ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਸਿਖਾਉਣ ਲਈ ਕੀਤੇ ਵੀਡੀਓ-ਸਬਕ ਤਿਆਰ

pt2ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਨੇ ਆਪਣੀ ਪੰਜਾਬੀ-ਟੀਚਿੰਗ ਦੀ ਬਹੁ-ਚਰਚਿਤ ਵੈੱਬਸਾਈਟ ਨੂੰ ਹੋਰ ਵਧੇਰੇ ਉਪਯੋਗੀ ਬਣਾਉਣ ਦੇ ਮੰਤਵ ਨਾਲ ਪੰਜਾਬੀ ਭਾਸ਼ਾ ਸਿੱਖਣ ਵਾਲੇ ਵੀਡੀਓ-ਸਬਕ ਅਤੇ ਮਲਟੀਮੀਡੀਆ ਆਧਾਰਿਤ ਈ-ਕਿਤਾਬਾਂ ਤਿਆਰ ਕਰਵਾ ਕੇ ਆਪਣੀ ਵੈੱਬਸਾਈਟ (www.learnpunjabi.org) ਵਿੱਚ ਸੁਲੱਭ ਕਰਵਾਈਆਂ ਹਨ।

ਪੰਜਾਬੀ ਯੂਨੀਵਰਸਿਟੀ ਦੇ ਉਪਰੋਕਤ ਕੇਂਦਰ ਦੁਆਰਾ ਦੁਨੀਆ ਦੇ ਨਾਮਵਰ ਪੰਜਾਬੀ ਭਾਸ਼ਾ-ਵਿਗਿਆਨੀ ਡਾ. ਹਰਜੀਤ ਸਿੰਘ ਗਿੱਲ ਦੁਆਰਾ ਦਿੱਤੇ ਗਏ 21 ਵੀਡੀਓ-ਲੈਕਚਰ ਪੰਜਾਬੀ ਯੂਨੀਵਰਸਿਟੀ ਦੇ ਈ.ਐਮ.ਐਮ.ਆਰ.ਸੀ. ਸੈਂਟਰ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਪੰਜਾਬੀ ਦੀ ਧੁਨੀ-ਵਿਉਂਤ ਨੂੰ ਵਿਸਥਾਰ ਸਹਿਤ ਸਮਝਾਇਆ ਗਿਆ ਹੈ। ਇਸ ਮੰਤਵ ਲਈ ਪੰਜਾਬੀ ਦੇ ਧੁਨੀਮਿਕ ਅਤੇ ਵਾਕਗਤ ਸੰਦਰਭਾਂ ਵਿੱਚ ਉਦਾਹਰਨਾਂ ਦੇ ਕੇ ਪੰਜਾਬੀ ਧੁਨੀ-ਵਿਉਂਤ ਦੇ ਵਿਭਿੰਨ-ਪੱਖਾਂ ਨੂੰ ਸਪੱਸ਼ਟ ਕੀਤਾ ਗਿਆ ਹੈ। ਪੰਜਾਬੀ ਦੀ ਧੁਨੀ-ਵਿਉਂਤ ਦਾ ਅੰਗਰੇਜ਼ੀ ਅਤੇ ਫਰੈਂਚ ਦੀ ਧੁਨੀ-ਵਿਉਂਤ ਨਾਲ ਟਾਕਰਾ ਕਰਦੇ ਹੋਏ ਪੰਜਾਬੀ ਦੀ ਇਨ੍ਹਾਂ ਭਾਸ਼ਾਵਾਂ ਨਾਲੋਂ ਵੱਖਰਤਾ ਵੀ ਉਜਾਗਰ ਕੀਤੀ ਗਈ ਹੈ।

ਇਨ੍ਹਾਂ ਵੀਡੀਓ-ਲੈਕਚਰਾਂ ਦੇ ਇਲਾਵਾ ਪੰਜਾਬੀ ਸਿਖਾਉਣ ਲਈ ਡਾ. ਗਿੱਲ ਅਤੇ ਡਾ. ਗਲੀਸਨ ਦੀ ਸਾਂਝੀ ਪੁਸਤਕ ‘A Start in Punjabi’ ਨੂੰ ਵੀ ਵੀਹ ਪਾਠਾਂ ਵਾਲੀ ਮਲਟੀਮੀਡੀਆ ਆਧਾਰਿਤ ਈ-ਪੁਸਤਕ ਵਿੱਚ ਰੁਪਾਂਤਰਿਤ ਕਰਕੇ ਉਪਰੋਕਤ ਵੈਬਸਾਈਟ ਉੱਪਰ ਉਪਲਭਧ ਕਰਵਾਇਆ ਗਿਆ ਹੈ। ਇਹ ਪੁਸਤਕ ਪੰਜਾਬੀ ਭਾਸ਼ਾ ਦੀ ਧੁਨੀ-ਵਿਉਂਤ ਅਤੇ ਵਾਕ-ਬਣਤਰਾਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਪੇਸ਼ ਕਰਦੀ ਹੋਈ ਪੰਜਾਬੀ-ਜੀਵਨ ਦੇ ਵੱਖ-ਵੱਖ ਸਮਾਜਿਕ-ਸੱਭਿਆਚਾਰਕ ਸੰਦਰਭਾਂ ਵਿਚ ਹੁੰਦੀ ਬਾਤ-ਚੀਤ ਨੂੰ ਦ੍ਰਿਸ਼ਮਾਨ ਕਰਕੇ ਉਸਨੂੰ ਸਿਖਾਉਣ ਵੱਲ ਰੁਚਿਤ ਹੈ। ਇਸ ਪੁਸਤਕ ਵਿੱਚ ਉਦਰਿਤ ਪੰਜਾਬੀ ਦੇ ਹਰ ਸ਼ਬਦ, ਵਾਕ ਅਤੇ ਬਾਤ-ਚੀਤ ਦਾ ਉਚਾਰਨ, ਉਸਦਾ ਅੰਗਰੇਜ਼ੀ ਅਨੁਵਾਦ ਅਤੇ ਲਿਪੀਆਂਤਰਿਤ ਰੂਪ ਵੀ ਨਾਲ-ਨਾਲ ਮੁਹੱਈਆ ਕਰਵਾਇਆ ਗਿਆ ਹੈ।

