ਬ੍ਰਿਸਬੇਨ ਵਿੱਚ ਹਾਲ ਵਿੱਚ ਹੀ ਮਿਲੇ ਕਰੋਨਾ ਦੇ ਯੂ.ਕੇ. ਸਟ੍ਰੇਨ ਵਾਲੇ ਮਾਮਲੇ ਤੋਂ ਬਾਅਦ ਸਮੁੱਚੇ ਦੇਸ਼ ਅੰਦਰ ਹੀ ਕੰਟੈਕਟ ਟ੍ਰੇਸਿੰਗ ਦੀ ਤਿਆਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਸਬੇਨ ਦੇ ਪ੍ਰਿੰਸੇਸ ਐਲਕਜ਼ੈਂਡਰਾ ਹਸਪਤਾਲ ਵਿਚਲੇ ਹਾਲ ਵਿੱਚ ਹੀ ਪਾਏ ਗਏ ਇੱਕ ਮਰੀਜ਼ (ਹਸਪਤਾਲ ਵਿਚਲੇ ਡਾਕਟਰ) ਜੋ ਕਿ ਯੂ.ਕੇ. ਵੇਰਿਐਂਟ (ਕੇਵਿਡ-19 ਦਾ ਨਵਾਂ ਰੂਪ) ਨਾਲ ਪੀੜਿਤ ਪਾਇਆ ਗਿਆ ਸੀ ਤੋਂ ਬਾਅਦ ਹੁਣ ਅਹਿਤਿਆਦਨ ਸਮੁੱਚੇ ਆਸਟ੍ਰੇਲੀਆ ਅੰਦਰ ਹੀ ਆਪਾਤਕਾਲੀਨ ਤੌਰ ਤੇ ਕੰਟੈਕਟ ਟ੍ਰੇਸਿੰਗ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਨਿਊ ਸਾਊਥ ਵੇਲਜ਼, ਵਿਕਟੋਰੀਆ, ਪੱਛਮੀ-ਆਸਟ੍ਰੇਲੀਆ ਅਤੇ ਤਸਮਾਨੀਆ ਰਾਜਾਂ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਕੁਈਨਜ਼ਲੈਂਡ ਆਵਾ-ਗਮਨ ਕੀਤਾ ਹੋਵੇ ਅਤੇ ਖਾਸ ਕਰਕੇ ਸਬੰਧਤ ਥਾਵਾਂ ਉਪਰ ਗਿਆ ਹੋਵੇ ਤਾਂ ਤੁਰੰਤ ਸਿਹਤ ਅਧਿਕਾਰੀ ਉਸਦਾ ਅਤੇ ਉਸਦੇ ਸੰਪਰਕਾਂ ਆਦਿ ਦਾ ਪਤਾ ਲਗਾਉਣ ਅਤੇ ਫੌਰਨ ਅਗਲੇਰੀ ਕਾਰਵਾਈ ਨੂੰ ਅੰਜਾਮ ਦੇਣ।
ਬੀਤੀ ਰਾਤ, ਸ਼ੁਕਰਵਾਰ ਨੂੰ, ਇੱਕ (ਲੈਂਡਸਕੇਪਰ) 26 ਸਾਲਾਂ ਦੇ ਵਿਅਕਤੀ -ਜੋ ਕਿ ਯੂ.ਕੇ. ਵੇਰੀਐਂਟ ਨਾਲ ਪੀੜਿਤ ਹੈ, ਦੀ ਕੰਟੈਕਟ ਟ੍ਰੇਸਿੰਗ, ਬ੍ਰਿਸਬੇਨ ਦੇ ਹਸਪਤਾਲ ਵਿਚਲੇ ਡਾਕਟਰ ਨਾਲ ਮਿਲਦੀ ਹੈ ਜਿਸ ਨੂੰ ਕਿ ਮਾਰਚ 12 ਨੂੰ ਪੀੜਿਤ ਪਾਇਆ ਗਿਆ ਸੀ, ਪਰੰਤੂ ਇਨ੍ਹਾਂ ਦੋਹਾਂ ਦੇ ਵਿਚਾਲੇ ਜਿਹੜਾ ਸੰਪਰਕ ਹੈ, ਉਸਨੂੰ ਭਾਲਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਹਾਲ ਦੀ ਘੜੀ ਉਹੀ ਸੰਪਰਕ ਲਾਪਤਾ ਹੈ।
