ਲਹੌਰ ‘ਚ ਪ੍ਰਸਿੱਧੀ ਖੱਟ ਕੇ ਮੁੰਬਈ ‘ਚ ਰੁਖ਼ਸਤ ਹੋਈ ਸੁਗੰਧਤ ਆਵਾਜ਼ ਦੀ ਮਾਲਕਣ -ਸ਼ਮਸ਼ਾਦ ਬੇਗਮ

”ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀ ਆਂ, ਗਲੀ ਭੁੱਲ ਨਾ ਜਾਵੇ ਨੀ ਚੰਨ ਮੇਰਾ”

Samshadਪੰਜਾਬੀ ਦੀ ਗਾਇਕੀ ਵਿੱਚ ਭਾਵੇਂ ਹਜ਼ਾਰਾਂ ਗਾਇਕਾਂ ਅਤੇ ਗਾਇਕਾਵਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਹੈ, ਪਰ ਦਹਾਕਿਆਂ ਤੋਂ ਰੇਡੀਓ ਤੇ ਚੱਲ ਰਿਹਾ ਪੰਜਾਬੀ ਗੀਤ ‘ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀ ਆਂ, ਗਲੀ ਭੁੱਲ ਨਾ ਜਾਵੇ ਨੀ ਚੰਨ ਮੇਰਾ’ ਏਨਾ ਮਕਬੂਲ ਹੋਇਆ ਹੈ ਕਿ ਅੱਜ ਵੀ ਗੀਤ ਦੇ ਬੋਲ ਸੁਣ ਕੇ ਆਦਮੀ ਦੇ ਪੈਰ ਰੁਕ ਜਾਂਦੇ ਨੇ, ਕੰਨਾਂ ਵਿੱਚ ਰਸ ਘੁਲ ਜਾਂਦੈ, ਜਖ਼ਮਾਂ ਦਾ ਦਰਦ ਘਟ ਜਾਂਦੈ ਅਤੇ ਮਨ ਤੋਂ ਬੋਝ ਲਹਿ ਗਿਆ ਮਹਿਸੂਸ ਹੋਣ ਲਗਦਾ ਹੈ। ਇਹ ਬੋਲ ਸਾਂਝੇ ਪੰਜਾਬ ਦੀ ਮਹਾਨ ਗਾਇਕਾ ਸ਼ਮਸ਼ਾਦ ਬੇਗਮ ਦੇ ਹਨ, ਜੋ ਲਹੌਰ ਦੇ ਇੱਕ ਮੁਸਲਮਾਨ ਪਰਿਵਾਰ ਵਿੱਚ ਜਨਮੀ ਅਤੇ ਪੰਜਾਬੀ ਸਮੇਤ ਕਈ ਭਾਸ਼ਾਵਾਂ ਰਾਹੀਂ ਸਰੋਤਿਆਂ ਨੂੰ ਕੀਲਦੀ ਹੋਈ 94 ਸਾਲ ਉਮਰ ਭੋਗ ਕੇ ਮੁੰਬਈ ‘ਚ ਰੁਖ਼ਸਤ ਹੋ ਗਈ।

