ਸਿਰਮੌਰ ਸਮਾਜ-ਸੇਵੀ ਪ੍ਰਵਾਸੀ ਕਲਮ : ਲਸ਼ਕਰੀ ਰਾਮ ਜੱਖੂ

ਮਿਹਨਤ, ਲਗਨ, ਸ਼ੌਂਕ, ਤਪੱਸਿਆ, ਦਿ੍ਰੜਤਾ ਤੇ ਸਿ੍ਰੜਤਾ ਬਗੈਰ ਸਮਾਜ ਤੇ ਸਾਹਿਤ ਦੀ ਸੇਵਾ ਨਹੀਂ ਹੁੰਦੀ। ਫਿਰ ਅਣਖ ਵੀ ਜਿਊਂਦੀ-ਜਾਗਦੀ ਹੋਣੀ ਚਾਹੀਦੀ ਹੈ ਅਤੇ ਚਟਾਨ ਵਰਗਾ ਠੋਸ ਤੇ ਪੱਕਾ ਇਰਾਦਾ ਵੀ। ਅਜਿਹੇ ਗੁਣਾਂ ਭਰਪੂਰ ਸਖ਼ਸ਼ੀਅਤਾਂ ਵਿਚੋਂ, ਜਿਲਾ ਜਲਧੰਰ ਦੀ ਤਹਿਸੀਲ ਨਕੋਦਰ ਦੇ ਪਿੰਡ ਲੱਧੜਾਂ ਵਿੱਚ ਸਵ: ਸ਼੍ਰੀ ਸ਼ਾਮਾ ਰਾਮ ਪਿਤਾ ਦੇ ਵਿਹੜੇ ਸ਼੍ਰੀਮਤੀ ਅਮਰ ਕੌਰ ਮਾਤਾ ਜੀ ਦੀ ਪਾਕਿ ਕੁੱਖੋਂ ਪੈਦਾ ਹੋਇਆ ਇਕ ਮਾਣ-ਮੱਤਾ ਨਾਂਓਂ ਹੈ- ਲਕਸ਼ਰੀ ਰਾਮ ਜੱਖੂ। 1997 ਤੋਂ ਕੁਵੈਤ ’ਚ ਡੇਰਾ ਲਾਈ ਬੈਠੇ ਜਖੂ ਜੀ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਖਰੈਤੀ ਰਾਮ ਮਹਿੰਦਰੂ ਡੀ. ਏ. ਵੀ. ਕਾਲਜ ਨਕੋਦਰ ਤੋਂ ਬੀ. ਏ. ਤੱਕ ਦੀ ਪੜਾਈ ਉਨਾਂ ਰੋਜ਼ਾਨਾ ਪੰਜ ਕਿੱ. ਮੀ. ਪੈਦਲ ਯਾਤਰਾ ਕਰ ਕਰਕੇ ਪਾਸ ਕੀਤੀ। ਫਿਰ, 1975 ’ਚ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਕੀਤੀ। ਉਨਾਂ ਦਿਨਾਂ ਵਿਚ ਐਨਾ ਪੜਨ ਦੇ ਬਾਵਜੂਦ ਗ਼ਰੀਬ ਨੌਜਵਾਨ ਨੂੰ ਨੌਕਰੀ ਨਾ ਮਿਲੀ।

