ਨਿਊਵਾਰਕ ਵਿਖੇ ਲਾਜ ਨੀਲਮ ਸੈਣੀ ਦੀ ਪੁਸਤਕ ‘ਲਟ ਲਟ ਬਲ਼ਦਾ ਦੀਵਾ’ ਰਿਲੀਜ਼

ਪਰਤ ਦਰ ਪਰਤ ਹਕੀਕਤਾਂ ਦੀ ਗਾਥਾ ਹੈ ਲਟ ਲਟ ਬਲ਼ਦਾ ਦੀਵਾ-ਡਾ. ਹਰਿੰਦਰ ਸਿੰਘ ਤੁੜ

(ਹੇਵਰਡ) – ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ (ਵਿਪਸਾ) ਵੱਲੋਂ ਮਹਿਰਾਨ ਰੈਸਟੋਰੈਂਟ ਨਿਊਵਾਰਕ ਵਿਚ ਨੀਲਮ ਸੈਣੀ ਦੀ ਪੁਸਤਕ ‘ਲਟ ਲਟ ਬਲ਼ਦਾ ਦੀਵਾ’ ਰਿਲੀਜ਼ ਕਰਨ ਹਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਹਰਜਿੰਦਰ ਕੰਗ, ਐਸ ਅਸ਼ੋਕ ਭੌਰਾ, ਡਾ. ਗੁਰਪ੍ਰੀਤ ਸਿੰਘ ਧੁੱਗਾ ਅਤੇ ਅਮਰਜੀਤ ਕੌਰ ਪੰਨੂੰ ਨੇ ਕੀਤੀ।

ਸ਼ੁਰੂਆਤ ਵਿਚ ਵਿਪਸਾ ਦੀ ਮੀਤ ਪ੍ਰਧਾਨ ਅਮਰਜੀਤ ਕੌਰ ਪੰਨੂੰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਜਨਰਲ ਸਕੱਤਰ ਕੁਲਵਿੰਦਰ ਨੇ ਪ੍ਰਸਿੱਧ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੂੰ ਸ਼ਬਦ ਗਾਇਨ ਲਈ ਸੱਦਾ ਦਿੱਤਾ। ਸਾਹਿਲ ਨੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਸ਼ਬਦ ਗਾਇਨ ਕਰਕੇ ਸਰੋਤਿਆਂ ਨੂੰ ਵਿਸਮਾਦਤ ਕਰ ਦਿੱਤਾ। ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਡਾ. ਹਰਿੰਦਰ ਸਿੰਘ ਤੁੜ ਦਾ ਲਿਖਿਆ ਪਰਚਾ ‘ਲਟ ਲਟ ਬਲ਼ਦਾ ਦੀਵਾ: ਪਰਤ ਦਰ ਪਰਤ ਹਕੀਕਤਾਂ ਦੀ ਗਾਥਾ’ ਅਵਤਾਰ ਸਿੰਘ ਗੋਂਦਾਰਾ ਨੇ ਭਾਵ ਪੂਰਤ ਢੰਗ ਨਾਲ਼ ਪੜ੍ਹਿਆ। ਇਸ ਪਰਚੇ ਅਨੁਸਾਰ ਲਾਜ ਨੀਲਮ ਸੈਣੀ ਨੇ ਵੱਖ-ਵੱਖ ਵਿਧਾਵਾਂ ਵਿਚ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਸ ਪਲੇਠੇ ਕਹਾਣੀ ਸੰਗ੍ਰਹਿ  ਦੀਆਂ ਕਹਾਣੀਆਂ ਵਿੱਚ ਮਨੁੱਖਤਾ ਦੇ ਮਾਰਗ ਦਰਸ਼ਨ ਦੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ। ਤਣਾਓ ਭਰੇ ਮਹੌਲ ਵਿੱਚ ਰਾਹਤ, ਸ਼ਾਂਤੀ, ਦਿਲ ਨੂੰ ਧਰਵਾਸ, ਚੇਤੰਨਤਾ, ਜੀਵਨ ਜਾਚ, ਉਮੰਗ-ਤਰੰਗ, ਹੌਸਲਾ, ਪਿਆਰ, ਰਿਸ਼ਤਿਆਂ ਦੀ ਪਰਪੱਕਤਾ ਤੇ ਮਨੁੱਖ ਨਾਲ਼ ਮਨੁੱਖ ਦਾ ਮੇਲ ਦੀਆਂ ਜੁਗਤਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਸੰਗ੍ਰਹਿ ਵਿਚ ਦਰਜ ਗਿਆਰਾਂ ਕਹਾਣੀਆਂ ਵਿੱਚੋਂ ‘ਚਿਹਰੇ’ ਕਹਾਣੀ ਚਰਚਿਤ  ਕਹਾਣੀਆਂ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਕਹਾਣੀਆਂ ਪੜ੍ਹਦੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਕੋਲ਼ ਬੈਠ ਕੇ ਬਿਰਤਾਂਤ ਸੁਣ ਰਿਹਾ ਹੋਵੇ। ਨੀਲਮ ਸੈਣੀ ਨੇ ਮਨੁੱਖਤਾ ਨੂੰ ਨਵੀਆਂ ਉਡਾਰੀਆਂ ਦਿੱਤੀਆਂ ਹਨ ਪਰ ਪੰਜਾਬੀ ਧਰੋਹਰ ਨੂੰ ਕਾਇਮ ਰੱਖਿਆ ਹੈ। ਡਾ. ਤੁੜ ਦੇ ਸਰਲ, ਸਪਸ਼ਟ ਅਤੇ ਭਾਵਪੂਰਤ ਪਰਚੇ ਦੀ ਹਾਜ਼ਰ ਸਰੋਤਿਆਂ ਵਲੋਂ ਭਰਵੀਂ ਪ੍ਰਸ਼ੰਸਾ ਕੀਤੀ ਗਈ।

ਆਧੁਨਿਕ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਅਜਮੇਰ ਸਿੱਧੂ ਦਾ ਰਿਕਾਰਡ ਕੀਤਾ ਸੁਨੇਹਾ ਸੁਣਾਇਆ ਗਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਨੀਲਮ ਸੈਣੀ ਦੀਆਂ ਪਹਿਲੀਆਂ ਦੋ ਕਹਾਣੀਆਂ ‘ਸਿਟੀਜਨਸ਼ਿਪ’ ਅਤੇ ‘ਡਾਰੋਂ ਵਿਛੜੀ ਕੂੰਜ’ ਦੀ 2006 ਵਿੱਚ ਬਹੁਤ ਚਰਚਾ ਹੋਈ ਸੀ। ਇਨ੍ਹਾਂ ਕਹਾਣੀਆਂ ਵਿਚ ਭੂ ਹੇਰਵਾ ਸੀ। ਉਸ ਤੋਂ ਬਾਦ ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿੱਚ ਉਸਨੇ ਪਰਵਾਸੀਆਂ ਦੀ ਜ਼ਿੰਦਗੀ ਨਾਲ਼ ਜੁੜੇ ਵੱਖ-ਵੱਖ ਮਸਲਿਆਂ ਅਤੇ ਅੰਤਰ ਰਾਸ਼ਟਰੀ ਮਸਲਿਆਂ ਨੂੰ ਵਿਸ਼ੇ ਬਣਾਇਆ ਹੈ। ਬਲਵਿੰਦਰ ਕੌਰ ਮੰਡ ਨੇ ਕਿਹਾ ਕਿ ਇਹ ਕਹਾਣੀਆਂ ਬਹੁਤ ਰੌਚਿਕ ਵੀ ਹਨ ਅਤੇ ਸਮਾਜ ਲਈ ਸੁਨੇਹਾ ਵੀ ਹਨ। ਕਹਾਣੀਆਂ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਸਾਡੀਆਂ ਕਹਾਣੀਆਂ ਹੋਣ।‘ਲਟ ਲਟ ਬਲ਼ਦਾ ਦੀਵਾ’ ਅਤੇ ‘ਪਛਤਾਵੇ ਦੀ ਅੱਗ’ ਤਾਂ ਹਰ ਪਰਵਾਸੀ ਦੀ ਕਹਾਣੀ ਹੈ। ‘ਰੂਹਾਨੀ’ ਕਹਾਣੀ ਵੀ ਹਰ ਘਰ ਵਿੱਚ ਵਾਪਰਨ ਵਾਲ਼ੀ ਕਹਾਣੀ ਹੈ ਅਤੇ ਇਸ ਕਹਾਣੀ ਵਿੱਚ ਨੂੰਹ-ਸੱਸ ਦੇ ਰਿਸ਼ਤੇ ਦੇ ਤੰਦ ਨੂੰ ਬੜੇ ਸਲੀਕੇ ਨਾਲ਼ ਜੋੜਨ ਦੀ ਸਫ਼ਲ ਕੋਸ਼ਿਸ਼ ਹੋਈ ਹੈ।  ਕਹਾਣੀਕਾਰਾ ਕੋਲ਼ ਮੁਹਾਵਰਾ ਹੈ ਅਤੇ ਵਿਆਕਰਣ ਉੱਪਰ ਵੀ ਪੂਰੀ ਪਕੜ ਹੈ।

