ਨਿਊਜ਼ੀਲੈਂਡ ‘ਚ ਭਾਰਤੀ ਵਿਦਿਆਰਥੀ ਅਧੀਰਾਜ ਕਪੂਰ ਨੇ ਮੈਕ ਲੈਪਟਾਪ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ

NZ PIC 3 Oct-2

ਨਿਊਜ਼ੀਲੈਂਡ ਦੇ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਨੂੰ ਹੁਣ ਬਹੁ-ਗਿਣਤੀ ਦੇ ਵਿਚ ਆਏ ਵਿਦਿਆਰਥੀ ਕਿਹਾ ਜਾ ਸਕਦਾ ਹੈ। ਇਹ ਵਿਦਿਆਰਥੀ ਜਿੱਥੇ ਉਚ ਸਿਖਿਆ ਪ੍ਰਾਪਤ ਕਰਨ ਆਉਂਦੇ ਹਨ ਉਥੇ ਕੁਝ ਬੱਚੇ ਆਪਣੇ ਉਚ ਭਾਰਤੀ ਸੰਸਕਾਰਾਂ ਕਰਕੇ ਕਈ ਵਾਰ ਵਧੀਆ ਉਦਾਹਰਣ ਵੀ ਪੇਸ਼ ਕਰਦੇ ਹਨ ਜਿਹੜੀ ਕਿ ਇਸ ਮੁਲਕ ਦੇ ਵਿਚ ਵੱਡੇ ਮਾਅਨੇ ਰਖਵਾਉਂਦੀ ਹੈ। ਇਕ ਅਜਿਹੀ ਹੀ ਉਦਾਹਰਣ ਪਿਛਲੇ ਦਿਨੀਂ ਇਕ ਭਾਰਤੀ ਵਿਦਿਆਰਥੀ ਅਧੀਰਾਜ ਕਪੂਰ ਨੇ ਪੇਸ਼ ਕੀਤੀ। ਉਹ ਪਿਛਲੇ ਦਿਨੀਂ ਬੱਸ ਦੇ ਵਿਚ ਆਕਲੈਂਡ ਸਿਟੀ ਤੋਂ ਹਿਲਸਬੋਰੋ ਜਾ ਰਿਹਾ ਸੀ ਤਾਂ ਉਸ ਨੂੰ ਬੱਸ ਦੀ ਇਕ ਸੀਟ ਉਤੇ ਕਿਸੇ ਦਾ ਭੁੱਲਿਆ ਹੋਇਆ ਬੈਗ ਪ੍ਰਾਪਤ ਹੋਇਆ। ਪਹਿਲਾਂ ਇਸ ਵਿਦਿਆਰਥੀ ਨੇ ਸੋਚਿਆ ਕਿ ਇਸ ਨੂੰ ਏਦਾਂ ਹੀ ਛੱਡ ਦਿੱਤਾ ਜਾਵੇ ਫਿਰ ਦਿਲ ਵਿਚ ਆਇਆ ਕਿ ਹੋ ਸਕਦਾ ਹੈ ਇਸ ਵਿਚ ਕਿਸੀ ਦਾ ਕੋਈ ਜ਼ਰੂਰੀ ਸਾਮਾਨ ਹੋਵੇ। ਇਸ ਮੁੰਡੇ ਨੇ ਇਹ ਬੈਗ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਜਦੋਂ ਖੋਲ੍ਹ ਕੇ ਵੇਖਿਆ ਤਾਂ ਉਸ ਵਿਚ ਮੈਕ ਕੰਪਨੀ ਦਾ ਲੈਪਟਾਪ ਸੀ। ਇਸ ਮੁੰਡੇ ਨੇ ਇਸ ਬਾਰੇ ਸਥਾਨਿਕ ਪੁਲਿਸ ਨੂੰ ਦੱਸਿਆ ਅਤੇ ਪੁਲਿਸ ਨੇ ਉਸ ਵਿਅਕਤੀ ਨੂੰ ਲੱਭ ਕੇ ਮੈਕ ਉਸਦੇ ਹਵਾਲੇ ਕਰ ਦਿੱਤਾ। ਬੈਗ ਭੁੱਲਣ ਵਾਲੇ ਨੇ ਅਧੀਰਾਜ ਕਪੂਰ ਦਾ ਧੰਨਵਾਦ ਕੀਤਾ ਅਤੇ ਇਸਦੇ ਮਿੱਤਰ ਅਜੈ ਰਾਣਾ ਨੇ ਇਹ ਗੱਲ ਪੰਜਾਬੀ ਮੀਡੀਆ ਰਾਹੀਂ ਦੱਸ ਕੇ ਮੁੰਡੇ ਦੀ ਹੌਂਸਲਾ ਅਫਜ਼ਾਈ ਕੀਤੀ।