ਭਾਰਤ ਪਾਕਿ ਵੰਡ ਤੋਂ ਪਹਿਲਾਂ ਅਤੇ ਅੰਗਰੇਜੀ ਹਕੂਮਤ ਵੱਲੋਂ ਭਾਰਤੀਆਂ ਤੇ ਕੀਤੇ ਜਾਣ ਵਾਲੇ ਕਹਿਰ ਜਲ੍ਹਿਆਂਵਾਲਾ ਬਾਗ ਦੀ ਘਟਨਾ ਤੋਂ ਅਗਲੇ ਦਿਨ ਲਾਹੌਰ ਵਿਖੇ 14 ਅਪਰੈਲ 1919 ਨੂੰ ਪਿਤਾ ਹੁਸੈਨ ਬਖਸ਼ ਦੇ ਘਰ ਮਾਤਾ ਗੁਲਾਮ ਫਾਤਿਮਾ ਦੀ ਕੁੱਖੋਂ ਜਨਮੀ ਸ਼ਮਸ਼ਾਦ ਬੇਗਮ ਨੇ ਜਦੋਂ ਪਹਿਲੀ ਰੋਣ ਦੀ ਅਵਾਜ਼ ਕੱਢੀ, ਸ਼ਾਇਦ ਉਹ ਵੀ ਕਲਾਸੀਕਲ ਗਾਇਕੀ ਵਿੱਚ ਹੀ ਹੋਵੇਗੀ, ਉਸਦੇ ਜੀਵਨ ਦੇ ਪ੍ਰਸੰਗ ਵਿੱਚ ਦੇਖਿਆਂ ਤਾਂ ਇਹ ਸੱਚਾਈ ਹੀ ਜਾਪਦੀ ਹੈ, (ਕੁੱਝ ਲੇਖਕ ਉਸਦਾ ਜਨਮ ਸਥਾਨ ਅਮ੍ਰਿਤਸਰ ਵੀ ਮੰਨਦੇ ਹਨ)। ਪ੍ਰਾਇਮਰੀ ਸਕੂਲ ਵਿੱਚ ਪੜ੍ਹਦੀ ਸ਼ਮਸ਼ਾਦ ਨੇ ਪੰਜ ਸਾਲ ਦੀ ਉਮਰ ਵਿੱਚ ਜਦ ਜਮਾਤ ਵਿੱਚ ਪਹਿਲੀ ਵਾਰ ਗੀਤ ਪੇਸ ਕੀਤਾ ਤਾਂ ਅਧਿਆਪਕਾਂ ਦੇ ਵੀ ਮੂੰਹ ਅੱਡੇ ਰਹਿ ਗਏ, ਕਿਉਂਕਿ ਉਸਦੀ ਆਵਾਜ਼ ਦਿਲਾਂ ਨੂੰ ਛੂਹਣ ਵਾਲੀ ਸੀ। ਉਸਨੂੰ ਜਮਾਤ ਦੀ ਵਧੀਆ ਗਾਇਕ ਵਜੋਂ ਸਨਮਾਨ ਮਿਲਿਆ, ਦਸ ਸਾਲ ਦੀ ਉਮਰ ਵਿੱਚ ਉਹ ਲੋਕ ਤੱਥ ਗਾਉਣ ਲੱਗ ਪਈ ਅਤੇ ਫਿਰ ਉਹ ਗ਼ਜਲ ਅਤੇ ਕਲਾਸੀਕਲ ਗਾਇਕੀ ਵੱਲ ਵੀ ਰੁਚਿਤ ਹੋ ਗਈ।

16 ਦਸੰਬਰ 1937 ਨੂੰ ਲਹੌਰ ਵਿਖੇ ਆਲ ਇੰਡੀਆ ਰੇਡੀਓ ਦੀ ਸਥਾਪਨਾ ਕੀਤੀ ਗਈ ਤਾਂ ਇਸ ਮੌਕੇ ਹੋਏ ਸਮਾਗਮ ਵਿੱਚ ਸ਼ਮਸ਼ਾਦ ਬੇਗਮ ਨੇ ਗੀਤ ਪੇਸ਼ ਕਰਕੇ ਆਪਣੇ ਅਸਲ ਗਾਇਕੀ ਜੀਵਨ ਵਿੱਚ ਪੈਰ ਧਰਿਆ। ਉਸ ਦੀ ਆਵਾਜ਼ੀ ਖਿੱਚ ਨੂੰ ਦੇਖਦਿਆਂ ਰੇਡੀਓ ਮੈਨੇਜਮੈਂਟ ਵੱਲੋਂ ਉਸਨੂੰ ਲਗਾਤਾਰ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਦੀ ਪੇਸ਼ਕਸ ਕੀਤੀ ਗਈ, ਪਰ ਉਸ ਸਮੇਂ ਲੜਕੀਆਂ ਦਾ ਇਸ ਕਿੱਤੇ ਵਿੱਚ ਸਾਮਲ ਹੋਣਾ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਸ਼ਮਸ਼ਾਦ ਦੇ ਪਿਤਾ ਨੇ ਉਸਨੂੰ ਗਾਇਕੀ ਤੋਂ ਮਨ੍ਹਾਂ ਕਰ ਦਿੱਤਾ, ਪਰ ਪਰਿਵਾਰ ਦੇ ਕਈ ਮੈਂਬਰ ਅਤੇ ਖ਼ੁਦ ਸ਼ਮਸ਼ਾਦ ਗਾਇਕੀ ਦੇ ਖੇਤਰ ਤੇ ਮਾਣ ਕਰ ਰਹੀ ਸੀ ਅਤੇ ਉਹ ਇਸ ਖੇਤਰ ਵਿੱਚ ਪ੍ਰਵੇਸ਼ ਕਰਨ ਦੇ ਹੱਕ ਵਿੱਚ ਸਨ। ਬਹੁਤਾ ਜੋਰ ਪਾਉਣ ਤੇ ਉਸਦੇ ਪਿਤਾ ਨੇ ਇਸ ਸ਼ਰਤ ਤੇ ਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਕਿ ਉਹ ਬੁਰਕਾ ਪਹਿਨ ਕੇ ਹੀ ਗਾਏਗੀ ਅਤੇ ਫੋਟੋ ਨਹੀਂ ਖਿਚਵਾਏਗੀ। ਮਨਜੂਰੀ ਮਿਲਣ ਤੇ ਉਹ ਬੁਰਕਾ ਪਹਿਨ ਕੇ ਗਾਉਂਦੀ ਰਹੀ, ਪਰ ਛੇਤੀ ਹੀ ਉਸਦੀ ਗਾਇਕੀ ਸਾਂਝੇ ਪੰਜਾਬ ਦੇ ਵਾਸੀਆਂ ਦੇ ਦਿਲਾਂ ਵਿੱਚ ਖੁੱਭ ਗਈ।