ਜ਼ਖੂ ਜੀ ਦੇ ਸਾਹਿਤਕ ਸਫ਼ਰ ਦੀ ਗੱਲ ਕਰੀਏ ਤਾਂ ਬਚਪਨ ਤੋਂ ਹੀ ਗੀਤ ਗਾਉਣੇ, ਪਿੰਡ ਦੇ ਨਾਟਕ ਕਲਾ ਮੰਚ ’ਚ ਵੱਖ-ਵੱਖ ਪਾਤਰਾਂ ਦੇ ਰੋਲ ਅਦਾ ਕਰਨੇ, ਸਾਹਿਤਕ ਕਿਤਾਬਾਂ ਪੜਨੀਆਂ ਆਦਿ ਉਨਾਂ ਦੇ ਸ਼ੌਂਕ ਰਹੇ। ਇਸ ਖੇਤਰ ਵਿਚ ਚੱਲਦਿਆਂ ਜਿੱਥੇ ਉਨਾਂ ਨੇ ਉਸਤਾਦ ਸ. ਰਣਜੀਤ ਸਿੰਘ ਚੰਦ ਕੋਲੋਂ ਗ਼ਜ਼ਲ ਦੀ ਵਜ਼ਨ-ਬਹਿਰ ਦੀਆਂ ਬਰੀਕੀਆਂ ਸਿੱਖੀਆਂ, ਉਥੇ ਗੁਰਦਾਸ ਰਾਮ ਆਲਮ, ਸੰਤ ਰਾਮ ਉਦਾਸੀ, ਸ਼ਿਵ ਬਟਾਲਵੀ, ਇੰਨਕਲਾਬੀ ਕਵੀ ਪਾਸ਼, ਹਰਨਾਮ ਦਾਸ ਸਹਿਰਾਈ, ਸੋਹਣ ਸਿੰਘ ਮੀਸ਼ਾ, ਪ੍ਰੋ. ਜਗਤਾਰ, ਸਾਧੂ ਸਿੰਘ ਹਮਦਰਦ, ਉਲਫ਼ਤ ਬਾਜਵਾ ਅਤੇ ਪੰਜਾਬੀ ਗ਼ਜ਼ਲ ਦੇ ਪਿਤਾਮਾ ਦੀਪਕ ਜੈਤੋਈ ਜੀ ਆਦਿ ਜਿਹੀਆਂ ਹੋਰ ਮਹਾਨ ਸਖ਼ਸ਼ੀਅਤਾਂ ਨਾਲ ਸਾਹਿਤਕ ਸੰਗਤ ਵੀ ਕੀਤੀ। ਨਾਟਕਕਾਰ ਭਾਈ ਮੰਨਾ ਸਿੰਘ ਜੀ, ਮਸ਼ਹੂਰ ਕਹਾਣੀਕਾਰ ਜਿੰਦਰ ਲੱਧੜ, ਗੀਤਕਾਰ ਪ੍ਰੀਤ ਲੱਧੜ, ਬਲਕਾਰ ਲੱਧੜ ਅਤੇ ਪ੍ਰੋ. ਪ੍ਰਗਣ ਸਿੰਘ ਨਾਲ ਵੀ ਕਾਫ਼ੀ ਨੇੜਤਾ ਰਹੀ। ਨਾਵਲਕਾਰ ਸਵ: ਜਸਵੰਤ ਸਿੰਘ ਕੰਵਲ, ਕਰਨੈਲ ਸਿੰਘ ਨਿੱਝਰ, ਲੇਖਿਕਾ ਕੁਲਬੀਰ ਕੌਰ ਬਡੇਸਰੋਂ ਦੇ ਰੂ-ਬ- ਰੂ ਹੋਣ ਦਾ ਵੀ ਉਨਾਂ ਨੂੰ ਮੌਕਾ ਮਿਲਿਆ। ਇਨਾਂ ਸਭੇ ਸਖ਼ਸ਼ੀਅਤਾਂ ਦਾ ਜੱਖੂ ਜੀ ਦੀ ਕਲਮ ਅਤੇ ਸੋਚਣੀ ਉਤੇ ਚੜਿਆ ਰੰਗ ਅੱਜ ਦਿਨ ਸਾਖ਼ਸ਼ਾਤ ਝਲਕਾਰੇ ਮਾਰਦਾ ਨਜ਼ਰੀ ਆਉਦਾ ਹੈ।