ਸੁਰਿੰਦਰ ਸੋਹਲ ਦਾ ਸੰਦੇਸ਼ ਅਮਰਜੀਤ ਪੰਨੂੰ ਨੇ ਪੜ੍ਹ ਕੇ ਸੁਣਾਇਆ। ਇਸ ਸੰਦੇਸ਼ ਮੁਤਾਬਿਕ ਕਹਾਣੀਆਂ ਦੇ ਪਾਤਰ ਏਨੇ ਜਾਣੇ ਪਛਾਣੇ ਨੇ ਜਿਵੇਂ ਤੁਸੀਂ ਤੁਰੇ ਜਾ ਰਹੇ ਹੋਵੋ ਤੇ ਅਚਾਨਕ ਕਿਸੇ ਨੁੱਕਰੋਂ ਤੁਹਾਡਾ ਵਾਕਿਫ਼ ਆਵਾਜ਼ ਮਾਰ ਕੇ ਤੁਹਾਨੂੰ ਆਪਣਾ ਹਵਾਲਾ ਦੇਣ ਲੱਗ ਪਵੇ। ਕਹਾਣੀਕਾਰ ਕਹਾਣੀ ਏਨੇ ਸਲੀਕੇ ਨਾਲ਼ ਨਿਭਾਅ ਜਾਂਦੀ ਹੈ, ਜਿਵੇਂ ਕੋਈ ਸੁਚੱਜੀ ਤ੍ਰੀਮਤ ਤੁਰੀ-ਤੁਰੀ ਜਾਂਦੀ ਸੌ ਕੰਮ ਨਿਬੇੜਦੀ ਤੇ ਸੰਵਾਰਦੀ ਜਾਂਦੀ ਹੈ। ਅਸ਼ੋਕ ਭੌਰਾ ਨੇ ਕਿਹਾ ਕਿ ਨੀਲਮ ਨੇ ਜਿੱਥੇ ਕਵਿਤਾ ਦੇ ਖੇਤਰ ਵਿੱਚ ਮਿਹਨਤ ਨਾਲ਼ ਆਪਣਾ ਮੁਕਾਮ ਬਣਾਇਆ ਹੈ ਓਥੇ ਪਰਵਾਸ ਦੇ ਦੁੱਖ-ਸੁੱਖ ਨੂੰ ਬਿਆਨਦੀਆਂ ਕਹਾਣੀਆਂ ਵੀ ਨਿਵੇਕਲੇ ਰੰਗ ਵਿੱਚ ਲਿਖੀਆਂ ਹਨ। ‘ਧੂੰਏਂ ਦੇ ਬੱਦਲ’, ‘ਚਿਹਰੇ’, ‘ਲੋਕਗੀਤਾਾਂ ਦੀ ਰਾਣੀ ਮਾਂ’ ਗੱਲ ਕੀ ਸਾਰੀਆਂ ਕਹਾਣੀਆਂ ਵਿਚ ਹੀ ਜ਼ਿੰਦਗੀ ਦਾ ਅਸਲ ਰੰਗ ਡੁੱਲ੍ਹ ਡੁੱਲ੍ਹ ਪੈਂਦਾ ਹੈ। ਤਾਰਾ ਸਿੰਘ ਸਾਗਰ, ਜਗਤਾਰ ਗਿੱਲ ਅਤੇ  ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਵੀ ਕਿਹਾ ਕਿ ਸਾਰੀਆਂ ਕਹਾਣੀਆਂ ਅਤੇ ਪੁਸਤਕ ਦਾ ਨਾਂ ਵੀ ਕਾਬਿਲੇ ਤਾਰੀਫ਼ ਹੈ। ਡਾ. ਗੁਰਪ੍ਰੀਤ ਸਿੰਘ ਧੁੱਗਾ ਨੇ ਕਿਹਾ ਕਿ ਕਵਿਤਾ, ਸੱਭਿਆਚਾਰਕ ਪੁਸਤਕਾਂ ਅਤੇ ਹੁਣ ਵਧੀਆ ਕਹਾਣੀ ਸੰਗ੍ਰਹਿ ਲਿਖਣ ਵਾਲ਼ੀ ਨੀਲਮ  ਇੱਕ ਵਧੀਆ ਮੰਚ ਸੰਚਾਲਕ ਵੀ ਹੈ।