Samshad ..

ਉਧਰ ਸ਼ਮਸ਼ਾਦ ਦੀ ਆਵਾਜ਼ ਦੇ ਜਾਦੂ ਨੇ ਫਿਲਮੀ ਡਾਇਰੈਕਟਰਾਂ ਪ੍ਰਡਿਊਸਰਾਂ ਵਿੱਚ ਵੀ ਖਿੱਚ ਪੈਦਾ ਕਰ ਦਿੱਤੀ। ਉਸਨੂੰ ਫਿਲਮਾਂ ਲਈ ਗਾਉਣ ਵਾਸਤੇ ਸੱਦੇ ਮਿਲਣ ਲੱਗੇ, ਕਾਫ਼ੀ ਸੋਚ ਵਿਚਾਰ ਉਪਰੰਤ ਉਸਨੇ ਆਪਣੇ ਪਿਤਾ ਦੀ ਪ੍ਰਵਾਨਗੀ ਅਨੁਸਾਰ ਪਿੱਠਵਰਤੀ ਗਾਇਕਾ ਵਜੋਂ ਹਾਂ ਕਰ ਦਿੱਤੀ ਅਤੇ ਫਿਲਮ ਪ੍ਰੋਡਕਟਰ ਦਿਲਸੁਖ ਪੰਚੋਲੀ ਦੀ ਪੰਜਾਬੀ ਫਿਲਮ ‘ਯਮ੍ਹਲਾ ਜੱਟ’ ਲਈ ਗਾਇਆ। ਇੱਥੋਂ ਮਿਲੇ ਹੌਂਸਲੇ ਸਦਕਾ ਉਸਨੇ ਫਿਰ ਮੁੜ ਕੇ ਨਹੀਂ ਦੇਖਿਆ ਅਤੇ ਆਪਣੇ ਆਪ ਨੂੰ ਗਾਇਕੀ ਲਈ ਸਮਰਪਿਤ ਕਰ ਦਿੱਤਾ। ਉਸਨੇ ਜਿੱਥੇ ਰੇਡੀਓ ਲਈ ਗਾਇਆ ਉੱਥੇ ਫਿਲਮਾਂ ਲਈ ਪਿੱਠਵਰਤੀ ਗਾਇਕਾ ਵਜੋਂ ਸੇਵਾ ਕਰਦਿਆਂ ਗੀਤਾਂ ਨੂੰ ਰਿਕਾਰਡਿੰਗ ਕਰਵਾਇਆ ਜੋ ਤਵਿਆਂ ਰਾਹੀਂ ਪ੍ਰੋਗਰਾਮਾਂ ਸਮੇਂ ਲਾਊ૮ਡ ਸਪੀਕਰਾਂ ਤੋਂ ਵਜਦੇ ਰਹੇ। ਆਪਣੇ ਜੀਵਨ ਵਿੱਚ ਉਸਨੇ ਪੰਜਾਬੀ, ਮਰਾਠੀ, ਗੁਜਰਾਤੀ, ਬੰਗਾਲੀ, ਤਾਮਿਲ ਆਦਿ ਭਾਸ਼ਾ ਵਿੱਚ ਛੇ ਹਜ਼ਾਰ ਤੋਂ ਵੱਧ ਗੀਤ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤੇ।

