ਆਉ ਸਵਾਲ ਉਠਾਈਏ!

ਸਵਾਲ ਉਠਾਉਣੇ ਕੋਈ ਗੁਨਾਹ ਨਹੀਂ ਹੁੰਦਾ ਬਲਕਿ ਜਾਗਦੇ ਹੋਏ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ। ਦੁਨੀਆਂ ਵਿਚ ਜਿੰਨੇ ਵੀ ਮਹਾਨ ਇਨਸਾਨ ਹੋਏ ਹਨ, ਉਹ ਸਾਰੇ ਹੀ ਇਸ ਲਈ ਮਹਾਨ ਹਨ ਕਿਉਂਕਿ ਉਹਨਾਂ ਨੇ ਆਪਣੇ ਸਮੇਂ ਦੇ ਰੀਤੀ – ਰਿਵਾਜ਼ਾਂ, ਕਰਮ – ਕਾਂਡਾਂ ਅਤੇ ਅੰਧ – ਵਿਸ਼ਵਾਸਾਂ ਉੱਤੇ ਸਵਾਲ ਉਠਾਏ । ਬੁੱਧ ਅਤੇ ਮਹਾਂਵੀਰ ਨੇ, ਗੁਰੂ ਨਾਨਕ ਅਤੇ ਕਬੀਰ ਨੇ, ਸੁਕਰਾਤ ਅਤੇ ਰੂਸੋ ਨੇ, ਮਾਰਕਸ ਅਤੇ ਲੈਨਿਨ ਆਦਿ ਸਾਰਿਆਂ ਨੇ ਸਵਾਲ ਹੀ ਉਠਾਏ। ਜਿੰਨੇ ਵੀ ਸਾਇੰਸਦਾਨ ਹੋਏ ਹਨ, ਸਭ ਨੇ ਸਵਾਲ ਹੀ ਉਠਾਏ। ਜੇਕਰ ਉਹ ਸਵਾਲ ਨਾ ਉਠਾਉਂਦੇ ਤਾਂ ਅੱਜ ਇਹ ਦੁਨੀਆਂ ਬਿਲਕੁਲ ਹੀ ਹੋਰ ਹੁੰਦੀ ਅਤੇ ਅਸੀਂ ਉਹਨਾਂ ਮਹਾਨ ਇਨਸਾਨਾਂ ਦਾ ਨਾਮ ਤੱਕ ਨਾ ਸੁਣਿਆ ਹੁੰਦਾ। ਜੇ ਗੁਰੂ ਗੋਬਿੰਦ ਸਿੰਘ ਨੇ ਸਵਾਲ ਨਾ ਉਠਾਏ ਹੁੰਦੇ ਤਾਂ ਅੱਜ ਪੰਜਾਬ ਦਾ ਇਤਿਹਾਸ, ਭੂਗੋਲ ਅਤੇ ਸੱਭਿਆਚਾਰ ਹੀ ਕੁਝ ਹੋਰ ਹੁੰਦਾ। ਜੇ ਗਦਰੀ ਬਾਬੇ ਸਵਾਲ ਨਾ ਉਠਾਉਂਦੇ ਤਾਂ ਅਮਰੀਕੀ ਹੋਟਲਾਂ ਦੇ ਬਾਹਰ ਲਿਖਿਆ ਹੀ ਰਹਿੰਦਾ ਕਿ ‘ਭਾਰਤੀਆਂ ਅਤੇ ਕੁੱਤਿਆਂ ਦਾ ਅੰਦਰ ਆਉਣਾ ਮਨ੍ਹਾ ਹੈ।’  ਜੇ ਭਗਤ ਸਿੰਘ ਜਾਂ ਸੁਭਾਸ਼ ਬੋਸ ਵਰਗਿਆਂ ਨੇ ਸਵਾਲ ਨਾ ਉਠਾਏ ਹੁੰਦੇ ਤਾਂ ਆਜ਼ਾਦੀ ਸੰਘਰਸ਼ ਦੀ ਮਸ਼ਾਲ ਕਦੇ ਲੱਟ-ਲੱਟ ਨਾ ਬਲ ਸਕਦੀ । ਜੇ ਕਿਸਾਨਾਂ ਮਜ਼ਦੂਰਾਂ ਨੇ ਸਵਾਲ ਨਾ ਉਠਾਏ ਹੁੰਦੇ ਤਾਂ ਦੇਸ਼ ਵਿੱਚ ਅੱਜ ਕਾਣੀ- ਵੰਡ ਹੋਰ ਵੀ ਉੱਚੇ ਪੱਧਰ ਤੱਕ ਹੁੰਦੀ। ਜੇ ਨੈਲਸਨ ਮੰਡੇਲਾ ਵਰਗੇ ਲੋਕ ਸਵਾਲ ਨਾ ਉਠਾਉਂਦੇ ਤਾਂ ਅੱਜ ਵੀ ਦੱਖਣੀ ਅਫਰੀਕਾ ਦੀ ਗੋਰੀ ਸਰਕਾਰ, ਕਾਲੇ ਲੋਕਾਂ ਨਾਲ ਪਸ਼ੂਆਂ ਵਰਗਾ ਸਲੂਕ ਕਰ ਰਹੀ ਹੁੰਦੀ। ਜੇ ਭਾਰਤ ਦੀਆਂ ਅਛੂਤ ਜਾਤੀਆਂ ਸਵਾਲ ਨਾ ਉਠਾਉਂਦੀਆਂ ਤਾਂ ਭਾਰਤ ਦੇ ਜਾਤੀ ਸਮਾਜ ਦਾ ਚਿਹਰਾ ਅੱਜ ਨਾਲੋਂ ਵੀ ਕਿਤੇ ਵੱਧ ਕਰੂਪ ਹੁੰਦਾ।
ਇਸ ਲਈ ਸਵਾਲ ਉਠਾਉਣੇ ਕੋਈ ਮਾੜੀ ਗੱਲ ਨਹੀਂ ਬਲਕਿ ਬੜੀ ਹੀ ਵਾਜਬ ਅਤੇ ਸੁਭਾਵਕ ਪ੍ਰਕਿਰਿਆ ਹੈ।  ਪਰ ਸਵਾਲ ਉਠਾਉਣ ਅਤੇ ਦੋਸ਼ ਲਾਉਣ ਵਿਚਲੇ ਮਹੀਨ ਜਿਹੇ ਫਰਕ ਨੂੰ ਸਮਝ ਲੈਣਾ ਜਰੂਰੀ ਹੈ। ਸਵਾਲ ਉਠਾਉਣ ਵੇਲੇ ਸਾਨੂੰ ਇਤਿਹਾਸਕ ਅਤੇ ਭੂਗੋਲਿਕ ਹਾਲਤਾਂ ਦਾ ਪੂਰਾ-ਪੂਰਾ ਗਿਆਨ ਪ੍ਰਾਪਤ ਕਰ ਲੈਣਾ ਬਹੁਤ ਹੀ ਜਰੂਰੀ ਹੈ। ਉਦਾਹਰਨ ਵਜੋਂ ਜਦੋਂ ਅਸੀਂ ਧਰਮ ਬਾਰੇ ਸਵਾਲ ਉਠਾਉਂਦੇ ਹਾਂ ਤਾਂ ਅਸੀਂ ਅਕਸਰ ਹੀ ਮਾਰਕਸ ਦੀ ਕਹੀ ਹੋਈ ਗੱਲ ਦੀ ਮਿਸਾਲ ਦਿੰਦੇ ਹਾਂ। ਅਸੀਂ ਧਰਮ ਨੂੰ ਨਕਾਰਨ ਦਾ ਕਾਰਨ ਇਹ ਦੱਸਦੇ ਹਾਂ ਕਿ ਮਾਰਕਸ ਨੇ ਧਰਮ ਨੂੰ ਅਫੀਮ ਕਿਹਾ ਸੀ। ਉਸ ਹਿਸਾਬ ਨਾਲ ਧਰਮ ਇੱਕ ਮਾਰੂ ਨਸ਼ੇ ਵਾਂਗ ਹੀ ਨਜ਼ਰ ਆਉਂਦਾ ਹੈ ਜੋ ਕਿ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ । ਪਰ ਅਸੀਂ ਮਹਾਨ ਮਾਰਕਸ ਦਾ ਜ਼ਿਕਰ ਕਰਨ ਵੇਲੇ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਨੇ ਇਹ ਗੱਲ ਕਿੰਨੇ ਸਾਲ ਪਹਿਲਾਂ ਕਹੀ ਸੀ ਅਤੇ ਉਦੋਂ ਦੀਆਂ ਇਤਿਹਾਸਕ ਅਤੇ ਸਮਾਜਿਕ ਹਾਲਤਾਂ ਕਿਹੋ ਜਿਹੀਆਂ ਸਨ। ਮਾਰਕਸ ਨੇ ਇਹ ਗੱਲ 1850 ਦੇ ਆਸ ਪਾਸ ਕਹੀ ਸੀ। ਉਦੋਂ ਅਫੀਮ ਅੱਜ ਵਾਂਗੂੰ ਕਿਸੇ ਨਸ਼ੀਲੀ ਚੀਜ਼ ਦੇ ਤੌਰ ਤੇ ਇੰਨੀ  ਮਸ਼ਹੂਰ ਨਹੀਂ ਸੀ। ਉਦੋਂ ਇਹ ਆਮ ਕਰਕੇ ਦਰਦ – ਨਿਵਾਰਕ ਦਵਾਈ ਦੇ ਤੌਰ ਤੇ ਵਰਤੀ ਜਾਂਦੀ ਸੀ। ਇਸ ਲਈ ਹੋ ਸਕਦਾ ਹੈ ਕਿ ਮਾਰਕਸ ਨੇ ਇਸਦਾ ਜ਼ਿਕਰ ਉਸ ਸੰਦਰਭ ਵਿੱਚ ਹੀ ਕੀਤਾ ਹੋਵੇ ਕਿ ਧਰਮ ਮਨੁੱਖ ਦੇ ਦੁੱਖਾਂ ਦਰਦਾਂ ਲਈ ਵਕਤੀ ਰਾਹਤ ਤਾਂ ਦੇ ਸਕਦਾ ਹੈ ਪਰ ਰੋਗ ਨੂੰ ਖਤਮ ਨਹੀਂ ਕਰ ਸਕਦਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਮ ਅੱਜ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਦੁਨੀਆਂ ਵਿੱਚ ਫਿਰਕਾਪ੍ਰਸਤੀ, ਦੰਗਾ ਫਸਾਦ, ਅੱਤਵਾਦ ਆਦਿ ਦਾ ਕਾਰਨ ਬਹੁਤ ਹੱਦ ਤੱਕ ਧਰਮ ਹੀ ਹੈ। ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਜੇਕਰ ਧਰਮ ਖਤਮ ਹੋ ਜਾਵੇ ਤਾਂ ਇਹ ਸਭ ਅਲਾਮਤਾਂ ਖਤਮ ਹੋ ਜਾਣਗੀਆਂ ? ਕਿਉਂਕਿ ਦੰਗਾ ਫਸਾਦ ਦੇ ਹੋਰ ਵੀ ਬਹੁਤ ਸਾਰੇ ਰਾਜਨੀਤਕ, ਸਮਾਜਿਕ, ਆਰਥਿਕ,  ਖੇਤਰੀ ਜਾਂ ਨਸਲੀ ਕਾਰਨ ਹੋ ਸਕਦੇ ਹਨ। ਇਹ ਤਾਂ ਉਸ ਤਰਾਂ ਦੀ ਗੱਲ ਹੈ ਜਿਵੇਂ ਕੋਈ ਸ਼ਾਦੀ-ਸ਼ੁਦਾ ਇਨਸਾਨ ਇਹ ਸਮਝੇ ਕਿ ਜੇਕਰ ਕੁਆਰੇ ਰਹਿੰਦੇ ਤਾਂ ਬਹੁਤ ਆਨੰਦ ਰਹਿੰਦਾ ਅਤੇ ਕੋਈ ਸਮੱਸਿਆ ਨਾ ਆਉਂਦੀ। ਇਸੇ ਤਰਾਂ ਕੋਈ ਛੜਾ ਇਨਸਾਨ ਇਹ ਸੋਚਦਾ ਹੋਵੇ ਕਿ ਸਾਰੇ ਆਨੰਦ ਹੀ ਵਿਆਹ ਵਿੱਚ ਪਏ ਹਨ ਅਤੇ ਸਾਰੇ ਦੁੱਖ ਵਿਆਹ ਨਾ ਕਰਵਾਉਣ ਕਾਰਨ ਹਨ।
ਧਰਮ ਵਾਂਗ ਹੀ ਪ੍ਰਮਾਤਮਾ ਦੀ ਹੋਂਦ ਸੰਬੰਧੀ ਵੀ ਸਵਾਲ ਉਠਾਏ ਜਾਂਦੇ ਹਨ। ਆਸਤਿਕਾਂ ਨੂੰ ਲੱਗਦਾ ਹੈ ਕਿ ਨਾਸਤਿਕਤਾ ਹੀ ਸਾਰੇ ਪੁਆੜਿਆਂ ਦੀ ਜੜ੍ਹ ਹੈ। ਉਹਨਾਂ ਅਨੁਸਾਰ ਜੇਕਰ ਸਾਰੀ ਦੁਨੀਆਂ ਆਸਤਿਕ ਹੋ ਜਾਵੇ ਤਾਂ ਸਾਰੇ ਝਗੜੇ ਹੀ ਮੁੱਕ ਜਾਣ। ਇਸੇ ਤਰਾਂ ਨਾਸਤਿਕਾਂ ਨੂੰ ਇਹੀ ਲੱਗਦਾ ਹੈ ਕਿ ਨਾਸਤਿਕ ਹੀ ਅਸਲੀ ਇਨਸਾਨ ਹੁੰਦੇ ਹਨ ਕਿਉਂਕਿ ਉਹ ਕਿਸੇ ਕੱਟੜ ਧਰਮ ਦੀ ਬਜਾਇ ਇਨਸਾਨੀਅਤ ਵਿੱਚ ਵਿਸ਼ਵਾਸ ਰੱਖਦੇ ਹਨ। ਪਰ ਅਸਲੀਅਤ ਵਿੱਚ ਇਹ ਦੋਵੇਂ ਹੀ ਧਾਰਨਾਵਾਂ ਗਲਤ ਹਨ। ਕਿਉਂਕਿ ਸਾਰੇ ਆਸਤਿਕ ਅਸਲ ਵਿੱਚ ਆਸਤਿਕ ਹੁੰਦੇ ਹੀ ਨਹੀਂ। ਬਹੁਤੇ ਅਖੌਤੀ ਆਸਤਿਕ ਤਾਂ ਰੱਬ ਨੂੰ ਜੇਬ ਵਿੱਚ ਪਾ ਕੇ ਹੀ ਘੁੰਮਦੇ ਹਨ। ਉਹਨਾਂ ਨੇ ਆਪਣੇ ਮਾੜੇ ਕੰਮਾਂ ਨੂੰ ਛੁਪਾਉਣ ਖਾਤਰ ਹੀ ਧਰਮ ਦਾ ਚੋਲਾ ਪਹਿਨਿਆ ਹੁੰਦਾ ਹੈ। ਇਸੇ ਤਰਾਂ ਬਹੁਤੇ ਨਾਸਤਿਕ ਵੀ ਸਿਰਫ ਰੱਬ ਨੂੰ ਗਾਹਲਾਂ ਕੱਢਣ ਜੋਗੇ ਹੀ ਹੁੰਦੇ ਹਨ। ਉਹ ਰੱਬ ਨੂੰ ਨਕਾਰੀ ਵੀ ਜਾਣਗੇ ਅਤੇ ਗਾਹਲਾਂ ਵੀ ਕੱਢੀ  ਜਾਣਗੇ। ਇਸ ਲਈ ਉਹਨਾਂ ਨੂੰ ਰੱਬ ਨਾਲ ਰੁੱਸੇ ਹੋਏ ਤਾਂ ਮੰਨਿਆ ਜਾ ਸਕਦਾ ਹੈ ਪਰ ਰੱਬ ਤੋਂ ਮੁਨਕਰ ਨਹੀਂ ਮੰਨਿਆ ਜਾ ਸਕਦਾ। ਰੱਬ ਨਾਲ ਰੁੱਸਣ ਦਾ ਕਾਰਨ ਸਿਰਫ ਇਹ ਹੁੰਦਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਪਸੰਦ ਦੀ ਜ਼ਿੰਦਗੀ ਨਹੀਂ ਮਿਲੀ ਹੁੰਦੀ ਅਤੇ ਇਸ ਦਾ ਦੋਸ਼ ਉਹ ਉਸੇ ਹੀ ਰੱਬ ਨੂੰ ਦੇ ਰਹੇ ਹੁੰਦੇ ਹਨ ਜਿਸ ਨੂੰ ਉਹ ਨਾ ਮੰਨਣ ਦਾ ਦਾਅਵਾ ਕਰ ਰਹੇ ਹੁੰਦੇ ਹਨ। ਪਰ ਅਸਲੀਅਤ ਇਹ ਹੈ ਕਿ ਜੇਕਰ ਕੱਟੜਤਾ ਤਿਆਗ ਦਿੱਤੀ ਜਾਵੇ ਤਾਂ ਆਸਤਿਕ ਅਤੇ ਨਾਸਤਿਕ ਦੋਵੇਂ ਹੀ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਸਕਦੇ ਹਨ।
ਇਸੇ ਤਰਾਂ ਇਤਿਹਾਸਕ ਹਸਤੀਆਂ ਬਾਰੇ ਵੀ ਅਕਸਰ ਸਵਾਲ ਉਠਾਏ ਜਾਂਦੇ ਹਨ।  ਕੁਝ ਲੋਕਾਂ ਨੂੰ ਇਹ ਸਵਾਲ ਉਠਾਉਂਦੇ ਵੇਖਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਕਿਵੇਂ ਦੀਨ -ਦੁਖੀਆਂ ਦਾ ਰਾਖਾ ਮੰਨਿਆ ਜਾਵੇ ਕਿਉਂਕਿ ਉਹ ਤਾਂ ਖੁਦ ਇੱਕ ਸ਼ਾਹੀ ਜ਼ਿੰਦਗੀ ਜਿਉਂਦੇ ਸਨ। ਪਰ ਇਹ ਗੱਲ ਕਹਿਣ ਵੇਲੇ ਉਹ ਭੁੱਲ ਜਾਂਦੇ ਹਨ ਕਿ ਇਹ 300 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਜਾਗੀਰਦਾਰੀ ਸਮਾਜ ਸੀ ਅਤੇ ਬਾਦਸ਼ਾਹਾਂ ਨਾਲ ਟੱਕਰ ਕੋਈ ਗਰੀਬ ਆਦਮੀ ਸਿੱਧੇ ਰੂਪ ਵਿੱਚ ਤਾਂ ਲੈ ਹੀ ਨਹੀਂ ਸੀ ਸਕਦਾ। ਉਦੋਂ ਆਮ ਲੋਕਾਂ ਨੂੰ ਜਥੇਬੰਦ ਕਰਨ ਵਾਲੇ ਆਗੂ, ਬਿਲਕੁਲ ਹੇਠਲੇ ਤਬਕੇ ਵਿਚੋਂ ਆ ਹੀ  ਨਹੀਂ ਸੀ ਸਕਦੇ ਕਿਉਂਕਿ ਇਸ ਤਰਾਂ ਦੀ ਜਾਗਰੂਕਤਾ ਦਾ ਨਾਮੋ-ਨਿਸ਼ਾਨ ਹੀ ਨਹੀਂ ਸੀ। ਇਸ ਲਈ ਵੱਡੇ ਸਮਰਾਟ ਨਾਲ ਟੱਕਰ ਸਿੱਧੇ ਤੌਰ ਤੇ ਆਮ ਲੋਕਾਂ ਦੀ ਨਹੀਂ ਬਲਕਿ ਆਮ ਲੋਕਾਂ ਦੇ ਕਿਸੇ ਨੁਮਾਇੰਦੇ ਦੀ ਹੀ ਹੋ ਸਕਦੀ ਸੀ ਅਤੇ ਉਹ ਆਮ ਕਰਕੇ ਕੋਈ ਉਪਰਲੇ ਤਬਕੇ ਵਿਚੋਂ ਹੀ ਹੁੰਦਾ ਸੀ ਜਿਹੜਾ ਕਿ ਉਸ ਪ੍ਰਬੰਧ ਤੋਂ ਬਾਗੀ ਹੁੰਦਾ ਸੀ। ਕਿਉਂਕਿ ਉਸ ਜ਼ਮਾਨੇ ਵਿੱਚ ਗਰੀਬ ਆਦਮੀ ਕੋਲ ਤਾਂ ਆਪਣੀ ਰੋਜ਼ੀ – ਰੋਟੀ ਦੇ ਫਿਕਰ ਤੋਂ ਹੀ ਵਿਹਲ ਨਹੀਂ ਸੀ ਹੁੰਦੀ। ਨਾ ਹੀ ਅੱਜ ਵਰਗਾ ਕੋਈ ਮੀਡੀਆ ਹੁੰਦਾ ਸੀ ਜਿਸ ਤੋਂ ਲੋਕਾਂ ਵਿੱਚ ਜਾਗਰੂਕਤਾ ਫੈਲ ਸਕੇ। ਆਮ ਗਰੀਬ ਲੋਕਾਂ ਨੇ ਆਪਣੇ ਬਾਦਸ਼ਾਹ ਦੀ ਸ਼ਕਲ ਤੱਕ ਨਹੀਂ ਵੇਖੀ ਹੁੰਦੀ ਸੀ। ਉਹ ਸਿਰਫ ਆਪਣੇ ਇਲਾਕੇ ਦੇ ਕੁਝ ਸਥਾਨਕ ਅਫਸਰਾਂ ਨੂੰ ਹੀ ਜਾਣਦੇ ਹੁੰਦੇ ਸਨ। ਉਹਨਾਂ ਵਾਸਤੇ ਤਾਂ ਅਸਲੀ ਹਾਕਮ ਦਰੋਗਾ ਅਤੇ ਪਟਵਾਰੀ ਹੀ ਹੁੰਦੇ ਸਨ।
ਇਸੇ ਤਰਾਂ ਹੀ ਆਸਟਰੇਲੀਆ ਦੀ ਇੱਕ ਸੰਸਥਾ ਤਾਂ ਹਰੀ ਸਿੰਘ ਨਲੂਏ ਨੂੰ ਦੁਨੀਆਂ ਦਾ ਸਭ ਤੋਂ ਧੜੱਲੇਦਾਰ ਯੋਧਾ ਕਹਿ ਰਹੀ ਹੈ ਪਰ ਨਲੂਏ ਦੇ ਆਪਣੇ ਦੇਸ਼ ਵਾਲੇ ਕੁਝ ‘ਮਾਡਰਨ ਵਿਦਵਾਨ’  ਉਸ ਨੂੰ ਸਾਮਰਾਜੀ ਧਾੜਵੀ ਗਰਦਾਨ ਰਹੇ ਹਨ। ਉਹਨਾਂ ਵਿਦਵਾਨਾਂ ਨੂੰ ਖੈਬਰ ਪਾਰ ਤੋਂ ਆਉਣ ਵਾਲੇ ਧਾੜਵੀਆਂ ਦੇ ਜ਼ੁਲਮ ਤਾਂ ਨਜ਼ਰ ਨਹੀਂ ਆਉਂਦੇ, ਜਿਨਾਂ ਨੇ ਨਲੂਏ ਤੋਂ ਪਹਿਲਾਂ 800  ਸਾਲਾਂ ਤੱਕ ਸਾਡੀ ਧਰਤੀ ਨੂੰ ਲੁੱਟ ਲੁੱਟ ਕੇ ਖਾ ਲਿਆ ਸੀ। ਪਰ ਜੇਕਰ ਨਲੂਏ ਨੇ ਉਲਟੀ ਗੰਗਾ ਵਗਾ ਦਿੱਤੀ ਤਾਂ ਉਹ ਧਾੜਵੀ ਹੋ ਗਿਆ। ਆਖਰ ਨਲੂਏ ਨੇ ਵੀ ਤਾਂ ਉਸ ਜ਼ਮਾਨੇ ਦੇ ਹਿਸਾਬ ਨਾਲ ਜਿਸ ਤਰਾਂ ਦਾ ਇਲਾਜ ਸੰਭਵ ਸੀ ਉਸੇ ਤਰਾਂ ਦਾ ਹੀ ਕਰਨਾ ਸੀ।  ਹੋਰ ਕੋਈ ਉਹਨਾਂ ਧਾੜਵੀਆਂ ਨੂੰ ਰੋਕਣ ਵਾਸਤੇ  ਉਸ ਜ਼ਮਾਨੇ ਵਿੱਚ ਮਰਨ-ਵਰਤ ਤਾਂ ਰੱਖਣਾ ਨਹੀਂ ਸੀ। ਲੋਹੇ ਨੂੰ ਲੋਹੇ ਨਾਲ ਹੀ ਕੱਟਣਾ ਪੈਣਾ ਸੀ ਕਿਉਂਕਿ ਭਾਰਤੀ ਉਪਮਹਾਂਦੀਪ ਵਿੱਚ ਉਦੋਂ ਇਹੀ ਵਿਧਾਨ ਹਰ ਜਗਾਹ ਤੇ ਲਾਗੂ ਸੀ।
ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਇਤਿਹਾਸਕ ਹਸਤੀ ਬਾਰੇ ਅਸੀਂ ਸਵਾਲ ਉਠਾ ਰਹੇ ਹਾਂ, ਉਸ ਦੇ ਵੇਲੇ ਦੇ ਸਮਾਜ ਦੀ ਹਾਲਤ ਕੀ ਸੀ। ਕਿਉਂਕਿ ਉਹ ਹਸਤੀ ਆਪਣੇ ਸਮੇਂ ਦੇ ਹਾਲਾਤ ਅਨੁਸਾਰ ਹੀ ਨਵੀਂ ਸੋਚ ਵਾਲੀ ਹੋ ਸਕਦੀ ਸੀ। ਜਿਵੇਂ ਕਿ ਭਗਤ ਕਬੀਰ ਅਤੇ ਗੁਰੂ ਨਾਨਕ ਦੇ ਸਮੇਂ, ਜਾਤੀ ਸਮਾਜ ਉੱਤੇ, ਓਨੀ ਕੁ ਚੋਟ ਕਰਨੀ ਹੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਜਿੰਨੀ ਉਹਨਾਂ ਨੇ ਕਰ ਦਿੱਤੀ।  ਨਾਲੇ ਮਹਾਨ ਇਨਸਾਨਾਂ  ਨੇ ਸਮਾਜਿਕ ਤਬਦੀਲੀ ਵਾਸਤੇ ਕੰਮ ਕਰਨਾ ਹੁੰਦਾ ਹੈ ਨਾ ਕਿ ਆਪਣੀ ਹਉਮੈ ਪੂਰਤੀ ਖਾਤਰ ਲੜਨਾ ਹੁੰਦਾ ਹੈ। ਉਹਨਾਂ ਨੇ ਇੱਕ ਡਾਕਟਰ ਵਾਂਗ ਸਮਾਜ ਰੂਪੀ ਮਰੀਜ਼ ਨੂੰ ਦਵਾਈ ਦੇਣੀ ਹੁੰਦੀ ਹੈ ਜਾਂ ਟੀਕਾ ਲਾਉਣਾ ਹੁੰਦਾ ਹੈ। ਪਰ ਇਹ ਸਭ ਕੁਝ ਕਰਨ ਵੇਲੇ ਉਹਨਾਂ ਨੇ ਮਰੀਜ਼ ਦੀ ਹਾਲਤ ਦਾ ਵੀ ਧਿਆਨ ਰੱਖਣਾ ਹੁੰਦਾ ਹੈ ਅਤੇ ਮਰੀਜ਼ ਨੂੰ ਓਨੀ ਹੀ ਡੋਜ਼ ਦੇਣੀ ਹੁੰਦੀ ਹੈ ਜਿੰਨੀ ਕਿ ਉਹ ਸਹਿ ਸਕਦਾ ਹੋਵੇ। ਜੇਕਰ ਛੇਤੀ  ਛੇਤੀ  ਠੀਕ ਕਰਨ ਦੇ ਚੱਕਰ ਵਿਚ ਡੋਜ਼ ਵਧਾ ਦਿੱਤੀ ਜਾਵੇ ਤਾਂ ਮਰੀਜ਼ ਪਾਗਲ ਹੋ ਸਕਦਾ ਹੈ ਜਾਂ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਪਰ ਸਾਡੀ ਅੱਜ ਦੀ ਸਮੱਸਿਆ ਇਹ ਹੁੰਦੀ ਹੈ ਕਿ ਅਸੀਂ ਇਤਿਹਾਸ ਦੇ ਉਸ ਸਮੇਂ ਦੀਆਂ ਹਕੀਕਤਾਂ ਤੋਂ ਅਣਜਾਣ ਹੋਣ ਕਾਰਨ ਉਸ ਵੇਲੇ ਦੇ ‘ਡਾਕਟਰ’  ਨੂੰ ਹੀ ਨਿੰਦਦੇ ਰਹਿੰਦੇ ਹਾਂ ਕਿ ਉਸਨੇ ਆਹ ਤਰੀਕਾ ਕਿਉਂ ਨਹੀਂ ਵਰਤਿਆ, ਫਲਾਣੀ ਦਵਾਈ ਕਿਉਂ ਨਹੀਂ ਦਿੱਤੀ।
ਤੁਸੀਂ ਦੁਨੀਆਂ ਭਰ ਦੇ ਇਨਕਲਾਬਾਂ ਦੇ ਮੋਢੀਆਂ ਦੀ ਜ਼ਿੰਦਗੀ ਬਾਰੇ ਪੜ੍ਹ ਲਉ। ਉਹ ਸਾਰੇ ਆਮ ਕਰਕੇ ਉੱਚ ਵਰਗ ਜਾਂ ਮੱਧ ਵਰਗ ਵਿਚੋਂ ਹੀ ਆਏ ਸਨ। ਪਰ ਉਹਨਾਂ ਸਮਿਆਂ ਦੇ ਆਗੂਆਂ ਦਾ,  ਸਭ ਤੋਂ ਵੱਧ ਸਾਥ ਦੇਣ ਵਾਲੇ ਆਮ ਲੋਕ ਹੀ ਹੁੰਦੇ ਸਨ। ਆਮ ਵਰਗ, ਅਗਵਾਈ ਕਰਨ ਵਿਚ ਭਾਵੇਂ ਮੋਹਰੀ ਨਹੀਂ ਸੀ ਪਰ ਕੁਰਬਾਨੀਆਂ ਕਰਨ ਵਿਚ ਓਹੀ ਮੋਹਰੀ ਸੀ। 1789 ਦੇ ਫਰਾਂਸੀਸੀ ਇਨਕਲਾਬ ਦੇ ਨਾਇਕਾਂ ਮੀਰਾਬ, ਰਾਬਸਪੀਅਰ ਅਤੇ ਲਾਫਾਇਤ ਵਿਚੋਂ ਕੌਣ  ਕਿਸੇ ਗਰੀਬ ਕਿਸਾਨ ਜਾਂ ਮਜ਼ਦੂਰ ਦਾ ਪੁੱਤ ਸੀ? ਉਹ ਸਾਰੇ ਆਗੂ ਉੱਚ ਵਰਗ ਵਿਚੋਂ ਹੀ ਸਨ। ਪਰ ਬਾਸਤੀਲ ਦੀ ਜੇਲ ਤੋੜਨ ਵੇਲੇ ਅਤੇ ਸਮਰਾਟ ਦਾ ਮਹਿਲ ਘੇਰਨ ਵੇਲੇ, ਹਿੱਕ ਵਿਚ ਗੋਲੀਆਂ ਖਾਣ  ਵਾਲੇ ਆਮ ਲੋਕ ਹੀ ਸਨ।  