
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੋਵਿਡ-19 ਕਾਰਨ ਇਸ ਸਾਲ ਦੇ ਸ਼ੁਰੂ ਤੋਂ ਹੀ ਜਦੋਂ ਕੰਮ-ਧੰਦੇ ਆਦਿ ਬੰਦ ਹੋਣ ਲੱਗੇ ਤਾਂ ਮੋਰੀਸਨ ਸਰਕਾਰ ਨੇ ਬੇਰੋਜ਼ਗਾਰ ਹੋ ਚੁਕੇ ਲੋਕਾਂ ਦੀ ਸਹਾਇਤਾ ਲਈ ਜਾਬਸੀਕਰ ਅਤੇ ਜਾਬਕੀਪਰ ਭੱਤੇ ਸ਼ੁਰੂ ਕੀਤੇ ਸਨ ਜਿਸ ਦੇ ਤਹਿਤ ਹਰ ਇੱਕ ਬੇਰੋਜ਼ਗਾਰ ਹੋਏ ਵਿਅਕਤੀ ਨੂੰ 250 ਡਾਲਰ ਅਤੇ ਜਾਬਕੀਪਰਾਂ ਲਈ 1200 ਡਾਲਰ ਪ੍ਰਤੀ ਪੰਦਰ੍ਹਵਾੜੇ ਅਦਾਇਗੀ ਸ਼ੁਰੂ ਕੀਤੀ ਸੀ ਅਤੇ ਇਹ ਸਿਲਸਿਲਾ ਹੁਣ ਦਿਸੰਬਰ ਤੱਕ ਜਾਰੀ ਸੀ। ਆਉਣ ਵਾਲੀ ਜਨਵਰੀ ਦੀ 1 ਅਤੇ 4 ਚਾਰ ਤਾਰੀਖ ਤੋਂ ਇਹ ਭੱਤੇ ਕ੍ਰਮਵਾਰ 100 ਡਾਲਰ ਅਤੇ 200 ਡਾਲਰ ਘੱਟ ਹੋਣ ਜਾ ਰਹੇ ਹਨ ਅਤੇ ਹੁਣ ਮਾਰਚ 2021 ਦੇ ਅੰਤ ਤੱਕ ਜਾਬਸੀਕਰ ਨੂੰ 150 ਡਾਲਰ ਅਤੇ ਜਾਬਕੀਪਰ ਨੂੰ 1000 ਡਾਲਰ ਪ੍ਰਤੀ ਪੰਦਰ੍ਹਵਾੜੇ ਦੇ ਹਿਸਾਬ ਨਾਲ ਦਿੱਤੇ ਜਾਣਗੇ। ਲੇਬਰ ਪਾਰਟੀ ਨੇ ਇੱਕ ਜ਼ੋਰਦਾਰ ਅਪੀਲ ਰਾਹੀਂ ਮੋਰੀਸਨ ਸਰਕਾਰ ਨੂੰ ਇਨ੍ਹਾਂ ਭੱਤਿਆਂ ਵਿੱਚ ਕਟੌਤੀ ਨਾ ਕਰਨ ਅਤੇ ਇਨ੍ਹਾਂ ਨੂੰ ਜਾਰੀ ਰੱਖਣ ਦੀ ਮੰਗ ਕਰਦਿਆਂ ਕਿਹਾ ਹੈ ਕਰੋਨਾ ਦੀ ਮਾਰ ਤੋਂ ਬਾਅਦ ਹਾਲੇ ਤੱਕ ਵੀ ਲੋਕ ਉਭਰੇ ਨਹੀਂ ਹਨ ਅਤੇ ਅਜਿਹੇ ਲੋਕਾਂ ਨੂੰ ਭਵਿੱਖ ਵਿੱਚ ਹੋਰ ਵੀ ਮਦਦ ਦੀ ਜ਼ਰੂਰਤ ਹੈ। ਲੇਬਰ ਐਮ.ਪੀ. ਬਿਲ ਸ਼ੋਰਟਨ ਨੇ ਕਿਹਾ ਕਿ ਕਰੋਨਾ ਬਿਮਾਰੀ ਦਾ ਅਸਰ ਇੰਨਾ ਭਿਆਨਕ ਪਿਆ ਹੈ ਕਿ ਪੂਰੇ ਦੇਸ਼ ਦੀ ਅਰਥ-ਵਿਵਸਥਾ ਹੀ ਬੁਰੀ ਤਰ੍ਹਾਂ ਹਿੱਲ ਕੇ ਰਹਿ ਗਈ ਹੈ ਤਾਂ ਫੇਰ ਆਮ ਆਦਮੀ ਦਾ ਕੀ ਹਾਲ ਹੋਵੇਗਾ…. ਇਹ ਫੈਡਰਲ ਸਰਕਾਰ ਨੂੰ ਇੱਕ ਆਮ ਆਦਮੀ ਦੇ ਪੈਮਾਨੇ ਨਾਲ ਹੀ ਦੇਖਣਾ ਪਵੇਗਾ। ਕਈ ਮਹੀਨੇ ਵੱਡੇ ਤੋਂ ਲੈ ਕੇ ਛੋਟੇ ਕੰਮ-ਧੰਦਿਆਂ ਤੱਕ ਦੇ ਬੰਦ ਹੋ ਜਾਣ ਕਾਰਨ ਜੋ ਸਮਾਜਿਕ ਬੁਨਿਆਦਾਂ ਨੂੰ ਅਸਰ ਪਿਆ ਹੈ ਉਹ ਇੰਨੀ ਜਲਦੀ ਠੀਕ ਹੋਣ ਵਾਲਾ ਨਹੀਂ ਅਤੇ ਲੋਕਾਂ ਦੀ ਅਰਥ-ਵਿਵਸਥਾ ਦੀ ਗੱਡੀ ਨੂੰ ਲੀਹਾਂ ਤੇ ਆਉਣ ਵਾਸਤੇ ਹਾਲੇ ਸਮਾਂ ਲੱਗੇਗਾ ਅਤੇ ਇਸ ਵਾਸਤੇ ਹਾਲ ਦੀ ਘੜੀ ਇਹ ਮਦਦ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਰੱਖਣੀ ਚਾਹੀਦੀ ਹੈ।