ਲਾਜ ਨੀਲਮ ਸੈਣੀ ਨੇ ਆਪਣੇ ਧੰਨਵਾਦੀ ਸ਼ਬਦਾਂ ਰਾਹੀਂ ਕਿਹਾ ਕਿ ਉਸਦੇ ਪਹਿਲੇ ਪ੍ਰੇਰਨਾ ਸਰੋਤ ਉਸਦੇ ਮਾਤਾ ਕਮਲਾ ਦੇਵੀ ਅਤੇ ਪਿਤਾ ਆਤਮਾ ਰਾਮ ਸਨ। ਮੰਮੀ ਦੀ ਤੀਜੀ ਬਰਸੀ ’ਤੇ ਇਹ ਪੁਸਤਕ ਸਮਰਪਣ ਸਮਾਗਮ ਉਨ੍ਹਾਂ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਹੈ। ਉਸਨੇ ਹਾਜ਼ਰ ਲੇਖਕਾਂ ਅਤੇ ਪਾਠਕਾਂ ਦੀਆਂ ਸੱਤੇ ਖ਼ੈਰਾਂ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਕਾਰਨ ਹੀ ਉੁਹ 2019 ਵਿੱਚ ‘ਅਕਸ’ ਅਤੇ ‘ਇਨਸਾਨੀ ਰੇਲ’ ਤੋਂ ਬਾਅਦ ਇਕ ਵਾਰੀ ਫਿਰ ‘ਲਟ ਲਟ ਬਲ਼ਦਾ ਦੀਵਾ’ ਨਾਲ਼ ਸਭ ਦੇ ਸਨਮੁਖ ਹੋਣ ਦੀ ਹਿੰਮਤ ਕਰ ਸਕੀ ਹੈ। ਆਪਣੇ ਆਖਰੀ ਸਾਹ ਤੱਕ ਆਪਣੀ ਸ਼ਬਦ ਸਮਾਧੀ ਵਿੱਚ ਲੀਨ ਰਹੇਗੀ। ਉਨ੍ਹਾਂ ਵਧਾਈ ਸੰਦੇਸ਼ ਭੇਜਣ ਲਈ ਵਿਪਸਾ ਦੇ ਪ੍ਰਧਾਨ ਸ਼੍ਰੋਮਣੀ ਕਵੀ ਸੁਖਵਿੰਦਰ ਕੰਬੋਜ, ਕਹਾਣੀਕਾਰ ਰਾਠੇਸ਼ਵਰ ਸਿੰਘ ਸੂਰਾਪੁਰੀ, ਮਨਜੀਤ ਕੌਰ ਸੇਖੋਂ, ਗ਼ਜ਼ਲਕਾਰ ਜਸਵਿੰਦਰ (ਸਰੀ), ਜਗਜੀਤ ਨੌਸ਼ਿਹਰਵੀ ਅਤੇ ਚਰਨਜੀਤ ਸਿੰਘ ਪੰਨੂੰ, ਪਰਮਪਾਲ ਸਿੰਘ ਆਦਿ ਦਾ ਧੰਨਵਾਦ ਕੀਤਾ।