ਸਿਹਤ ਅਧਿਕਾਰੀਆਂ ਨੇ ਇਸ ਵਾਸਤੇ ਘੱਟੋ ਘੱਟ 11 ਅਜਿਹੀਆਂ ਥਾਵਾਂ ਦਾ ਜ਼ਿਕਰ ਜਾਰੀ ਕੀਤਾ ਹੈ ਜਿੱਥੇ ਕਿ ਉਕਤ ਲੈਂਡਸਕੇਪਰ ਗਿਆ ਸੀ ਅਤੇ ਇਨ੍ਹਾਂ ਥਾਵਾਂ ਵਿੱਚ ਕੈਰਿਨਡੇਲ ਅਤੇ ਬਨਿੰਗਜ਼ ਦੇ ਸ਼ਾਪਿੰਗ ਸੈਂਟਰ ਅਤੇ ਸਟਾਫਫੋਰਡ ਦੇ ਆਲਦੀ ਅਤੇ ਗਜ਼ਮੈਨ ਵਾਈ ਗੋਮੈਜ਼ ਦੁਕਾਨਾਂ ਆਦਿ ਸ਼ਾਮਿਲ ਹਨ।
ਰੈਡਕਲਿਫ ਵਿਚਲੇ ਮਾਮਾਜ਼ ਇਤਾਲਵੀ ਰੈਸਟੋਰੈਂਟ ਬਾਰੇ ਵੀ ਚਿਤਾਵਨੀ ਜਾਰੀ ਕਰਦਿਆਂ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਮਾਰਚ 21 (ਐਤਵਾਰ) ਨੂੰ ਦੁਪਹਿਰ 12:40 ਤੋਂ ਬਾਅਦ ਦੁਪਹਿਰ 3:10 ਤੱਕ ਸ਼ਿਰਕਤ ਕੀਤੀ ਹੋਵੇ ਤਾਂ ਆਪਣੇ ਆਪ ਨੂੰ ਤੁਰੰਤ 14 ਦਿਨਾਂ ਦੇ ਵਾਸਤੇ ਆਈਸੋਲੇਟ ਕਰ ਲਵੇ।
ਜ਼ਿਕਰਯੋਗ ਹੈ ਕਿ ਬ੍ਰਿਸਬੇਨ ਦੇ (ਬ੍ਰਿਸਬੇਨ ਸਿਟੀ ਅਤੇ ਮੋਰੇਟਨ ਬੇਅ ਕਾਂਸਲ ਖੇਤਰ) ਹਸਪਤਾਲਾਂ ਅਤੇ ਏਜਡ ਕੇਅਰ ਸੈਂਟਰਾਂ, ਜੇਲ੍ਹਾਂ ਅਤੇ ਅਪੰਗਤਾ ਦੀਆਂ ਸੇਵਾਵਾਂ ਕੇਂਦਰਾਂ ਆਦਿ ਵਿੱਚ ਲਾਕਡਾਊਨ ਕਰ ਦਿੱਤਾ ਗਿਆ ਹੈ ਅਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ 24 ਤੋਂ 48 ਘੰਟਿਆਂ ਤੱਕ ਸਥਿਤੀਆਂ ਨੂੰ ਵਾਚਿਆ ਜਾਵੇਗਾ ਅਤੇ ਲੋੜ ਪੈਣ ਉਪਰ ਲਾਕਡਾਊਨ ਵਧਾ ਦਿੱਤਾ ਜਾਵੇਗਾ।

Install Punjabi Akhbar App

Install
×