈ ਸਿੱਖ ਕੌਮ ਨੂੰ ਨਾਲ ਲੈ ਕੇ ਹੱਲ ਕਰਵਾ ਲੈਣਾ ਚਾਹੀਦਾ ਸੀ। ਪੰਜਾਬ ਅੰਦਰ ਜਦੋਂ ਵੀ ਹਕੂਮਤੀ ਧੱਕੇ ਵਿਰੁੱਧ ਅਵਾਜ਼ ਉੱਠਦੀ ਹੈ ਉਸ ਨੂੰ ਗੰਭੀਰਤਾ ਨਾਲ ਲੈਣ ਦੀ ਥਾਂ ਹਕੂਮਤਾਂ ਡੰਡੇ ਦੇ ਜੋਰ ਦਬਾਅ ਦੇਣ ਦਾ ਮਾਰੂ ਹਥਿਆਰ ਵਰਤਦੀਆਂ ਹਨ। ਜੋ ਕਿ ਨਾ ਸਿੱਖ ਕੌਮ ਦੇ ਭਲੇ ਵਿਚ ਹੈ ਅਤੇ ਨਾ ਹੀ ਕਿਸੇ ਹਕੂਮਤ ਦੇ ਭਲੇ ਵਿਚ ਹੈ। ਰਾਜ-ਭਾਗ ਦੀ ਕਾਨੂੰਨੀ ਸੁਰੱਖਿਆ ਦੇ ਪ੍ਰਬੰਧ ਦੇ ਹੱਕ ਵਿਚ ਜਜ਼ਬਾਤਾਂ ਤੇ ਜੋਸ਼ ਦੇ ਵਹਿਣ ਪਈ ਸਿੱਖ ਨੌਜਵਾਨੀ ਦੇ ਵਾਰਸ ਹਕੂਮਤੀ ਡਾਂਗਾਂ ਤੇ ਗੋਲੀਆਂ ਦਾ ਸਮੇਂ-ਸਮੇਂ ਸ਼ਿਕਾਰ ਬਣਦੇ ਹਨ। ਇਹ ਸਿੱਖ ਕੌਮ ਲਈ ਅਸਹਿ ਹੈ। ਇਹੋ ਜਿਹਾ ਵਰਤਾਰਾ ਸਿੱਖ ਕੌਮ ਅੰਦਰ ਭਾਰਤੀ ਹਕੂਮਤ ਪ੍ਰਤੀ ਜਿੱਥੇ ਰੋਸ-ਵਿਦਰੋਹ ਪੈਦਾ ਕਰਦਾ ਹੈ ਉੱਥੇ ਬੇਗਾਨਗੀ ਦਾ ਅਹਿਸਾਸ ਵੀ ਕਰਵਾਉਂਦਾ ਹੈ।
ਬਾਪੂ ਸੂਰਤ ਸਿੰਘ ਜੀ ਲਗ-ਭਗ ਦੋ ਸੌ ਦਿਨਾਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਅਵਾਜ਼ ਉਠਾ ਰਹੇ ਹਨ। ਪਹਿਲਾਂ ਵੀ ਇਸ ਅਵਾਜ਼ ਨੂੰ ਉਠਾਉਣ ਦਾ ਯਤਨ ਦੇਸ਼ ਵਿਦੇਸ਼ ਦੇ ਸਿੱਖਾਂ ਵਲੋਂ ਹੋਇਆ ਹੈ। ਆਪ ਜੀ ਨੂੰ ਅਦਬ ਸਹਿਤ ਇਹ ਕਹਿਣ ਦਾ ਯਤਨ ਹੈ ਕਿ ਆਪ ਜੀ ਕੌਮੀ ਮਸਲੇ ਦੇ ਹੱਲ ਲਈ ਬਿਨਾਂ ਦੇਰੀ ਨਿੱਜੀ ਦਿਲਚਸਪੀ ਲੈ ਕੇ ਪੈਦਾ ਹੋਏ ਰੋਸ-ਵਿਰੋਧ ਨੂੰ ਖਤਮ ਕਰਨ ਪਹਿਲ-ਕਦਮੀ ਕਰੋ। ਇਸ ਕੌਮੀ ਮਸਲੇ ਦੇ ਵਾਰਸ ਵਜੋਂ ਪੇਸ਼ ਹੋ ਕੇ ਖੁਦ ਸਾਰੇ ਹੀਲੇ ਵਸੀਲੇ ਵਰਤ ਕੇ ਮਸਲਾ ਹੱਲ ਕਰਨ ਲਈ ਮਜਬੂਰ ਕਰ ਦੇਵੋ। ਇਹ ਮੰਗ ਕੇਵਲ ਬਾਪੂ ਸੂਰਤ ਸਿੰਘ ਜੀ ਜਾਂ ਕੁਝ ਜਥੇਬੰਦੀਆਂ ਦੀ ਨਹੀਂ ਹੈ। ਇਹ ਮੰਗ ਹਰ ਸਿੱਖ ਅਤੇ ਮਾਨਵੀ ਹੱਕਾਂ ਦੇ ਪਹਿਰੇਦਾਰ ਦੀ ਹੈ। ਅਵਾਜ਼ ਉਠਾਉਣ ਵਾਲੇ ਜਾਂ ਸਮਰਥਕਾਂ ਉੱਤੇ ਡਾਂਗਾਂ ਤੇ ਗੋਲੀਆਂ ਵਰਾਉਣ, ਜਲਸੇ ਜਲੂਸ ਰੋਕਣ ਅਤੇ ਕੈਦ ਕੋਠੜੀਆਂ ਵਿਚ ਬੰਦ ਕਰਨ ਨਾਲ ਨਾ ਹਾਲਾਤ ਸ਼ਾਂਤ ਹੋਣੇ ਹਨ ਤੇ ਨਾ ਹੀ ਮਸਲੇ ਹੱਲ ਹੋਣੇ ਹਨ। ਜੋ ਹਾਲਾਤ ਮੀਡੀਏ ਚੋਂ ਪੜਨ-ਸੁਣਨ ਨੂੰ ਮਿਲ ਰਹੇ ਹਨ ਇਹ ਮਨ ਨੂੰ ਉਦਾਸ ਕਰ ਰਹੇ ਹਨ। ਬੰਦੀ ਸਿੱਖਾਂ ਨੂੰ ਰਿਹਾਅ ਕਰਵਾਉਣ ਦੀ ਕੌਮ ਦੀ ਸਾਂਝੀ ਮੰਗ ਨੂੰ ਸੁਹਿਰਦਤਾ ਨਾਲ ਪ੍ਰਵਾਨ ਕਰੋ ਤੇ ਕਰਵਾਉ। ਸਿੱਖ ਆਗੂਆਂ ਤੇ ਸਮਰਥਕਾਂ ਦੀ ਫੜੋ-ਫੜੀ ਤਣਾਅ ਪੈਦਾ ਕਰਦੀ ਹੈ, ਇਸ ਲਈ ਫੜੇ ਸਿੱਖਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਕੇ  ਗੱਲ ਨੂੰ ਉਸਾਰੂ ਪਾਸੇ ਵੱਲ ਲੈ ਜਾਣ ਦੀ ਭੂਮਿਕਾ ਨਿਭਾਉ।ਕੌਮ ਦੀਆਂ ਭਾਵਨਾਵਾਂ ਨੂੰ ਅਦਬ ਸਹਿਤ ਇਸ ਪੱਤਰ ਰਾਹੀਂ ਆਪ ਜੀ ਅੱਗੇ ਰੱਖਿਆ ਹੈ। ਪੂਰੀ ਆਸ ਹੈ ਕਿ ਆਪ ਜੀ ਕੌਮ ਦੇ ਕਰਜ਼ਦਾਰ ਅਹਿਸਾਸ ਨਾਲ ਸਿੱਖ ਕੈਦੀਆਂ ਦੀ ਰਿਹਾਈ ਦਾ ਸੇਵਾ-ਕਾਰਜ ਆਪਣੇ ਹੱਥੀਂ ਨੇਪਰੇ ਚਾੜੋਗੇ। ਬਾਪੂ ਜੀ ਦਾ ਭੁੱਖ ਹੜਤਾਲ ਦੇ ਕਾਰਣ ਮੌਤ ਵਾਲਾ ਭਾਣਾ ਪੰਜਾਬ ਅਤੇ ਸਿੱਖ ਕੌਮ ਲਈ ਬਹੁਤ ਸਾਰੇ ਪੱਖਾਂ ਤੋਂ ਦੁੱਖਦਾਈ ਹੋਵੇਗਾ ਤੇ ਹੋ ਸਕਦਾ ਹੈ ਕਿ ਹੋਰ ਮਾੜੇ ਹਾਲਾਤਾਂ ਨੂੰ ਜਨਮ ਦੇਣ ਦਾ ਕਾਰਣ ਵੀ ਬਣ ਜਾਵੇ। ਸੁਹਿਰਦ ਕੌਮੀ ਭਾਵਨਾਵਾਂ ਦੇ ਸਮਰਥਨ ਵਿਚ ਭੇਜੇ ਜਾ ਰਹੇ ਪੱਤਰ’ਤੇ ਸੁਹਿਰਦਤਾ ਨਾਲ ਅਮਲ ਕਰਨ ਕਰਵਾਉਣ ਦੀ ਆਸ ਨਾਲ ਗੁਰੂ-ਫਤਹਿ।

ਧੰਨਵਾਦ ਸਹਿਤ

ਗੁਰੂ-ਪੰਥ ਦਾ ਦਾਸ
ਮਿਤੀ: 20/7/2015                                                                                                                                                             ਕੇਵਲ ਸਿੰਘ

 ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ।
ਸੇਵਾਦਾਰ ਪੰਥਕ ਤਾਲਮੇਲ ਸੰਗਠਨ।
95920-93472

Install Punjabi Akhbar App

Install
×