ਹਰਜਿੰਦਰ ਕੰਗ ਨੇ ਇਸ ਸਫ਼ਲ ਪ੍ਰੋਗਰਾਮ ਲਈ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨਾਂ ਕਹਾਣੀਆਂ ਵਿਚ ਸੱਚ ਹੈ ਅਤੇ ਇਹ ਇਸੇ ਕਰਕੇ ਹੀ ਆਪਣੀਆਂ ਲੱਗਦੀਆਂ ਹਨ। ‘ਲਟ ਲਟ ਬਲ਼ਦਾ ਦੀਵਾ’ ਕਹਾਣੀ ਪੜ੍ਹਦੇ ਹੰਝੂ ਵੀ ਡਿੱਗਦੇ ਹਨ ਅਤੇ ਹਾਸਿਆਂ ਦੇ ਫ਼ੁਹਾਰੇ ਵੀ ਛੁੱਟਦੇ ਹਨ। ਕਹਾਣੀ ਅੱਖਾਂ ਸਾਹਮਣੇ ਵਾਪਰ ਰਹੀ ਮਹਿਸੂਸ ਹੁੰਦੀ ਹੈ। ਇਹ ਹੀ ਇਸ ਪੁਸਤਕ ਦੀ ਪ੍ਰਾਪਤੀ ਹੈ।  ਇਸ ਪ੍ਰੋਗਰਾਮ ਵਿੱਚ ਹੋਰਾਂ ਤੋਂ ਇਲਾਵਾ ਪੁਸ਼ਪਿੰਦਰ ਕੌਰ, ਮਨਦੀਪ ਕੌਰ, ਸ਼ਰਨਜੀਤ ਕੌਰ, ਮਲਵਿੰਦਰ ਸਿੰਘ ਮੰਡ, ਪ੍ਰੋ. ਸੁਖਦੇਵ ਸਿੰਘ, ਪਰਮਵੀਰ ਮਾਦਪੁਰੀ, ਰਮੇਸ਼ ਬੰਗੜ, ਸਿਮਰਨ ਕੋਹਲੀ, ਰਵਿੰਦਰ ਕੋਹਲੀ, ਗੁਰਜੱਸ ਸਿੰਘ, ਨਿਰਮਲਜੀਤ ਕੌਰ ਪੰਨੂੰ, ਚਰਨਜੀਤ ਸਿੰਘ ਪੰਨੂੰ, ਅਭੀਤਾਬ ਸੈਣੀ, ਜ਼ੀਕ, ਕੁਲਵੰਤ ਸਿੰਘ ਨਿੱਝਰ, ਰਵਿੰਦਰ ਕੌਰ, ਲਖਵੀਰ ਸਿੰਘ, ਵਿਜੇ (ਸਾਊਂਡ ਸਿਸਟਮ) ਆਦਿ ਸ਼ਾਮਲ ਸਨ। ਕੁਲਵਿੰਦਰ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। 

(ਹਰਦਮ ਮਾਨ) +1 604 308 6663

maanbabushahi@gmail.com

Install Punjabi Akhbar App

Install
×