ਭਾਰਤੀ ਵਿਦਿਆਰਥੀ ਦੇ ਸਸਕਾਰ ਸਮੇਂ ਭਾਈਚਾਰੇ ਨੇ ਨਿਭਾਏ ਬਣਦੇ ਫਰਜ਼

400401 ਹੋਲੀ ਦੇ ਤਿਉਹਾਰ ਸਮੇਂ ਵਾਪਰੀ ਮੰਦਭਾਗੀ ਘਟਨਾ ‘ਚ ਸਮੁੰਦਰ ਦੀਆਂ ਛੱਲਾਂ ‘ਚ ਡੁੱਬਣ ਨਾਲ 25 ਸਾਲਾ ਭਾਰਤੀ ਵਿਦਿਆਰਥੀ ਅਪਲੇਸ਼ ਕੁਮਾਰ ਦੀ ਅਚਾਨਕ ਹੋਈ ਮੌਤ ‘ਤੇ ਭਾਰਤੀ ਪੰਜਾਬੀ ਭਾਈਚਾਰੇ ‘ਚ ਸ਼ੋਕ ਦੀ ਲਹਿਰ ਦੌੜ ਗਈ। ਅਪਲੇਸ਼ ਕੁਮਾਰ ਅਹਿਮਦਾਬਾਦ ਨੇੜਲੇ ਪਿੰਡ ਪ੍ਰਾਤਿਜ ਦੇ ਗਰੀਬ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਅਪਲੇਸ਼ ਕੁਮਾਰ ਆਪਣੇ ਉਜਵਲ ਭਵਿੱਖ ਲਈ ਆਸਟ੍ਰੇਲੀਆ ਆਇਆ। ਉਸ ਦੀ ਹੋਈ ਅਚਾਨਕ ਮੌਤ ਨਾਲ ਉਹ ਬੁੱਢੇ ਮਾਂ-ਬਾਪ ਦਾ ਸਹਾਰਾ ਵੀ ਨਾ ਬਣ ਸਕਿਆ, ਸਗੋਂ ਪਰਿਵਾਰ ਨੂੰ ਉਸ ਦੀ ਮੌਤ ਨਾਲ ਡੂੰਘਾ ਸਦਮਾ ਪੁੱਜਾ। ਇਸ ਦੁੱਖ ਦੀ ਘੜੀ ‘ਚ ਭਾਰਤੀ-ਪੰਜਾਬੀ ਭਾਈਚਾਰੇ ਵੱਲੋਂ ਪਰਿਵਾਰ ਨਾਲ ਡੂੰਘਾ ਦੁੱਖ ਪ੍ਰਗਟ ਕਰਦਿਆਂ ਉਸ ਦੀ ਪਤਨੀ ਸਵੇਤਾ ਪਟੇਲ, ਰਿਸ਼ਤੇਦਾਰੀ ‘ਚੋਂ ਪ੍ਰਵੀਨ ਭਾਈ ਪਟੇਲ, ਕਿਰਨ ਭਾਈ ਪਟੇਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਤੇ ਬਜ਼ੁਰਗ ਮਾਂ-ਬਾਪ ਲਈ ਮਾਇਕ ਸਹਾਇਤਾ ਭੇਜਣ ਦਾ ਭਰੋਸਾ ਦਿੰਦਿਆਂ ਗੁਜਰਾਤੀ ਭਾਈਚਾਰੇ ਨੇ 11000 ਡਾਲਰ, ਭਾਰਤੀ ਭਾਈਚਾਰੇ ਵੱਲੋਂ 6000 ਡਾਲਰ ਦੇ ਕਰੀਬ ਰਾਸ਼ੀ ਸਹਾਇਤਾ ਵਜੋਂ ਦਿੱਤੀ ਗਈ। ਇਸ ਦੁੱਖ ਦੀ ਘੜੀ ‘ਚ ਹੇਮੰਤ ਦਵੇ, ਦੀਪਕ ਭਾਰਦਵਾਜ, ਗਗਨ ਸ਼ਰਮਾ, ਸੁਰਿੰਦਰ ਚਾਹਲ, ਵਿਨੋਦ ਤੇ ਉੱਘੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਰਧਾਂਜਲੀ ਦਿੱਤੀ। ਅੰਤਿਮ ਰਸਮਾਂ ਪੰਡਿਤ ਕਿੰਜਲ ਭੱਟ ਨੇ ਰੀਤੀ-ਰਿਵਾਜ ਅਨੁਸਾਰ ਨਿਭਾਈਆਂ। ਅਪਲੇਸ਼ ਕੁਮਾਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਐਤਵਾਰ 3 ਅਪ੍ਰੈਲ ਨੂੰ ਦੁਪਹਿਰ ਦੋ ਵਜੇ ਮਿਲੇਨੀਅਮ ਹਾਲ, ਇਕ, ਫਲਿੰਟ ਸਟਰੀਟ ਇਨਫੀਲਡ ਐਡੀਲੇਡ ਵਿਖੇ ਹੋਵੇਗੀ।

(ਰੌਜ਼ਾਨਾ ਅਜੀਤ)