ਕੈਨੈਡਾ: ਵੈਨਕੂਵਰ ਦੀ ਵਕੀਲ ਸੋਨੀਆ ਹੇਅਰ 6 ਮਹੀਨਿਆਂ ਲਈ ਮੁਅੱਤਲ

ਸਰੀ -ਬ੍ਰਿਟਿਸ਼ ਕੋਲੰਬੀਆ ਦੀ ਲਾਅ ਸੋਸਾਇਟੀ ਨੇ ਵੈਨਕੂਵਰ ਦੀ ਵਕੀਲ ਸੋਨੀਆ ਹੇਅਰ ਨੂੰ ਪੇਸ਼ੇਵਾਰਾਨਾ ਦੁਰ-ਵਿਹਾਰ ਬਦਲੇ ਪਹਿਲੀ ਜੂਨ ਤੋਂ 6 ਮਹੀਨਿਆਂ ਲਈ ਮੁਅੱਤਲ ਕਰਨ ਦੀ ਸਹਿਮਤੀ ਦਿੱਤੀ ਹੈ।

ਸੋਸਾਇਟੀ ਵੱਲੋਂ ਕੀਤੇ ਐਲਾਨ ਅਨੁਸਾਰ ਸੋਨੀਆ ਹੇਅਰ ਨੇ ਮੰਨਿਆਂ ਹੈ ਕਿ ਉਸ ਨੇ ਆਪਣੇ ਗਾਹਕ ਅਤੇ ਰਿਟੇਨਰ ਦੇ ਹਾਲਾਤ ਬਾਰੇ ਉਚਿਤ ਪੁੱਛਗਿੱਛ ਤੋਂ ਬਿਨਾਂ ਹੀ ਆਪਣੇ ਟਰੱਸਟ ਅਕਾਊਂਟ ਚੋਂ ਫੰਡਾਂ ਦੀ ਵੰਡ ਕੀਤੀ, ਗਾਹਕ ਦਾ ਪਛਾਣ ਪੱਤਰ ਨਹੀਂ ਲਿਆ, ਨਾ ਹੀ ਤਸਦੀਕ ਕੀਤਾ ਅਤੇ ਨਾ ਹੀ ਲਾਅ ਸੁਸਾਇਟੀ ਨੂੰ 150,000 ਡਾਲਰ ਦੀ ਟਰੱਸਟ ਕਮੀ ਬਾਰੇ ਦੱਸਿਆ।

ਉਸ ਨੇ ਆਪਣੇ ਪੈਰਾਲੀਗਲ ਨੂੰ ਜੂਰੀਸਰਟ ਪਾਸਵਰਡ ਦੀ ਵਰਤੋਂ ਕਰਨ ਅਤੇ ਆਪਣੇ ਡਿਜੀਟਲ ਦਸਤਖਤਾਂ ਨੂੰ ਇਲੈਕਟ੍ਰਾਨਿਕ ਦਸਤਾਵੇਜ਼ਾਂ ਨਾਲ ਜੋੜਨ ਦੀ ਆਗਿਆ ਦੇਣ ਦੀ ਗੱਲ ਵੀ ਸਵੀਕਾਰ ਕੀਤੀ ਅਤੇ ਪੈਰਾਲੀਗਲ ਨੂੰ ਟਰੱਸਟ ਚੈਕਾਂ ਤੇ ਆਪਣੇ ਦਸਤਖਤ ਕਰਨ ਦੀ ਇਜਾਜ਼ਤ ਦਿੱਤੀ ਅਤੇ ਨਕਲੀ ਪ੍ਰਤੀਨਿਧ ਬਣਾ ਕੇ ਪੇਸ਼ ਕੀਤਾ।

ਸੋਨੀਆ ਹੇਅਰ ਨੇ ਆਪਣੀਆਂ ਗਲਤੀਆਂ ਸਵੀਕਾਰ ਕਰਦਿਆਂ ਇਨ੍ਹਾਂ ਦੀ ਗੰਭੀਰਤਾ ਨੂੰ ਸਮਝਿਆ ਹੈ ਅਤੇ ਆਪਣੇ ਗਲਤ ਵਿਹਾਰ ਲਈ ਅਫਸੋਸ ਜ਼ਾਹਰ ਕੀਤਾ ਹੈ। ਲਾਅ ਸੁਸਾਇਟੀ ਦੀ ਅਨੁਸ਼ਾਸਨੀ ਕਮੇਟੀ ਚੇਅਰ ਨੇ ਲਾਅ ਸੁਸਾਇਟੀ ਅਤੇ ਹੇਅਰ ਦਰਮਿਆਨ ਹੋਏ ਆਪਸੀ ਸਮਝੌਤੇ ਨੂੰ ਸਵੀਕਾਰ ਕਰ ਲਿਆ ਹੈ ਜਿਸ ਵਿੱਚ ਛੇ ਮਹੀਨਿਆਂ ਦੀ ਮੁਅੱਤਲੀ ਅਤੇ ਇਕ ਲਿਖਤੀ ਵਚਨਬੱਧਤਾ ਸ਼ਾਮਲ ਹੈ ਕਿ ਉਹ ਪੈਰਾਲੀਗਲ ਨਾਲ ਫਿਰ ਕਦੇ ਕੰਮ ਨਹੀਂ ਕਰੇਗੀ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×