ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਲੇਬਰ ਪਾਰਟੀ ਵੱਲੋਂ ਸਰੀਰਕ ਸ਼ੋਸ਼ਣ ਖ਼ਿਲਾਫ਼ ‘ਕੋਡ ਆਫ਼ ਕੰਡਕਟ’ ਦੀ ਪੈਰਵੀ

(ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਕੈਨਬਰਾ ਵਿਖੇ ਪਾਰਲੀਮੈਂਟ ਅੰਦਰ ਪ੍ਰਸ਼ਨ ਕਾਲ ਸਮੇਂ ਕੋਡ ਆਫ਼ ਕੰਡਕਟ ਦੀ ਪੈਰਵੀ ਕਰਦੇ ਹੋਏ)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਟਨੀ ਹਿਗਿੰਨਜ਼ ਦੇ ਪਾਰਲੀਮੈਂਟ ਅੰਦਰ, ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੇ ਦੇਸ਼ ਭਰ ਵਿੱਚ ਇੱਕ ਨਵੀਂ ਤਰ੍ਹਾਂ ਦੀ ਬਹਿਸ ਛੇੜ ਦਿੱਤੀ ਹੈ ਅਤੇ ਇਸ ਬਹਿਸ ਨੇ ਸੰਸਦ ਅੰਦਰ ਅਹਿਜੇ ਕਾਨੂੰਨ ਬਣਾਉਣ ਪਿੱਛੇ ਚਰਚਾ ਆਰੰਭੀ ਹੈ ਜਿਸ ਰਾਹੀਂ ਕਿ ਨਵੇਂ ‘ਕੋਡ ਆਫ਼ ਕੰਡਕਟ’ ਪੇਸ਼ ਕੀਤੇ ਜਾ ਰਹੇ ਹਨ ਤਾਂ ਕਿ ਅਜਿਹੀਆਂ ਘਿਨੌਣੀਆਂ ਕਾਰਵਾਈਆਂ ਕਰਨ ਵਾਲਿਆਂ ਉਪਰ ਨਕੇਲ ਕੱਸੀ ਜਾ ਸਕੇ ਅਤੇ ਮੁੜ ਤੋਂ ਕੋਈ ਵੀ ਅਜਿਹੀਆਂ ਵਾਰਦਾਤਾਂ ਦਾ ਸ਼ਿਕਾਰ ਨਾ ਹੋਵੇ। ਇਸ ਕੋਡ ਆਫ ਕੰਡਕਟ ਦੀ ਪੈਰਵੀ ਹਰ ਇੱਕ ਰਾਜਨੀਤਿਕ ਪਾਰਟੀ ਕਰ ਰਹੀ ਹੈ ਅਤੇ ਇਸ ਵਾਸਤੇ ਮੋਰੀਸਨ ਸਰਕਾਰ ਉਪਰ ਵਿਰੋਧੀਆਂ ਵੱਲੋਂ ਬੀਤੇ ਤਕਰੀਬਨ ਦੋ ਹਫ਼ਤਿਆਂ ਤੋਂ ਹੀ ਪੂਰਾ ਦਬਾਅ ਬਣਾਇਆ ਗਿਆ ਹੈ।
ਪਾਰਲੀਮੈਂਟ ਵਿਚਲੇ ਵਾਤਾਵਰਣ ਨੂੰ ਵਾਚਣ ਅਤੇ ਸਰਵੇਖਣ ਵਾਸਤੇ ਅਲੱਗ-ਅਲੱਗ ਪਾਰਟੀਆਂ ਦੇ ਨੂਮਾਂਇੰਦਿਆਂ ਦੀ ਪੜਚੋਲ ਅੰਦਰ ਘੱਟੋ ਘਟ ਚਾਰ ਅਜਿਹੀਆਂ ਹੀ ਪੜਤਾਲਾਂ ਚੱਲ ਰਹੀਆਂ ਹਨ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆਈ ਪਾਰਲੀਮੈਂਟ ਔਰਤਾਂ ਲਈ ਕੰਮ ਕਰਨ ਵਾਸਤੇ ਕਿੰਨੀ ਕੁ ਸੁਰੱਖਿਅਤ ਹੈ ਅਤੇ ਮੌਜੂਦਾ ਸਮਿਆਂ ਅੰਦਰ ਕਿਹੋ ਜਿਹੇ ਮਾਹੌਲ ਅਜਿਹੇ ਬਣੇ ਹਨ ਅਤੇ ਜਾਂ ਫੇਰ ਬਣਨ ਜਾ ਰਹੇ ਹਨ ਜਿਨ੍ਹਾਂ ਵਿੱਚ ਕਿ ਅਜਿਹੀਆਂ ਵਾਰਦਾਤਾਂ ਹੋਣ ਦੀ ਆਸ਼ੰਕਾ ਦਿਖਾਈ ਦਿੰਦੀ ਹੈ।
ਬ੍ਰਿਟਨੀ ਹਿਗਿੰਨਜ਼ ਵੱਲੋਂ ਲਗਾਏ ਗਏ ਇਲਜ਼ਾਮਾਂ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਉਨ੍ਹਾਂ ਨਾਲ ਜੋ ਵਾਪਰਿਆ ਉਹ ਬਹੁਤ ਹੀ ਘਿਨੌਣਾ ਸੀ ਪਰੰਤੂ ਦੁੱਖ ਇਸ ਗੱਲ ਦਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਬਾਬਤ ਸ਼ਿਕਾਇਤ ਕਰਨੀ ਚਾਹੀ ਤਾਂ ਉਨ੍ਹਾਂ ਨੂੰ ਨੌਕਰੀ ਦਾ ਡਰ ਦਿਖਾ ਕੇ ਸ਼ਿਕਾਇਤਾਂ ਨੂੰ ਵਾਪਿਸ ਲੈਣ ਲਈ ਕਿਹਾ ਗਿਆ ਅਤੇ ਉਨ੍ਹਾਂ ਦੇ ਉਪਰ ਦਬਾਅ ਬਣਾਇਆ ਗਿਆ ਅਤੇ ਹੁਣ ਬੀਤੇ ਬੁੱਧਵਾਰ ਨੂੰ ਉਨ੍ਹਾਂ ਨੇ ਪੁਲਿਸ ਕੋਲ ਨਵੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਜ਼ਿਕਰਯੋਗ ਹੈ ਕਿ ਜਦੋਂ 2019 ਵਿੱਚ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਸ ਸਮੇਂ ਬ੍ਰਿਟਨੀ ਹਿਗਿੰਨਜ਼ ਦੀ ਬਾਸ ਸੈਨੇਟਰ ਲਿੰਡਾ ਰੇਨੋਲਡਜ਼ -ਜੋ ਕਿ ਇਸ ਸਮੇਂ ਦੇਸ਼ ਦੇ ਡਿਫੈਂਸ ਮੰਤਰੀ ਹਨ, ਸਨ ਅਤੇ ਇਸ ਸਮੇਂ ਉਹ ਹਸਪਤਾਲ ਵਿੱਚ ਭਰਤੀ ਹਨ। ਉਮੀਦ ਹੈ ਕਿ ਉਨ੍ਹਾਂ ਨੂੰ ਅੱਜ ਛੁੱਟੀ ਦੇ ਦਿੱਤੀ ਜਾਵੇਗੀ ਅਤੇ ਉਹ ਆਪਣੀ ਵਾਪਸੀ ਉਪਰ ਇਸ ਬਾਬਤ ਕੋਈ ਬਿਆਨ ਜਾਰੀ ਕਰਨਗੇ।

Install Punjabi Akhbar App

Install
×