ਸ਼ਮਸ਼ਾਦ ਨੇ ਅਜੇ ਜਵਾਨੀ ਵਿੱਚ ਪੈਰ ਹੀ ਧਰਿਆ ਸੀ ਉਸਦੀਆਂ ਇੱਕ ਗੁਆਂਢੀ ਹਿੰਦੂ ਪਰਿਵਾਰ ਵਿੱਚ ਜਨਮੇ ਵਕਾਲਤ ਦੇ ਵਿਦਿਆਰਥੀ ਗੱਭਰੂ ਗਣਪਤ ਲਾਲ ਬੱਟੋ ਨਾਲ ਅੱਖੀਆਂ ਮਿਲ ਗਈਆਂ, ਕੁਝ ਸਮਾਂ ਆਪਣੇ ਆਪਣੇ ਪਰਿਵਾਰਾਂ ਅਤੇ ਸਮਾਜ ਤੋਂ ਲੁਕਣਮੀਟੀ ਖੇਡਣ ਉਪਰੰਤ ਇਹ ਪਿਆਰ ਜੱਗ ਜਾਹਰ ਹੋ ਗਿਆ। ਦੋਵੇਂ ਸ਼ਾਦੀ ਲਈ ਰਜਾਮੰਦ ਸਨ, ਪਰ ਪਰਿਵਾਰ ਧਰਮਾਂ ਦੇ ਵਖ਼ਰੇਵੇਂ ਕਾਰਨ ਸ਼ਸ਼ੋਪੰਜ ਵਿੱਚ ਰਹੇ, ਕੁਝ ਹੀ ਸਮੇਂ ਬਾਅਦ ਪਿਆਰ ਮੂਹਰੇ ਸਭ ਨੇ ਹਥਿਆਰ ਸੁੱਟ ਦਿੱਤੇ ਅਤੇ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਏ ਅਤੇ ਉਹਨਾਂ ਦੇ ਘਰ ਇੱਕ ਪੁੱਤਰੀ ਊਸ਼ਾ ਨੇ ਜਨਮ ਲਿਆ। ਇਸਤੋਂ ਕੁੱਝ ਸਮੇਂ ਬਾਅਦ ਗਣਪਤ ਲਾਲ ਦੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ, ਜਿਸ ਕਾਰਨ ਸ਼ਮਸ਼ਾਦ ਦੇ ਸਿਰ ਦੁੱਖਾਂ ਦਾ ਪਹਾੜ ਡਿੱਗ ਪਿਆ। ਪਰ ਫਿਲਮੀ ਡਾਇਰੈਕਟਰ ਮਹਿਬੂਬ ਖਾਨ ਵਰਗਿਆਂ ਵੱਲੋਂ ਦਿੱਤੇ ਹੌਂਸਲੇ ਅਤੇ ਮਦਦ ਤੇ ਸਹਿਯੋਗ ਸਦਕਾ ਉਹ ਸੰਭਲ ਗਈ ਅਤੇ 1944 ‘ਚ ਉਹ ਲਹੌਰ ਛੱਡ ਕੇ ਮੁੰਬਈ, ਜਿਸਨੂੰ ਉਦੋਂ ਬੰਬਈ ਕਿਹਾ ਜਾਂਦਾ ਸੀ ਵਿਖੇ ਰਹਿਣ ਲੱਗ ਪਈ। ਇੱਕ ਵੱਡੇ ਦੁੱਖ ਚੋਂ ਨਿਕਲ ਕੇ ਉਸਨੇ ਆਪਣੇ ਗਾਇਕੀ ਦੇ ਪੇਸ਼ੇ ਨੂੰ ਮੁੜ ਪੂਰੀ ਸੁਹਿਰਦਤਾ ਨਾਲ ਸੁਰੂ ਕੀਤਾ। ਉਸਨੇ ਮਹਿਬੂਬ ਖਾਨ ਦੀ ਫਿਲਮ ਹੰਮਾਯੂ ਲਈ ਗੀਤ ਨੈਨਾ ਭਰ ਆਏ ਨੀਰ ਗਾਇਆ, ਜਿਸਨੂੰ ਦਰਸਕਾਂ ਨੇ ਬਹੁਤ ਸਲਾਹਿਆ।

