ਪਿੰਡ, ਪੰਜਾਬ ਦੀ ਚਿੱਠੀ (73)

ਮਿਤੀ : 09-01-2022

ਠੰਡ ਵਿੱਚ ਗਰਮ ਹੁੰਦੇ ਪੰਜਾਬੀਓ, ਸਤ ਸ਼੍ਰੀ ਅਕਾਲ। ਅਸੀਂ ਨਾਅਰੇ ਲਾ-ਲਾ ਕੇ ਕੋਰੋਨਾ ਭਜਾ ਰਹੇ ਹਾਂ। ਉਮੀਦ ਹੈ ਤੁਸੀਂ ਵੀ, ਸਾਡੇ ਵਾਲਾ ਤਰੀਕਾ ਵਰਤੋਂਗੇ। ਅਗਲੀ ਖ਼ਬਰ ਇਹ ਹੈ ਕਿ, ਰੈਲੀਆਂ ਵਿੱਚ ਜਾਣ ਦੇ ਠਕਾਕ, ਗੁਰੇ ਹੁਰਾਂ ਨਾਲ ਵਾਹਵਾ ਭੈੜੀ ਹੋਈ ਹੈ। ਗੱਲ ਇੰਝ ਬਣੀਂ ਕਿ ਸਰਕਾਰੂ ਪਾਰਟੀ ਦੀ ਚੋਣ-ਰੈਲੀ ਸੀ ਅਤੇ ਸੀ ਵੀ ਦੂਰ, ਲੁਧਿਆਣੇ। ਵੱਡੇ ਲੀਡਰਾਂ ਦੇ ਆਉਣ ਕਰਕੇ ਟਿਕਟਾਂ ਦੇ ਚਾਸਕੂ, ਮੀਂਹ ਵਿੱਚ ਵੀ, ਚੱਕਵੇਂ ਪੈਰੀਂ ਹੋਏ ਪਏ ਸਨ। ਸਰਪੰਚ ਨੂੰ ਪਾਰਟੀ ਨੇ, ਬੱਸ ਭਰ ਕੇ ਲਿਆਉਣ ਲਈ ਹੁਕਮ ਚਲਾ ਦਿੱਤਾ। ਫਿਕਰ ਕਰਦੇ ਸਰਪੰਚ ਨੂੰ, ਮੋਖੇ ਨੇ ਹੌਂਸਲਾ ਦਿੱਤਾ। ”ਤੂੰ ਯਾਰ, ਖਾਣ-ਪੀਣ ‘ਤੇ ਮਾਵੇ ਦਾ ਇੰਤਜ਼ਾਮ ਕਰ, ਹਥੌਲਾ ਮੈਂ ਪਾਉਣਾ”, ਸ਼ਾਮ ਨੂੰ ਗੁਰਦੁਆਰੇ ਮੁਖਵਿੰਦਰ ਸਿੰਘ ਨੇ ਚੌਕੜੀ ਮਾਰ ਕੇ, ਜਚਾ ਕੇ ਮਾਇਕ ਤੇ ਬੋਲਿਆ। ”ਲੈ ਬਈ ਸੰਗਤੇ, ਗੱਫਿਆਂ ਦਾ ਵੇਲਾ ਆ ਗਿਆ। ਵਧੀਆ ਬੱਸ ਐ। ਜਾਂਦੇ-ਆਉਂਦੇ, ਕਈ ਥਾਂ ਦਰਸ਼ਨ ਵੀ ਕਰਾਵਾਂਗੇ। ਲੰਗਰ-ਪਾਣੀ ਵਾਧੂ, ਟੂਰ ਈ ਸਮਝੋ। ਰੁੱਤ ਵੇਹਲੀ ਐ, ਸੀਟਾਂ ਗਿਣਤੀ ਦੀਆਂ ਹਨ।” ਬੋਲਿਆ ਮਗਰੋਂ, ਲੋਕ ਆ ਕੇ ਨਾਂ ਲਿਖਾਉਣ ਲੱਗ-ਪੇ- ”ਮੇਰਾ ਬਾਈ ਜਰੂਰੀ ਐ, ਯੂਨੀਵਰਸਿਟੀ ਵੇਖਣੀ ਐ ਤੇ ਹਵੇਲੀ ਹੋਟਲ ਵੀ।” ਤੜਕੇ ਈ ਟਰੱਕ ਆ ਗਿਆ। ਤਿਆਰ ਹੋਏ ਚੜ੍ਹ-ਗੇ। ਟਰੱਕ ਨੇ ਵੱਖਲ ਭੰਨ ਤੇ। ਠੂਹ ਮਾਰਿਆ ਰੈਲੀ ਤੋਂ, ਤਿੰਨ ਕਿਲੋਮੀਟਰ ਦੂਰ, ਮੁਲਖ ਜੁੜਿਆ ਸੀ। ਪੁਲਸ ਵਾਲਿਆਂ ਮਸ਼ੀਨ ‘ਚੋਂ ਲੰਘਾ ਕੇ ਅੰਦਰ ਕਰਤੇ। ਚਾਰ ਵਜੇ ਤੱਕ ਬਾਹਰ ਨਾ ਨਿਕਲਣ ਦਿੱਤੇ। ਭੁੱਖੇ ਧਿਆਏ। ਸਰਪੰਚ ਤੇ ਮੋਖਾ, ਪਿੱਛੇ ਈ ਖਿਸਕ-ਗੇ। ਟਰੱਕ ‘ਚ ਬੈਠ, ਘਰੋਂ ਲਿਆਂਦੀਆਂ ਰੋਟੀਆਂ ਖਾ, ਲੰਮੇ ਪੈ ਗੇ। ਸ਼ਾਮ ਨੂੰ ਜਦੋਂ ਗੁਰੇ ਹੁਰੀਂ, ਮਸਾਂ ਈ ਟਰੱਕ ਲੱਭ ਕੇ ਅੱਪੜੇ, ਕੁਚਲੇ ਖਾਧੇ ਕੁੱਤੇ ਆਂਗੂੰ, ਹਿਲਦੇ ਫਿਰਨ। ”ਮਾਰ-ਤੇ, ਸਰਪੈਂਚਾ, ਕਿੱਥੇ ਸੀ ਖਾਣ-ਪੀਣ, ਅਸੀਂ ਤਾਂ ਤੜਗੇ, ਬਹੁਤ ਭੈੜੀ ਹੋਈ, ਮੁੜ ਨੀਂ ਆਉਂਦੇ, ਸਿਰ ਅੱਡ ਦੁੱਖਦੈ!” ਮੋਖਾ ਅੱਗੋਂ ਪੈ ਗਿਆ, ”ਜਲੇਬੀਆਂ ਆਲਾ ਲੰਗਰ ਸੀ ਐਧਰ, ਹੈਲੀਪੈਡ ਵਾਲੇ ਪਾਸੇ, ਅਸੀਂ ਥੋਨੂੰ ਭਾਲਦੇ ਰਹੇ, ਤੁਸੀਂ ਤਾਂ ਠੂਹ ਅੰਦਰ ਵੜਗੇ, ਅਸੀਂ ਵਾਜਾਂ ਮਾਰਦੇ ਰਹਿ ਗੇ। ਲੀਡਰ ਨਾਲ ਫ਼ੋਟੋ ਵੀ ਨੀਂ ਖਿਚਾਈ ਤੁਸੀਂ”। ”ਸੀਗੇ ਗੁਲਗੁਲੇ”, ਪੀਟਾ ਬੋਲਿਆ। ਮੁੱਕਦੀ ਗੱਲ, ਕੁਰਲ-ਕੁਰਲ ਕਰਦਿਆਂ ਨੂੰ ਮੋਗੇ, ਗਰੀਨ ਢਾਬੇ ‘ਤੇ ਚਾਹ ਨਾਲ, ਮਾਵਾ ਛਕਾਇਆ। ਜਿਉਣ-ਜੋਗੇ ਹੋਏ, ਤਾਂ ਰਾਤ ਨੂੰ ਰਹਿੰਦੇ, ਹੱਡ ਭੰਨ ਕੇ, ਟਰੱਕ ਨੇ ਗਿਆਰਾਂ ਵਜੇ, ਸੱਥ ਵਿੱਚ ਲਾਹ ਮਾਰਿਆ। ਟਰੱਕ ਵਾਲਾ ਲਾਗ ਬੁੱਕ ਭਰਾ ਕੇ ਤਿੱਤਰ ਹੋਇਆ ਤਾਂ ਸਰਪੰਚ ਨੇ, ਕਾਮਯਾਬੀ ਲਈ ਮੋਖੇ ਦਾ ਮੂੰਹ ਕਰਾਰਾ ਕਰਾਇਆ। ਹੁਣ ਗੁਰਾ ਤਾਂ ‘ਬੁਸ਼ਕ’ ਕਰੀ ਫਿਰਦੈ, ਬਾਕੀ ਬਸ਼ਰਮੀ ਦੇ ਤਾਣ ਕਹਿ ਦਿੰਦੇ, ”ਹਾਂ ਬਈ, ਬੜਾ ‘ਕੱਠ ਸੀ, ਰੈਲਾ ਸੀ। ਵੱਡੇ-ਵੱਡੇ ਲੀਡਰਾਂ ਨੇ ਵੱਟ ਕੱਢ ‘ਤੇ ਬਾਈ, ਬੋਲਣ ਵਾਲੇ। ਇੱਕ ਤਾਂ ਬੋਲੇ ਘੱਟ, ਨੱਚੇ ਜ਼ਿਆਦਾ। ਪਤਾ ਨੀ ਕੀਹਨੂੰ ਕਹਿੰਦਾ ਸੀ, ‘ਠੋਕੋ-ਠੋਕੋ’। ਬੰਬ-ਬੁਲਾਤੀ ਬਾਈ। ਸਰਕਾਰ ਤਾਂ ਏਨਾਂ ਦੀ ਹੀ ਬਣੂੰ, ਲੱਗਦੈ। ਸਰਪੈਂਚ ਆਪਣਾ ਬਹੁਤ ਚੰਗਾ ਬਾਈ।”
ਹੋਰ, ਤੇਜ਼ ਬਾਰਿਸ਼, ਸਿਆਸਤ ਅਤੇ ਪਾਬੰਦੀਆਂ ਵਿਚਕਾਰ, ਬੱਚੇ, ਐਤਕੀਂ ਫੇਰ ਠੀਕੀਆਂ-ਕਾਟੀਆਂ ਨਾਲ ਪਾਸ ਹੋਣਗੇ। ਬੱਧੇ ਸਾਹੇ, ਠੰਡ-ਬੀਮਾਰੀ ਦੀਆਂ ਮੌਤਾਂ ਅਤੇ ਕੈਂਸਲ ਫਲਾਈਟਾਂ, ਸਾਰਿਆਂ ਦਾ ਤਾਪਮਾਨ, ਮਾਈਨਸ ਕਰ ਰਹੀਆਂ ਹਨ। ਘੱਟਦੀ ਕਿਰਤ ਅਤੇ ਵੱਧਦੀ ਮਹਿੰਗਾਈ ਵਿੱਚ ਘਰਾਂ ਦਾ ਗਣਿਤ ਲੜਖੜਾ ਰਿਹਾ ਹੈ। ਕੁਦਰਤ ਉੱਤੇ ਹੀ ਡੋਰ ਹੈ, ਜੋ ਕੋਰੋਨਾ, ਵੋਟਾਂ ਅਤੇ ਦੁੱਖਾਂ ਨੂੰ, ਚੰਗੀ ਫ਼ਸਲ ਨਾਲ ਜਿੱਤ ਲਵੇਗਾ। ਰੱਬ ਰਾਖਾ। ਚੜ੍ਹਦੀ ਕਲਾ। ਬਾਕੀ ਅਗਲੇ ਐਤਵਾਰ ਸਹੀ…..
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×