ਲਗਨ:…ਇਕ ਦਿਨ ਗੁੱਡੀ ਚੜ੍ਹਦੀ ਹੈ ਗਗਨ

NZ PIC 16 Oct-1B NZ PIC 16 Oct-1
12ਵੇਂ ਮਿਸ ਵਰਲਡ ਪੰਜਾਬਣ ‘ਚ ‘ਮਿਸ  ਐਨ. ਆਰ. ਆਈ.’ ਰਹੀ ਗਗਨ ਰੰਧਾਵਾ ਦੀ ਪੰਜਾਬੀ ਫਿਲਮ ‘ਜ਼ਖਮੀ’ ‘ਚ ਦਸਤਕ
-ਨਿਊਜ਼ੀਲੈਂਡ ‘ਚ ਕੀਤੀ ਪੜ੍ਹਾਈ, ਕੀਤੀ ਬਹੁਤ ਕਮਾਈ, ਮੁੜ ਗਈ ਆਪਣੇ ਵਤਨੀਂ, ਜਿਸ ਆਪਣੇ ਗਲ ਲਾਈ ਤੇ ਹੁਣ ਹੋਵੇਗੀ ਫਿਲਮਾਂ ‘ਚ ਚੜ੍ਹਾਈ
ਔਕਲੈਂਡ 16  ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨੇ ਜਿਸਦੇ ਸੁਪਨੇ ਵੱਡੇ ਹੁੰਦੇ ਹਨ ਉਸਦੀ ਨੀਂਦ ਬਹੁਤ ਛੋਟੀ ਹੁੰਦੀ ਹੈ। ਇਨ੍ਹਾਂ ਸੁਪਨਿਆਂ ਤੱਕ ਪਹੁੰਚਣ ਲਈ ਜਿੱਥੇ ਤੁਹਾਡੇ ਅੰਦਰ ਕੰਮ ਪ੍ਰਤੀ ਸਮਰਪਣ ਰਹਿਣ ਦੀ ਭਾਵਨਾ ਹੋਣੀ ਚਾਹੀਦੀ ਹੈ ਉਥੇ ਮਿਹਨਤ, ਲਗਨ ਅਤੇ ਨਿਸ਼ਾਨੇ ਵੱਲ ਵਧਦੇ ਕਦਮਾਂ ਨੂੰ ਜਾਨਦਾਰ ਬਣਾਈ ਰੱਖਣਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ। ਕੁਦਰਤ ਪਰਚੇ ਪਾਉਂਦੀ ਹੈ, ਮੌਕੇ ਦਿੰਦੀ ਹੈ ਅਤੇ ਇਕ ਦਿਨ ਤੁਹਾਨੂੰ ਕਿਸਮਤ ਖੁਦ ਵਾਜਾਂ ਮਾਰ ਕੇ ਅਜਿਹਾ ਕੁਝ ਦੇ ਜਾਂਦੀ ਹੈ ਕਿ ਪਿਛਲਾ ਲੰਘਿਆ ਸਾਰਾ ਔਖਾ ਸਮਾਂ ਇੰਝ ਮਹਿਸੂਸ ਹੋਣ ਲਗਦਾ ਹੈ ਜਿਵੇਂ ਸੋਨੇ ਨੂੰ ਨਿਖਾਰਨ ਵਾਲੀ ਅਗਨੀ ਅਗਨ ਦੇਵਤੇ ਵਿਚ ਬਦਲ ਗਈ ਹੋਵੇ। 