ਸ਼ਮਸ਼ਾਦ ਦੇ ਪੰਜਾਬੀ ਭਾਸ਼ਾ ਦੇ ਗੀਤ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ ਗਲੀ ਭੁੱਲ ਨਾ ਜਾਵੇ ਨੀ ਚੰਨ ਮੇਰਾ, ਹਾਏ ਨੀ ਮੇਰਾ ਬਾਲਮ ਹੈ ਬੜਾ ਜਾਲਮ, ਮੇਰੀ ਲਗਦੀ ਕਿਸੇ ਨਾ ਵੇਖੀ ਤੇ ਟੁਟਦੀ ਨੂੰ ਜੱਗ ਜਾਣਦਾ, ਛੱਬੀ ਦੀ ਚੁੰਨੀ ਮੈਂ ਮਲ ਮਲ ਧੋਂਦੀ ਆਂ ਮਾਹੀ ਗਿਆ ਪਰਦੇਸ ਮੈਂ ਛਮ ਛਮ ਰੋਂਦੀ ਆਂ, ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬਹਿੰਦੀ, ਭਾਵੇਂ ਬੋਲ ਤੇ ਭਾਵੇਂ ਨਾ ਬੋਲ ਪਰ ਰਹਿ ਅੱਖੀਆਂ ਦੇ ਕੋਲ, ਜਿੱਥੇ ਬਹੁਤ ਮਕਬੂਲ ਹੋਏ ਉੱਥੇ ਉਸ ਵੱਲੋਂ ਗਾਈ ਗਈ ਹੀਰ ਵੀ ਸਰੋਤਿਆਂ ਨੇ ਖੂਬ ਸਲਾਹੀ। ਜੇਕਰ ਹਿੰਦੀ ਗੀਤਾਂ ਦੀ ਗੱਲ ਕਰੀਏ ਤਾਂ ਮੇਰੇ ਪੀਆ ਗਏ ਰੰਗੂਨ, ਕਜਰਾ ਮੁਹੱਬਤ ਵਾਲਾ ਅੱਖੀਓ ਮੇਂ ਐਸਾ ਡਾਲਾ, ਕਹੀਂ ਪੇ ਨਿਗਾਹੋਂ ਕਹੀਂ ਪੇ ਨਿਸ਼ਾਨਾ, ਨੈਨਾ ਭਰ ਆਏ ਨੀਰ, ਸਰੋਤਿਆਂ ਦੇ ਦਿਲਾਂ ਤੇ ਅੱਜ ਵੀ ਰਾਜ ਕਰ ਰਹੇ ਹਨ। ਇਸਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਗਾਏ ਗੀਤਾਂ ਨੂੰ ਉਹਨਾਂ ਦੇ ਖੇਤਰਾਂ ਵਿੱਚ ਅੱਜ ਵੀ ਆਨੰਦ ਨਾਲ ਸੁਣਿਆਂ ਜਾਂਦਾ ਹੈ। ਉਸਦੇ ਗੀਤ ਸਦਾਬਹਾਰ ਗੀਤ ਹਨ ਜਿਹਨਾਂ ਨੂੰ ਜੇ ਦਹਾਕਿਆਂ ਤੋਂ ਸਰੋਤੇ ਦਿਲ ਰੋਕ ਕੇ ਸੁਣਦੇ ਆ ਰਹੇ ਹਨ ਤਾਂ ਅੱਜ ਦੀ ਪੀੜ੍ਹੀ ਵੀ ਪੂਰੀ ਮਾਨਤਾ ਦਿੰਦੀ ਹੈ।