ਦੁਨੀਆਂ ਵਿੱਚ ਆਮ ਲੋਕਾਂ ਦੇ ਵਿਚੋਂ ਆਗੂ ਬਣਨ ਦੀ ਕਹਾਣੀ ਤਾਂ ਵੀਹਵੀਂ ਸਦੀ ਦੀ ਸ਼ੁਰੂਆਤ ਦੇ ਨੇੜੇ ਤੇੜੇ ਹੀ ਵਾਪਰੀ। ਰੂਸ ਦਾ 1917 ਵਾਲਾ ਇਨਕਲਾਬ ਇਸ ਵਿਚ ਇੱਕ ਮੀਲ ਪੱਥਰ ਸੀ। ਭਾਰਤ ਵਿੱਚ ਸ਼ਾਇਦ ਗਦਰ ਲਹਿਰ ਹੀ ਪਹਿਲੀ ਵੱਡੀ ਲਹਿਰ ਸੀ ਜਿਸ ਦੇ ਆਗੂ ਆਮ ਲੋਕਾਂ ਵਿਚੋਂ ਆਏ। ਨਹੀਂ ਤਾਂ ਉਸ ਤੋਂ 29 ਸਾਲ ਪਹਿਲਾਂ ਕਾਂਗਰਸ ਦੀ ਸਥਾਪਨਾ ਕਰਨ ਵਾਲੇ ਤਾਂ ਬਹੁਤੇ ਰਜਵਾੜੇ ਜਾਂ ਧਨਾਢ ਹੀ ਸਨ।
ਇਸ ਲਈ ਅਸੀਂ ਸਵਾਲ ਜਰੂਰ ਉਠਾਈਏ ਪਰ ਕਿਸੇ ਇਤਿਹਾਸਕ ਨਾਇਕ, ਸੰਸਥਾ ਜਾਂ ਵਿਚਾਰਧਾਰਾ ਦੀ ਮਹਾਨਤਾ ਨੂੰ ਸਿਰਫ ਇਸ ਕਰਕੇ ਹੀ ਨਾ ਨਕਾਰ ਦੇਈਏ ਕਿ ਉਸ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਜਾਂ ਅਸੀਂ ਉਸਦੇ ਢੰਗ ਨਾਲ ਸਹਿਮਤ ਨਹੀਂ ਹਾਂ। ਹੁਣੇ ਹੁਣੇ ਫਰਾਂਸ ਵਿੱਚ ਹੋਏ ਅੱਤਵਾਦੀ ਹਮਲੇ ਦਾ ਕਾਰਨ ਵੀ ਕੁਝ ਇਸੇ ਹੀ ਤਰਾਂ ਦੀ ਤਰਾਸਦੀ ਵਿਚੋਂ ਨਿਕਲਿਆ ਸੀ। ਸਵਾਲ ਉਠਾਉਣ ਵੇਲੇ ਕਿਸੇ ਫਿਰਕੇ ਨੂੰ ਚਿੜਾਉਣ ਦਾ ਮਕਸਦ ਨਹੀਂ ਹੋਣਾ ਚਾਹੀਦਾ। ਬੋਲਣ ਦੀ ਆਜ਼ਾਦੀ ਕਿਸੇ ਵੀ ਤਰਾਂ ਨਾਲ ਗਾਹਲਾਂ ਕੱਢਣ ਦੀ ਆਜ਼ਾਦੀ ਨਹੀਂ ਹੁੰਦੀ।  ਕਿਉਂਕਿ ਸਵਾਲ ਉਠਾਉਣਾ ਹੋਰ ਗੱਲ ਹੈ ਪਰ ਆਪਣੀ ਥੋੜੀ ਜਾਣਕਾਰੀ ਦੇ ਕਾਰਨ ਕਿਸੇ ਉੱਤੇ ਨਜਾਇਜ਼ ਦੋਸ਼ ਲਾਉਣਾ ਬਿਲਕੁਲ ਹੀ ਹੋਰ ਗੱਲ ਹੈ।  ਯਾਦ ਰੱਖੋ, ਕਿਸੇ ਨੂੰ ਪੜ੍ਹਾਉਣ ਵਾਸਤੇ ਪਹਿਲਾਂ ਖੁਦ ਪੜ੍ਹਨਾ ਪੈਂਦਾ ਹੈ।

One thought on “ਆਉ ਸਵਾਲ ਉਠਾਈਏ!

  1. Gurdit bai Sara kush lapet gia gall fir vi kise paase ni laai swaal utha ke haale tusin dekhia hi kithe hai nahi taan tuhadi shaili koi hor honi si ….

Comments are closed.

Install Punjabi Akhbar App

Install
×