
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਲੇਬਰ ਪਾਰਟੀ ਦੇ ਐਮ.ਪੀ. ਜੂਲੀਅਨ ਹਿਲ ਨੇ ਬੜੇ ਜ਼ੋਰ-ਸ਼ੋਰ ਨਾਲ ਪਾਰਲੀਮੈਂਟ ਅੰਦਰ ਮੁੱਦਾ ਉਠਾਇਆ ਹੈ ਕਿ ਲਿਬਰਲਾਂ ਦੀਆਂ ਵੀਜ਼ਾ ਸਬੰਧੀ ਗਲਤ ਨੀਤੀਆਂ ਕਾਰਨ ਹਜ਼ਾਰਾਂ ਪਰਵਾਰ ਅਜਿਹੇ ਹਨ ਜੋ ਕਿ ਕਈ ਮਹੀਨਿਆਂ ਤੋਂ ਹੀ ਨਹੀਂ ਸਗੋਂ ਕਈ ਸਾਲਾਂ ਤੋਂ ਹੀ ਅਲੱਗ ਅਲੱਗ ਰਹਿ ਰਹੇ ਹਨ ਅਤੇ ਹਾਲੇ ਵੀ ਉਨ੍ਹਾਂ ਨੂੰ ਕੋਈ ਉਮੀਦ ਦਿਖਾਈ ਨਹੀਂ ਦਿੰਦੀ ਕਿ ਉਨ੍ਹਾਂ ਨੂੰ ਪਰਵਾਰਕ ਵੀਜ਼ਾ ਮਿਲੇਗਾ ਅਤੇ ਉਹ ਆਪਣੇ ਪਰਵਾਰਾਂ ਨਾਲ ਆਸਟ੍ਰੇਲੀਆ ਅੰਦਰ ਇਕੱਠੇ ਹੋ ਕੇ ਰਹਿ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪਰਵਾਰਕ ਵੀਜ਼ੇ ਦੀ ਇਸ ਪੰਕਤੀ ਵਿੱਚ 100,000 ਲੋਕ ਖੜ੍ਹੇ ਹਨ ਅਤੇ ਆਪਣੇ ਆਪਣੇ ਪਰਵਾਰ ਨੂੰ ਇਕੱਠਿਆਂ ਕਰਨ ਵਾਸਤੇ ਪਾਰਟਨਰ ਵੀਜ਼ਿਆਂ ਦਾ ਇੰਤਜ਼ਾਰ ਕਰ ਰਹੇ ਹਨ। ਮੌਜੂਦਾ ਸਮਿਆਂ ਅੰਦਰ ਇਹ ਚਲਨ ਹੈ ਕਿ ਜੇਕਰ ਕਿਸੇ ਪਾਰਟਨਰ ਦਾ ਵੀਜ਼ਾ ਖ਼ਤਮ ਹੁੰਦਾ ਹੈ ਤਾਂ ਉਸਨੂੰ ਇੱਕ ਵਾਰੀ ਤਾਂ ਦੇਸ਼ ਨੂੰ ਛੱਡ ਕੇ ਜਾਣਾ ਹੀ ਪੈਂਦਾ ਹੈ ਅਤੇ ਮੁੜ ਤੋਂ ਉਕਤ ਵੀਜ਼ਾ ਵਾਸਤੇ ਅਪਲਾਈ ਕਰਨਾ ਪੈਂਦਾ ਹੈ। ਵੈਸੇ ਫੈਡਰਲ ਸਰਕਾਰ ਨੇ ਇਸ ਬਾਬਤ ਯਾਤਰਾਵਾਂ ਸਬੰਧੀ ਕੁੱਝ ਰਿਆਇਤਾਂ ਵੀ ਜਾਰੀ ਕੀਤੀਆਂ ਹਨ ਅਤੇ ਮੌਜੂਦਾ ਸਮਿਆਂ ਅੰਦਰ ਕਰੋਨਾ ਵਰਗੀ ਬਿਮਾਰੀ ਦੇ ਚਲਦਿਆਂ ਲੋਕਾਂ ਨੂੰ ਅਜਿਹੀਆਂ ਸਥਿਤੀਆਂ ਅੰਦਰ ਬਾਹਰੀ ਦੇਸ਼ਾਂ ਦੀਆਂ ਯਾਤਰਾਵਾਂ ਨਹੀਂ ਕਰਨੀਆਂ ਪੈਂਦੀਆਂ ਪਰੰਤੂ ਫੇਰ ਵੀ ਅਸਲ ਮੁਸੀਬਤ ਤਾਂ ਜਿਉਂ ਦੀ ਤਿਉਂ ਹੀ ਖੜ੍ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਕਹਿਣਾ ਹੈ ਕਿ ਵੀਜ਼ਿਆਂ ਵਿੱਚ ਪੈ ਰਹੇ ਵਕਫ਼ੇ ਕਰੋਨਾ ਕਾਰਨ ਹੋ ਰਹੀਆਂ ਦੇਰੀਆਂ ਕਾਰਨ ਹਨ ਪਰੰਤੂ ਐਮ.ਪੀ. ਜੂਲੀਅਨ ਹਿਲ ਦਾ ਕਹਿਣਾ ਹੈ ਕਿ ਇਹ ਕਹਿਣਾ ਨਾ-ਕਾਫੀ ਹੈ ਕਿਉਂਕਿ ਲੋਕ ਤਾਂ ਕਈ ਸਾਲਾਂ ਤੋਂ ਹੀ ਇਸ ਵੀਜ਼ੇ ਦੀ ਇੰਤਜ਼ਾਰ ਵਿੱਚ ਖੜ੍ਹੇ ਹਨ ਅਤੇ ਕਰੋਨਾ ਤਾਂ ਬੀਤੇ ਸਾਲ 2020 ਤੋਂ ਹੀ ਆਇਆ ਹੈ ਅਤੇ ਸਾਫ ਜ਼ਾਹਿਰ ਹੈ ਕਿ ਸਾਰਾ ਸਿਸਟਮ ਹੀ ਖਰਾਬ ਹੋ ਚੁਕਿਆ ਹੈ ਅਤੇ ਅਜਿਹੇ ਲੋਕ ਜਿਹੜੇ ਕਿ ਅਜਿਹੀਆਂ ਕਤਾਰਾਂ ਅੰਦਰ ਮਹੀਨਿਆਂ ਅਤੇ ਸਾਲਾਂ ਤੋਂ ਲੱਗੇ ਹਨ, ਨੂੰ ਚਾਹੀਦਾ ਹੈ ਕਿ ਹੁਣ ਸਮਾਂ ਹੈ ਕਿ ਉਹ ਲਾਮਬੰਧ ਹੋ ਜਾਣ ਅਤੇ ਆਪਣਾ ਰੋਸ ਅਤੇ ਦਬਾਅ ਜ਼ਾਹਿਰ ਕਰਨ।