ਇੰਡੋਨੇਸ਼ੀਆ ‘ਚ ਢਿੱਗਾਂ ਡਿਗਣ ਨਾਲ 20 ਮੌਤਾਂ, 80 ਲਾਪਤਾ

ਇੰਡੋਨੇਸ਼ੀਆ ਦੇ ਮੱਧ ਜਾਵਾ ਇਲਾਕੇ ‘ਚ ਭਾਰੀ ਮੀਂਹ ਪੈਣ ਕਾਰਨ ਡਿੱਗੀਆਂ ਢਿੱਗਾਂ ਕਾਰਨ 20 ਲੋਕਾਂ ਦੀ ਮੌਤ ਗਈ ਅਤੇ 80 ਤੋਂ ਵੱਧ ਲੋਕ ਹੁਣ ਵੀ ਲਾਪਤਾ ਹਨ। ਭਾਰੀ ਮੀਂਹ ਕਾਰਨ ਰਾਹਤ ਕਾਰਜਾਂ ‘ਚ ਰੁਕਾਵਟ ਆ ਰਹੀ ਹੈ। ਲਾਪਤਾ ਲੋਕਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਮਸ਼ੀਨਾਂ ਦੀ ਸਹਾਇਤਾ ਨਾਲ ਸਾਮਾਨ ਚੁੱਕਿਆ ਜਾ ਰਿਹਾ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਜਲਦ ਹੀ ਘਟਨਾ ਸਥਾਨ ‘ਤੇ ਹਾਲਾਤ ਦਾ ਜਾਇਜ਼ਾ ਲੈਣ ਜਾਣਗੇ। ਐਤਵਾਰ ਨੂੰ ਟਰੈਕਟਰ ਤੇ ਬੁਲਡੋਜ਼ਰਾਂ ਦੇ ਪਹੁੰਚਣ ਤੱਕ ਬਚਾਅ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੇ ਹੱਥਾਂ ਨਾਲ ਹੀ ਚਿੱਕੜ ਤੇ ਮਲਬਾ ਹਟਾਉਣਾ ਪਿਆ। ਪੁਲਿਸ ਤੇ ਸੈਨਿਕਾਂ ਸਮੇਤ ਲਗਭਗ 1000 ਲੋਕਾਂ ਨੂੰ ਰਾਹਤ ਕਾਰਜਾਂ ‘ਚ ਲਗਾਇਆ ਗਿਆ ਹੈ। ਏਜੰਸੀਆਂ ਦਾ ਕਹਿਣਾ ਹੈ ਕਿ ਬਚਾਅ ਦਲ ਨੇ ਕੁਝ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਿਸ ‘ਚ 10 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸ਼ਨਿਚਰਵਾਰ ਨੂੰ ਭਾਰੀ ਮੀਂਹ ਪੈਣ ਕਾਰਨ ਰਾਹਤ ਕਾਰਜ ਨੂੰ ਰੋਕਣਾ ਪਿਆ ਸੀ।