ਸ਼ਮਸ਼ਾਦ ਦੀ ਪ੍ਰਸਿੱਧੀ ਲਈ ਭਾਵੇਂ ਕਈ ਸਹਿਯੋਗੀਆਂ ਨੇ ਮੱਦਦ ਕੀਤੀ, ਪਰ ਗੁਲਾਮ ਹੈਦਰ ਉਸਦੇ ਮੁੱਖ ਉਸਤਾਦ ਬਣੇ। ਉਸ ਨੇ ਸਾਰੰਗੀ ਮਾਸਟਰ ਉਸਤਾਦ ਹੁਸੈਨ ਬਖਸ਼ਵਾਲਾ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਅਤੇ ਲਾਹੌਰ ਦੇ ਮਸ਼ਹੂਰ ਕੰਪੋਜ਼ਰ ਗ਼ੁਲਾਮ ਹੈਦਰ ਦੇ ਸੰਗੀਤ ਹੇਠ ਕਈ ਫਿਲਮਾਂ ਲਈ ਗਾਇਆ, ਜਿਹਨਾਂ ਵਿੱਚ ਫਿਲਮ ਖਜ਼ਾਨਚੀ ਅਤੇ ਖ਼ਾਨਦਾਨ ਬਹੁਤ ਪ੍ਰਸਿੱਧ ਹੋਈਆਂ। 1947 ਦੀ ਵੰਡ ਸਮੇਂ ਗ਼ੁਲਾਮ ਹੈਦਰ ਭਾਰਤ ਨੂੰ ਅਲਵਿਦਾ ਕਹਿ ਕੇ ਪਾਕਿਸਤਾਨ ਚਲੇ ਗਏ, ਪਰ ਸਾਰੀ ਉਮਰ ਸ਼ਮਸ਼ਾਦ ਉਹਨਾਂ ਦੇ ਵਿਛੋੜੇ ਦੀ ਗਾਇਕੀ ਖੇਤਰ ਲਈ ਵੱਡੀ ਘਾਟ ਮਹਿਸੂਸ ਕਰਦੀ ਰਹੀ। ਸ਼ਮਸ਼ਾਦ ਨੇ ਸਰਵ ਸ੍ਰੀ ਐਸ ਡੀ ਬਰਮਨ, ਓ ਪੀ ਨਈਅਰ, ਗ਼ੁਲਾਮ ਹੈਦਰ, ਨੌਸ਼ਾਦ, ਮਦਨ ਮੋਹਨ, ਸ਼ਾਮ ਸੁੰਦਰ ਆਦਿ ਦੇ ਸਹਿਯੋਗ ਨਾਲ ਗਾਇਆ। ਸ਼ਮਸ਼ਾਦ ਬੇਗਮ ਨੂੰ ਵੱਡੀ ਗਿਣਤੀ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨ ਮਿਲਦੇ ਰਹੇ, ਪਰ 2009 ਵਿੱਚ ਭਾਰਤ ਦੇ ਇੱਕ ਵੱਡੇ ਐਵਾਰਡ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ। ਸ਼ਮਸ਼ਾਦ ਨੇ ਆਪਣੇ ਜੀਵਨ ਦੌਰਾਨ 6 ਹਜ਼ਾਰ ਤੋਂ ਵੱਧ ਗੀਤ ਅਫ਼ਸਾਨੇ ਰਿਕਾਰਡ ਕਰਵਾਏ।

ਇਹ ਮਹਾਨ ਗਾਇਕਾ, ਕਲਾ ਦਾ ਨਮੂਨਾ, ਨਿਮਰ ਸੁਭਾਅ ਦੀ ਮਾਲਕ, ਸੁੰਦਰਤਾ ਦੀ ਤਸਵੀਰ, ਸੁਗੰਧਤ ਆਵਾਜ਼ ਦੀ ਮਾਲਕ ਅਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਸ਼ਮਸ਼ਾਦ ਬੇਗਮ ਕਰੀਬ ੯੪ ਸਾਲ ਦੀ ਉਮਰ ਭੋਗ ਕੇ 23 ਅਪਰੈਲ 2013 ਨੂੰ ਆਪਣੇ ਸਰੋਤਿਆਂ ਤੇ ਆਵਾਜ਼ ਪ੍ਰੇਮੀਆਂ ਨੂੰ ਸਦਾ ਲਈ ਅਲਵਿਦਾ ਕਹਿ ਕੇ ਮੁੰਬਈ ਵਿਖੇ ਰੁਖ਼ਸਤ ਹੋ ਗਈ। ਉਸਦੀ ਆਵਾਜ਼ ਰਹਿੰਦੀ ਦੁਨੀਆਂ ਤੱਕ ਸਰੋਤਿਆਂ ਦੇ ਦਿਲਾਂ ਨੂੰ ਟੁੰਬਦੀ ਰਹੇਗੀ।

(ਬਲਵਿੰਦਰ ਸਿੰਘ ਭੁੱਲਰ)

+91 98882-75913

Welcome to Punjabi Akhbar

Install Punjabi Akhbar
×
Enable Notifications    OK No thanks