ਜ਼ਖੂ ਜੀ ਨੇ ਨਾ-ਸਿਰਫ਼ ਦੇਸ਼-ਵਿਦੇਸ਼ ਦੀਆਂ ਪੰਜਾਬੀ ਦੀਆਂ ਅਖ਼ਬਾਰਾਂ ਵਿੱਚ ਗ਼ਜ਼ਲਾਂ, ਗੀਤ ਤੇ ਆਰਟੀਕਲ ਛਪਵਾ ਕੇ ਹੀ ਚੰਗਾ ਨਾਮਨਾ ਖੱਟਿਆ, ਬਲਕਿ ਜਖੂ ਜੀ ਦੇ ‘‘ਸਾਂਝੀਵਾਲਤਾ ਦੇ ਪ੍ਰਤੀਕ ਧੰਨ-ਧੰਨ ਗੁਰੂ ਗ੍ਰੰਥ ਸਾਹਿਬ ਜੀ”, ‘‘ਪ੍ਰਥਮ ਪ੍ਰਕਾਸ਼ ਸਥਾਨ ਸ਼੍ਰੀ ਹਰਿਮੰਦਰ ਸਾਹਿਬ”, ‘‘ਮਹਾਨ ਯੁੱਗ-ਪੁਰਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ” ਨੇ ਵੀ ਕਾਫ਼ੀ ਲੋਕ-ਪਿ੍ਰਯਤਾ ਉਨਾਂ ਨੂੰ ਦਿਵਾਈ। ਸਾਂਝੀਆਂ ਪ੍ਰਕਾਸ਼ਨਾਵਾਂ ਦੀ ਲੜੀ ਵਿਚ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ, (ਰਜਿ:) ਦੇ ‘‘ਰੰਗ-ਬਰੰਗੀਆਂ ਕਲਮਾਂ” ਵਿਚ ਉਨਾਂ ਨੇ ਭਰਵੀਂ ਕਲਮੀ ਹਾਜ਼ਰੀ ਲਗਵਾਈ। ਇਸਤੋਂ ਇਲਾਵਾ ਸੂਫ਼ੀ ਗਾਇਕ ਜਮਨਾ ਰਸੀਲਾ ਵਲੋਂ ਜੱਖੂ ਜੀ ਦੇ ਰਿਕਾਰਡ ਕਰਵਾ ਕੇ ਮਾਰਕੀਟ ਵਿਚ ਉਤਾਰੇ ਗਏ ਕੁਝ ਗੀਤ ਉਨਾਂ ਦੇ ਸਾਹਿਤਕ ਬੁੱਤ ਨੂੰ ਹੋਰ ਵੀ ਉਚਾ ਕਰਦੇ ਹਨ।

ਵਿਦੇਸ਼ਾਂ ਵਿਚ ਬੇਸ਼ੱਕ ਹਰ ਬੰਦੇ ਨੂੰ ਮਸ਼ੀਨ ਬਣਨਾ ਪੈਂਦਾ ਹੈ, ਪਰ ਇਸਦੇ ਬਾਵਜੂਦ ਵੀ ਜਿਹਨ ਵਿਚ ਪੁੰਗਰ ਚੁੱਕੇ ਸਾਹਿਤ ਦੇ ਬੀਜ ਉਨਾਂ ਨੂੰ ਉਤਨੀ ਦੇਰ ਟਿਕਣ ਨਾ ਦਿੰਦੇ ਜਿੰਨੀ ਦੇਰ ਤੱਕ ਉਹ ਆਪਣਾ ਕਲਮੀ-ਉਬਾਲ ਕਾਗਜ਼ ਦੀ ਹਿੱਕੜੀ ਉਤੇ ਕੱਢਕੇ ਰੱਖ ਨਾ ਦਿੰਦੇ। ਸੰਨ 2009 ’ਚ ਪੰਜਾਬੀ ਸੰਗਤ ਦੇ ਸਹਿਯੋਗ ਨਾਲ, ‘‘ਸਤਿਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ” ਹੋਂਦ ’ਚ ਲਿਆਂਦੀ। ਸੰਗਤ ਵੱਲੋਂ ਸੋਸਾਇਟੀ ਦੇ ਪਹਿਲੇ ਪ੍ਰਧਾਨ ਵੀ ਆਪ ਨੂੰ ਹੀ ਚੁਣਿਆ ਗਿਆ ਤੇ ਇਹ ਮਾਣ ਸੰਗਤ ਵੱਲੋਂ ਅੱਜ ਵੀ ਬਰਕਰਾਰ ਹੈ। ਇਸ ਸੋਸਾਇਟੀ ਦੇ ਕੁਵੈਤ ਦੇ ਧਾਰਮਿਕ ਸਮਾਗਮਾਂ ਵਿਚ ਹੁਣ ਤੱਕ ਪੰਜਾਬ ਤੋਂ ਪਦਮ ਸ਼੍ਰੀ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ‘‘ਸਾਡਾ ਪੰਜਾਬ” ਦੇ ਮੁੱਖ ਸੰਪਾਦਕ ਸ. ਇੰਦਰਜੀਤ ਸਿੰਘ ਘੁੰਗਰਾਲੀ, ਮਾਈ ਭਾਗੋ ਬਿ੍ਰਗੇਡ ਦੀ ਸਰਪ੍ਰਸਤ ਬੀਬੀ ਕੁਲਵੰਤ ਕੌਰ ਪਟਿਆਲਾ, ਕਥਾ-ਵਾਚਕ ਭਾਈ ਮਨਜਿੰਦਰ ਸਿੰਘ ਜੀ ਹਰਿ ਰਾਏ ਪੁਰ ਵਾਲੇ, ਭਾਈ ਬਲਜੀਤ ਸਿੰਘ ਚੰਡੀਗੜ ਵਾਲੇ, ਰਾਗੀ ਭਾਈ ਹਰਪਾਲ ਸਿੰਘ ਵਿਰਦੀ, ਯੂਰਪ ਤੋਂ ਕਵੀ ਸ. ਹਰਜਿੰਦਰ ਸਿੰਘ ਸੰਧੂ, ਸ. ਮੋਤਾ ਸਿੰਘ ਸਰਾਏ (ਪੰਜਾਬੀ ਸੱਥ ਯੂਰਪ ਦੇ ਮੁੱਖ ਸੇਵਾਦਾਰ) ਆਦਿ ਹਾਜ਼ਰੀਆਂ ਭਰ ਗਏ ਹਨ।

