(ਬ੍ਰਿਸਬੇਨ) ਇੱਥੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਸਾਰ ਲਈ ਕਾਰਜਸ਼ੀਲ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਇਸ ਸਾਲ ਦੇ ਪਲੇਠੇ ਕਵੀ ਦਰਬਾਰ ਵਿੱਚ ਉੱਘੇ ਸਮਾਜ ਸੇਵੀ ਡਾ. ਸੁਰਿੰਦਰ ਬੀਰ ਸਿੰਘ ਅਤੇ ਸ. ਗਿਆਨ ਸਿੰਘ ਦਾ ਉਹਨਾਂ ਵੱਲੋਂ ਕੀਤੇ ਸਮਾਜਿਕ ਕਾਰਜਾਂ ਬਾਬਤ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੈਠਕ ਦੀ ਸ਼ੁਰੂਆਤ ਸੰਸਥਾ ਪ੍ਰਧਾਨ ਦਲਜੀਤ ਸਿੰਘ ਵੱਲੋਂ ਮੁੱਖ ਮਹਿਮਾਨਾਂ ਦੇ ਤੁਆਰਫ਼ ਅਤੇ ਹਾਜ਼ਰੀਨ ਨੂੰ ਜੀ ਆਇਆਂ ਨਾਲ ਕੀਤੀ। ਉਹਨਾਂ ਸਮਾਜ ਵਿੱਚ ਚੰਗੀ ਵਿੱਦਿਅਕ ਪ੍ਰਣਾਲੀ ਦੀ ਪ੍ਰੋੜ੍ਹਤਾ ਕਰਦਿਆਂ ਮਾਂ ਬੋਲੀ ਦੇ ਲਗਾਤਾਰ ਪਸਾਰ ਦੀ ਗੱਲ ਕੀਤੀ। ਮੁੱਖ ਮਹਿਮਾਨ ਡਾ. ਸੁਰਿੰਦਰ ਬੀਰ ਸਿੰਘ ਅਤੇ ਸ. ਗਿਆਨ ਸਿੰਘ ਨੇ ਆਪਣੀਆਂ ਤਕਰੀਰਾਂ ‘ਚ ਪੰਜਾਬੀ ਨੌਜਵਾਨੀ ਦੇ ਲਗਾਤਾਰ ਵਿਦੇਸ਼ ਨੂੰ ਜਾਣ ਦੇ ਰੁਝਾਨ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਪਾੜ੍ਹਿਆਂ ਨੂੰ ਘਰ ਵਾਪਸੀ ਅਤੇ ਆਪਣੇ ਸੱਭਿਆਚਾਰ ਨੂੰ ਤੰਦਰੁਸਤ ਰੱਖਣ ਦੀ ਗੁਹਾਰ ਲਗਾਈ। ਉਹਨਾਂ ਆਪਣੇ ਵਿੱਦਿਆ ਖੇਤਰ ਵਿੱਚ ਵਿਚਰਦਿਆਂ ਆਪਣੇ ਨਿੱਜੀ ਤਜ਼ਰਬਿਆਂ ਦੀ ਹਾਜ਼ਰੀਨ ਨਾਲ ਸਾਂਝ ਪੁਆਈ। ਮੀਤ ਪ੍ਰਧਾਨ ਰਿਤੀਕਾ ਅਹੀਰ ਵੱਲੋਂ ਪੰਜਾਬ ਦੇ ਵਿੱਦਿਅਕ ਢਾਂਚੇ ‘ਚ ਆ ਰਹੀ ਗਿਰਾਵਟ ਅਤੇ ਅਨੁਸ਼ਾਸਨਹੀਣਤਾ ‘ਤੇ ਹਾਅ ਦਾ ਨਾਅਰਾ ਮਾਰਿਆ। ਸਭਾ ਮੈਂਬਰ ਹਰਮਨਦੀਪ ਗਿੱਲ ਵੱਲੋਂ ਬ੍ਰਿਸਬੇਨ ਸ਼ਹਿਰ ਦੇ ਬੱਸ ਮੁਲਾਜ਼ਮਾਂ ਨਾਲ਼ ਚੱਲ ਰਹੇ ਗਲਤ ਵਰਤਾਵ ‘ਤੇ ਚਿੰਤਾ ਜਤਾਈ ਗਈ ਅਤੇ ਸੁਰੱਖਿਆ ਸੁਝਾਵਾਂ ਦੀ ਗੱਲ ਤੋਰੀ। ਪਹਿਲੀ ਵਾਰ ਸ਼ਮੂਲੀਅਤ ਕਰ ਰਹੇ ਗੁਰਜਿੰਦਰ ਸੰਧੂ ਨੇ ਆਪਣੀਆਂ ਨਜ਼ਮਾਂ ਰਾਹੀਂ ਕੀਲਿਆ। ਜਸਵੰਤ ਵਾਗਲਾ ਨੇ ਆਪਣੀਆਂ ਰਚਨਾਵਾਂ ਨਾਲ਼ ਸਰੋਤਿਆਂ ਨੂੰ ਸ਼ਰਸਾਰ ਕੀਤਾ। ਇਕਬਾਲ ਧਾਮੀ ਨੇ ਵਾਰਤਕ ਰਾਹੀਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣ ਦਾ ਸੰਦੇਸ਼ ਦਿੱਤਾ। ਦੇਵ ਸਿੱਧੂ ਨੇ ਆਪਣੀ ਕਵਿਤਾ ‘ਚ ਪੰਜਾਬ ‘ਚ ਚੱਲ ਰਹੇ ਨਸ਼ਿਆਂ ਦੇ ਵਰਤਾਰੇ ਨੂੰ ਭੰਡਿਆ। ਮਸ਼ਹੂਰ ਗੀਤਕਾਰ ਨਿਰਮਲ ਸਿੰਘ ਦਿਓਲ ਵੱਲੋਂ ਪ੍ਰਸਿੱਧ ਗੀਤ ‘ਭਾਲ਼ ਨਾ ਜਿੰਦੇ ਯਾਰ ਗਵਾਚੇ’ ਪੇਸ਼ ਕੀਤਾ। ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਮਲਵਿੰਦਰ ਸਿੰਘ, ਵਰਿੰਦਰ ਅਲੀਸ਼ੇਰ, ਮਨਜਿੰਦਰ ਸਿੰਘ, ਹਿਰਦੇਪਾਲ ਸਿੰਘ, ਦਿਨੇਸ਼ ਸ਼ੇਖੂਪੁਰੀ ਆਦਿ ਨੇ ਆਪਣੀਆਂ ਰਚਨਾਵਾਂ, ਗਜ਼ਲਾਂ ਤੇ ਤਕਰੀਰਾਂ ਨਾਲ ਸਰੋਤਿਆਂ ਦਾ ਮਨ ਮੋਹਿਆ। ਅੰਤ ਵਿੱਚ ‘ਗਲੋਬਲ ਇੰਸਟੀਚਿਊਟ ਆਫ਼ ਐਜੂਕੇਸ਼ਨ’ ਦੇ ਡਾਇਰੈਕਟਰ ਬਲਵਿੰਦਰ ਸਿੰਘ ਮੋਰੋਂ ਵੱਲੋਂ ਇਸ ਸ਼ਾਨਦਾਰ ਸਾਹਿਤਿਕ ਬੈਠਕ ਲਈ ਸਭਨਾਂ ਦਾ ਧੰਨਵਾਦ ਕੀਤਾ।