2012 ਦੇ ਵਿਚ ਨਿਊਜ਼ੀਲੈਂਡ ਪੜ੍ਹਨ ਆਈ ਪੰਜਾਬ ਦੇ ਪਿੰਡ ਚੱਕ ਸ਼ਕੂਰ( ਭੋਗਪੁਰ-ਜਲੰਧਰ) ਦੀ ਇਹ ਕੁੜੀ ਗਗਨਦੀਪ ਕੌਰ ਰੰਧਾਵਾ (ਗਗਨ ਰੰਧਾਵਾ) ਇਥੇ 5 ਸਾਲ ਪੜ੍ਹਾਈ ਕਰਦੀ ਰਹੀ, ਮੈਨੇਜਰ ਦੀ ਪੋਸਟ ਤੱਕ ਗਈ, ਸੋਹਣੀ ਕਮਾਈ ਕੀਤੀ,  ਸੁੰਦਰਤਾ ਮੁਕਾਬਲਿਆਂ ਵਿਚ ਭਾਗ ਲੈਂਦੀ ਰਹੀ, 12ਵੇਂ ਮਿਸ ਵਰਲਡ ਪੰਜਾਬਣ ਮੁੱਕਾਬਲੇ ਵਿਚ ਨਿਊਜ਼ੀਲੈਂਡ ਦੀ ਪ੍ਰਤੀਨਿਧਤਾ ਕਰਨ ਇੰਡੀਆ ਗਈ, ‘ਮਿਸ ਐਨ. ਆਰ. ਆਈ. ਪੰਜਾਬਣ’ ਖਿਤਾਬ ਜਿੱਤਿਆ, ਮਿਸ ਬੈਸਟ ਸਮਾਈਲ ਨਿਊਜ਼ੀਲੈਂਡ 2012, ਚੰਡੀਗੜ੍ਹ ਵਿਖੇ ਫੈਸ਼ਨ ਸ਼ੋਅ ਵਿਚ ਫੋਟੋਜੈਨਿਕ ਤੇ ਅਸਪਾਇਰੰਗ ਮਾਡਲ, ਡਾ. ਸਤਿੰਦਰ ਸਰਤਾਜ ਵੱਲੋਂ ਸਨਮਾਨ,  ਨਿਊਜ਼ੀਲੈਂਡ ‘ਚ ਗੋਰਿਆਂ ਦੇ ਥੀਏਟਰ ਵਿਚ ‘ਸੁਪਰਮਾਰਕੀਟ ਸਿਸਟਰਹੁੱਡ’ ਨਾਟਕ ਵਿਚ ਰੋਲ ਕੀਤਾ, ਪੰਜਾਬੀ ਭਾਸ਼ਾ ਅਤੇ ਪੰਜਾਬੀ ਨ੍ਰਿਤ ਲਈ ਕਲਾਸਾਂ ਸ਼ੁਰੂ ਕੀਤੀਆਂ ਅਤੇ ਸਥਾਨਿਕ ਗਿੱਧੇ ਦੇ ਮੁਕਾਬਲਿਆਂ ਦੇ ਵਿਚ ਮੁਕਾਬਲੇ ਜਿੱਤਦੀ ਰਹੀ। ਕਹਿੰਦੇ ਨੇ ਕਲਾ ਕਿਸੀ ਥਾਂ ਨਾਲ ਨਹੀਂ ਜੁੜੀ ਹੁੰਦੀ, ਆਪਣੇ ਸੁਪਨੇ ਪੂਰੇ ਕਰਨ ਵਾਸਤੇ ਇਹ ਕੁੜੀ ਆਪਣੇ ਵਤਨ ਪੰਜਾਬ ਫਰਵਰੀ 2017 ਦੇ ਵਿਚ ਮੁੜ ਗਈ ਅਤੇ ਪੰਜਾਬ ਨੇ ਉਸਨੂੰ ਮੁੜ ਗਲਵੱਕੜੀ ਵਿਚ ਜਾਂਦਿਆ ਹੀ ਲੈ ਲਿਆ।  