ਚੋਣ ਦੰਗਲ 2022 -ਹੁਣ ਲੇਬਰ ਪਾਰਟੀ ਵਾਲਿਆਂ ਨੇ ਧਿਆਨ ਕੀਤਾ ਅਧਿਆਪਕਾਂ ਵੱਲ…..

ਲੇਬਰ ਪਾਰਟੀ ਦੀ ਨਿਗਾਹ ਹੁਣ, ਚੋਣ ਮੁਹਿੰਮ ਦੌਰਾਨ ਸਕੂਲੀ ਖੇਤਰ ਵਿੱਚਲੇ ਅਧਿਆਪਕਾਂ ਵੱਲ ਪਈ ਹੈ ਅਤੇ ਮੁੱਖ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਦੇ ਚੋਣ ਮਨੋਰਥ ਨੂੰ ਅੱਗੇ ਤੋਰਦਿਆਂ, ਸ਼ੈਡੋ ਸਿੱਖਿਆ ਮੰਤਰੀ ਤਾਨੀਆ ਪਲਿਬਰਸਕ ਨੇ ਮੈਲਬੋਰਨ ਵਿੱਚ ਆਪਣੀ ਚੋਣ ਮੁਹਿੰਮ ਦੌਰਾਨ ਬੋਲਦਿਆਂ ਕਿਹਾ ਕਿ ਦੇਸ਼ ਵਿੱਚਲੇ ਸਕੂਲੀ ਖੇਤਰ ਵਿੱਚ ਬੀਤੇ ਕੁੱਝ ਸਾਲਾਂ ਤੋਂ ਬਹੁਤ ਜ਼ਿਆਦਾ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਸਕੂਲੀ ਖੇਤਰ ਦੀ ਰੀੜ੍ਹ ਦੀ ਹੱਡੀ -ਅਧਿਆਪਕ, ਨਿਰਾਸ਼ ਹਨ ਕਿਉਂਕਿ ਉਨ੍ਹਾਂ ਦੀਆਂ ਤਨਖਾਹਾਂ ਘੱਟ ਹਨ ਅਤੇ ਉਪਰ ਕੰਮ ਕਰਨ ਦਾ ਬੋਝ (ਵਰਕ ਲੋਡ) ਬਹੁਤ ਜ਼ਿਆਦਾ ਹੈ। ਨਿਊ ਸਾਊਥ ਵੇਲਜ਼ ਦੇ ਅਧਿਆਪਕ ਤਾਂ ਹੜਤਾਲਾਂ ਕਰ ਰਹੇ ਹਨ। ਕਰੋਨਾ ਕਾਲ ਨੇ ਇਸ ਖੇਤਰ ਨੂੰ ਹੋਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਘੱਟ ਤਨਖਾਹਾਂ ਅਤੇ ਭੱਤੇ ਹੋਣ ਕਾਰਨ ਹਰ 3 ਵਿੱਚੋਂ 1 ਅਧਿਆਪਕ ਇਸ ਖ਼ਿਤੇ ਨੂੰ ਛੱਡ ਕੇ ਹੋਰ ਕੰਮਾਂ ਵੱਲ ਜਾ ਰਿਹਾ ਹੈ।
ਲੇਬਰ ਪਾਰਟੀ ਨੇ ਅਧਿਆਪਕਾਂ ਵਾਲੇ ਖ਼ਿਤੇ ਵਾਸਤੇ 150 ਮਿਲੀਅਨ ਡਾਲਰਾਂ ਦੇ ਬਜਟ ਦਾ ਐਲਾਨ ਕੀਤਾ ਹੈ ਜੋ ਕਿ ਇਸ ਖੇਤਰ ਦੀ ਭਲਾਈ ਅਤੇ ਵਿਕਾਸ ਆਦਿ ਲਈ ਖਰਚਿਆ ਜਾਵੇਗਾ।
ਸਾਲਾਨਾ ਪਲਾਨ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਚੁਣੀ ਜਾਂਦੀ ਹੈ ਤਾਂ 5,000 ਵਿਦਿਆਰਥੀਆਂ ਨੂੰ ਜਿਨ੍ਹਾਂ ਦੇ 80 ਜਾਂ ਇਸਤੋਂ ਵੱਧ ਦੇ ਏ.ਟੀ.ਏ.ਆਰ. (The Australian Tertiary Admission Rank) ਹੋਣਗੇ, ਉਨ੍ਹਾਂ ਨੂੰ ਇਸ ਅਧਿਆਪਨ ਦੇ ਖੇਤਰ ਵਿੱਚ ਲਿਆਉਣ ਖਾਤਰ 10,000 ਡਾਲਰ ਪ੍ਰਤੀ ਸਾਲ ਦੀ ਮਦਦ ਦਿੱਤੀ ਜਾਵੇਗੀ ਅਤੇ ਇਸਦੇ ਨਾਲ ਹੀ ਜੇਕਰ ਉਹ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਜਾਣ ਲਈ ਤਿਆਰ ਹੁੰਦੇ ਹਨ ਤਾਂ ਉਨ੍ਹਾਂ ਨੂੰ 2000 ਡਾਲਰਾਂ ਦੀ ਵਾਧੂ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ।

Install Punjabi Akhbar App

Install
×