ਸ. ਮੋਤਾ ਸਿੰਘ ਜੀ ਸਰਾਏ ਦੀ ਸਲਾਹ ’ਤੇ ਸਵ: ਨਿਰਮਲ ਸਿੰਘ ਜੀ ਭੰਵਰਾ, ਕਰਮਜੀਤ ਸਿੰਘ ਔਜਲਾ, ਦਲਜੀਤ ਸਿੰਘ ਭੱਟੀ, ਸੁਪ੍ਰਸਿੱਧ ਗੀਤਕਾਰਾਂ ਦੀ ਲੜੀ ਵਿਚ ਸੁਰਿੰਦਰ ਜੱਕੋਪੁਰੀ, ਜੱਸੀ ਗੁਸਤਾਖ਼, ਹੈਪੀ ਭਾਮ, ਤੇਜੀ ਸਾਬ, ਬਲਜੀਤ ਸਰੋਆ, ਨਿਰਮਲ ਭਾਰ ਸਿੰਘ ਪੁਰੀ, ਰਵਿੰਦਰ ਸਿੰਘ, ਜਸਪਾਲ ਚੁੰਬਰ ਅਤੇ ਮੰਗੀ ਭੁੱਲਰ ਆਦਿ ਨੂੰ ਨਾਲ ਲੈ ਕੇ, ‘‘ਪੰਜਾਬੀ ਸੱਥ ਕੁਵੈਤ” ਦੀ ਸਥਾਪਨਾ ਕੀਤੀ, ਜਿਸ ਵਿਚ ਉਪਰੰਤ ਕੁਵੈਤ ’ਚ ਰਹਿੰਦੀਆਂ ਹੋਰ ਕਲਮਾਂ ਨੂੰ ਵੀ ਆਪਣੇ ਨਾਲ ਜੋੜ ਕੇ, ‘‘ਮੋਹ ਪੰਜਾਬੀ ਦਾ” ਕਾਵਿ-ਸੰਗ੍ਰਹਿ ਛਪਵਾਇਆ।   ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵਿਸ਼ਵ ਦੇ ਅੰਬਰਾਂ ਉਤੇ ਪਹੁੰਚਾਉਣ ਅਤੇ ਚਮਕਾਉਣ ਦੇ ਸਿਰਤੋੜ ਉਪਰਾਲਿਆਂ ਵਿਚ ਜੁਟੀ ਲਸ਼ਕਰੀ ਰਾਮ ਜੱਖੂ ਜੀ ਨਾਂ ਦੀ ਇਸ ਸਖ਼ਸ਼ੀਅਤ ਦੇ ਪਰ-ਉਪਕਾਰੀ ਸਾਹਿਤਕ ਅਤੇ ਸਮਾਜ-ਸੇਵੀ ਕਾਰਜਾਂ ਦੀ ਜਿੰਨੀ ਵੀ ਤਹਿ ਦਿਲੋਂ ਸ਼ਲਾਘਾ ਕੀਤੀ ਜਾਏ, ਥੋੜੀ ਹੈ।  ਸ਼ਾਲਾ !  ਇਸ ਅਨਮੋਲ ਪ੍ਰਵਾਸੀ ਹੀਰੇ ਦੀ ਲੋਕ ਗੀਤ ਦੇ ਹਾਣ ਦੀ ਉਮਰ ਹੋਵੇ ! ਭਰੇ ਅੰਬਰ ਦੇ ਤਾਰਿਆਂ ਜਿੰਨੀਆਂ ਇੱਛਾਵਾਂ, ਦੁਆਵਾਂ ਤੇ ਜੋਦੜੀਆਂ ਹਨ ਮੇਰੀਆਂ !      

(ਪ੍ਰੀਤਮ ਲੁਧਿਆਣਵੀ) +91 9876428641

Install Punjabi Akhbar App

Install
×