PT1ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਦੀ ਮਲਟੀਮੀਡੀਆ ਆਧਾਰਿਤ ਇਹ ਵੈੱਬਸਾਈਟ (www.learnpunjabi.org) ਪਹਿਲਾਂ ਹੀ ਪੰਜਾਬੀ ਸਿਖਾਉਣ ਦੇ ਉਪਰਾਲੇ ਨਾਲ ਪੰਜਾਬੀ ਭਾਸ਼ਾ ਦੇ ਹਰ ਪੱਖ ਬਾਰੇ ਗਿਆਨ ਦਿੰਦੇ ਹੋਏ ਪਾਠਾਂ ਨਾਲ ਸਰਾਬੋਰ ਹੈ। ਇਸ ਵਿੱਚ ਪੰਜਾਬੀ ਭਾਸ਼ਾ ਦੇ ਉਚਾਰਨ, ਪੰਜਾਬੀ ਦੇ ਸ਼ੁੱਧ ਲੇਖਣ, ਸ਼ਬਦ-ਨਿਰਮਾਣ, ਵਾਕ-ਨਿਰਮਾਣ, ਪੰਜਾਬੀ ਗਰਾਮਰ ਅਤੇ ਗੁਰਮੁਖੀ ਵਰਨਮਾਲਾ ਨਾਲ ਸੰਬੰਧਿਤ ਪਾਠਾਂ ਦੇ ਨਾਲ-ਨਾਲ ਸਚਿੱਤਰ ਸ਼ਬਦਾਵਲੀ, ਭਾਸ਼ਾ ਆਧਾਰਿਤ ਦਿਲਚਸਪ ਖੇਡਾਂ (games), ਰੌਚਿਕ ਪ੍ਰਸ਼ਨਾਵਲੀਆਂ (quizzes), ਕਵਿਤਾਵਾਂ ਅਤੇ ਬੋਲਦੀਆਂ ਕਹਾਣੀਆਂ ਉਪਲਭਧ ਕਰਵਾਈਆਂ ਗਈਆਂ ਹਨ ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਬਹੁਤ ਸਾਰੇ ਲੋਕ ਪਹਿਲਾਂ ਹੀ ਪੰਜਾਬੀ ਭਾਸ਼ਾ ਸਿੱਖ ਰਹੇ ਹਨ। ਇਹ ਵੈਬਸਾਈਟ ਇੰਡੀਆ, ਕੈਨੇਡਾ, ਯੂ.ਕੇ. ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨਾਲ-ਨਾਲ 156 ਦੇਸਾਂ ਦੇ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਸਿੱਖਣ ਲਈ ਵਰਤੀ ਜਾ ਰਹੀ ਹੈ ਜਿਸ ਵਿੱਚ ਇਹ ਤਾਜ਼ਾ ਮੁਹੱਈਆ ਕਰਵਾਏ ਗਏ ਵੀਡੀਓ-ਲੈਕਚਰ ਅਤੇ ਈ-ਪੁਸਤਕ ਇਸ ਵੈਬਸਾਈਟ ਨੂੰ ਪੰਜਾਬੀ ਸਿੱਖਣ ਵਿੱਚ ਹੋਰ ਸਮਰਿੱਧ ਬਣਾਉਣਗੇ ।

ਇਹ ਪ੍ਰੋਜੈਕਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਦੇਖ-ਰੇਖ ਹੇਠ ਸਿਰੇ ਚੜ੍ਹਿਆ ਹੈ। ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਣ ਵਾਲੀ ਟੀਮ ਵਿੱਚ ਇਸ ਕੇਂਦਰ ਵਿਚਲੇ ਡਾ. ਤੇਜਿੰਦਰ ਸਿੰਘ ਸੈਣੀ, ਮਨਦੀਪ ਸਿੰਘ, ਪ੍ਰੋ. ਮੁਖਤਿਆਰ ਸਿੰਘ ਗਿੱਲ, ਨਿਸ਼ਾਂਤ ਜੈਨ, ਰਾਕੇਸ਼ ਕੁਮਾਰ ਡਾਬਰਾ, ਡਾ. ਹਰਵਿੰਦਰ ਪਾਲ ਕੌਰ ਅਤੇ ਡਾ. ਜਸਪਾਲ ਸਿੰਘ ਆਦਿ ਸਟਾਫ਼ ਮੈਂਬਰਾਂ ਦਾ ਅਹਿਮ ਯੋਗਦਾਨ ਹੈ।

Install Punjabi Akhbar App

Install
×