ਪੰਜਾਬੀ ਫਿਲਮੀ ਹਸਤੀਆਂ ਨਾਲ ਮੇਲ-ਜੋਲ ਹੋਣ ਕਰਕੇ ਇਕ ਦਿਨ ਇਸ ਕੁੜੀ ਨੂੰ ਬਾਲੀਵੁੱਡ ਪੱਧਰ ਦੇ ਫਿਲਮੀ ਕਲਾਕਾਰ ਗੁਰਪ੍ਰੀਤ ਤੋਤੀ ਦੀ ਪਾਰਖੂ ਅੱਖ ਦੇ ਰਾਹੀਂ  ਪੰਜਾਬੀ ਫਿਲਮਾਂ ਵਿਚ ਐਂਟਰੀ ਹੋਈ। ਉਨ੍ਹਾਂ ਨੇ ਇਸਦੀ ਕਾਬਲੀਅਤ ਨੂੰ ਪਛਾਣਿਆ ਅਤੇ ਇਕ ਫਿਲਮ ਦੇ ਵਿਚ ਕੰਮ ਵੀ ਦਿਲਵਾ ਦਿੱਤਾ ਪਰ ਅਜੇ ਉਹ ਫਿਲਮ ਰਿਲੀਜ਼ ਨਹੀਂ ਹੋਈ। ਉਨ੍ਹਾਂ ਦੀ ਬਦੌਲਤ ਇਕ ਦਿਨ ਗਗਨ ਨੂੰ ਬਿਨੂ ਢਿੱਲੋਂ ਦੀ ਕਾਲ ਆਈ ਅਤੇ ਉਸਦੇ ਪ੍ਰੋਡਕਸ਼ਨ ਹੇਠ ਬਣ ਰਹੀ ਨਵੀਂ ਪੰਜਾਬੀ ਫਿਲਮ ‘ਜ਼ਖਮੀ’ ਲਈ ਕੰਮ ਕਰਨ ਲਈ ਸੱਦਿਆ। ਕਿਸਮਤ ਨੇ ਫਿਰ ਇਸ ਕੁੜੀ ਲਈ ਅਗਲਾ ਬੂਹਾ ਖੋਲ੍ਹ ਦਿੱਤਾ ਅਤੇ ਉਹ ‘ਜ਼ਖਮੀ’ ਫਿਲਮ ਦਾ ਅਹਿਮ ਹਿੱਸਾ ਬਣ ਗਈ। ਇਨ੍ਹੀਂ ਦਿਨੀਂ ਗਗਨਦੀਪ ਕੌਰ ਰੰਧਾਵਾ ਫਿਲਮ ਦੀ ਸ਼ੂਟਿੰਗ ਦੇ ਵਿਚ ਕਾਫੀ ਮਸ਼ਰੂਫ ਹੈ। ਇਹ ਫਿਲਮ ਐਕਸ਼ਨ ਅਤੇ ਰੁਮਾਂਟਿਕ ਫਿਲਮ ਹੈ। ਇਕ ਪਰਿਵਾਰ ਕਿਸੇ ਦੀ ਤਾਕਤ ਅਤੇ ਕਮਜ਼ੋਰੀ ਹੋ ਸਕਦਾ ਹੈ, ਨੂੰ ਬਹੁਤ ਸੋਹਣੇ ਤਰੀਕੇ ਨਾਲ ਵਿਖਾਇਆ ਗਿਆ ਹੈ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ, ਜ਼ੀਰਕਪੁਰ, ਪੰਚਕੂਲਾ ਆਦਿ ਵਿਖੇ ਚੱਲ ਰਹੀ ਹੈ।
ਇਸਦੇ ਫਿਲਮ ਡਾਇਰੈਕਟਰ ਇੰਦਰਪਾਲ ਸਿਘ ਹਨ ਜਦ ਕਿ ਨਾਇਕ ਹਨ ਦੇਵ ਖਰੌੜ। ਇਹ ਫਿਲਮ ਅਗਲੇ ਸਾਲ 7 ਫਰਵਰੀ ਦੇ ਵਿਚ ਰਿਲੀਜ਼ ਕੀਤੀ ਜਾਣੀ ਹੈ। ਸ਼ਾਲਾ! ਇਹ ਕੁੜੀ ਹੋਰ ਤਰੱਕੀਆਂ ਕਰੇ। ਨਿਊਜ਼ੀਲੈਂਡ ਵਾਸੀਆਂ ਨੂੰ ਇਸ ਕੁੜੀ ਉਤੇ ਮਾਣ ਰਹੇਗਾ।

Install Punjabi Akhbar App

Install
×