ਬਦਰੀਨਾਥ ਮਾਰਗ ‘ਤੇ ਚਮੋਲੀ ‘ਚ ਜ਼ਮੀਨ ਖਿਸਕਣ ਕਾਰਨ 4000 ਤੋਂ ਵੱਧ ਯਾਤਰੀ ਫਸੇ

ਉਤਰਾਖੰਡ ਦੇ ਚਮੋਲੀ ‘ਚ ਪਵਿੱਤਰ ਤੀਰਥ ਸਥਾਨ ਬਦਰੀਨਾਥ ਦੇ ਰਸਤੇ ‘ਚ ਵੱਡੇ ਪੱਧਰ ‘ਤੇ ਜ਼ਮੀਨ ਖਿਸਕ ਗਈ ਹੈ। ਜਿਸ ਕਾਰਨ 4000 ਤੋਂ ਵੱਧ ਯਾਤਰੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਕਾਰਨ 300 ਮੀਟਰ ਲੰਬੀ ਸੜਕ ਟੁੱਟ ਗਈ ਹੈ। ਮਲਬੇ ਦੇ ਥੱਲੇ ਬੀ.ਆਰ.ਓ. ਦਾ ਬੁਲਡੋਜ਼ਰ ਵੀ ਦੱਬ ਗਿਆ ਹੈ। ਜੋਸ਼ੀ ਮੱਠ ‘ਚ ਇਕ ਉੱਘੇ ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਭਾਰੀ ਬਾਰਸ਼ ਹੋਣ ਤੋਂ ਬਾਅਦ ਚਮੋਲੀ ‘ਚ ਜ਼ਮੀਨ ਖਿਸਕ ਗਈ, ਜਿਸ ਤੋਂ ਬਾਅਦ ਬਦਰੀਨਾਥ ਮਾਰਗ ‘ਤੇ ਆਵਾਜਾਈ ਰੋਕ ਦਿੱਤੀ ਗਈ। ਪੁਲਿਸ ਨੇ ਯਾਤਰੀਆਂ ਦੇ ਨਿੱਜੀ ਵਾਹਨਾਂ ਨੂੰ ਗੋਬਿੰਦ ਘਾਟ, ਜੋਸ਼ੀ ਮੱਠ, ਪੰਡੂਕੇਸ਼ਵਰ ਅਤੇ ਬਦਰੀਨਾਥ ‘ਚ ਹੀ ਰੋਕ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਯਾਤਰੀਆਂ ਨੂੰ ਮਾਰਗ ‘ਤੇ ਫਸਣ ਤੋਂ ਬਚਾਉਣ ਲਈ ਉਨ੍ਹਾਂ ਦੀ ਸੁਰੱਖਿਆ ਲਈ ਅਜਿਹਾ ਕੀਤਾ ਗਿਆ ਹੈ।