ਵੈਕਸੀਨ ਦੇ ਵਿਤਰਣ ਆਦਿ ਵਿੱਚ ਕੋਈ ਕਮੀ ਨਹੀਂ -ਪ੍ਰਧਾਨ ਮੰਤਰੀ ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਰੋਧੀਆਂ ਅਤੇ ਕਈ ਮੈਡੀਕਲ ਅਧਿਕਾਰੀਆਂ ਵੱਲੋਂ ਉਠਾਈ ਜਾ ਰਹੀ ਗੱਲ ਕਿ ਦੇਸ਼ ਅੰਦਰ ਕਰੋਨਾ ਵੈਕਸੀਨ ਦਾ ਵਿਤਰਣ, ਸਰਕਾਰ ਦੀਆਂ ਤੈਅਸ਼ੁਦਾ ਨੀਤੀਆਂ ਅਤੇ ਟੀਚਿਆਂ ਨੂੰ ਪੂਰਾ ਨਹੀਂ ਕਰਦਾ, ਬਾਰੇ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਵਿਰੋਧੀ ਤਾਂ ਬੱਸ ਇਲਜ਼ਾਮ ਬਾਜ਼ੀ ਕਰਨਾ ਹੀ ਜਾਣਦੇ ਹਨ ਅਤੇ ਇਹ ਨਹੀਂ ਸੋਚਦੇ ਕਿ ਦੇਸ਼ ਕਿਹੋ ਜਿਹੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਅਸੀਂ ਲੋਕਾਂ ਨੂੰ ਲਗਾਤਾਰ ਅਪੀਲ ਕਰ ਰਹੇ ਹਾਂ ਕਿ ਆਪਣੀ ਵਾਰੀ ਦਾ ਇੰਤਜ਼ਾਰ ਕਰੋ ਅਤੇ ਟੀਕਾਕਰਣ ਦਾ ਹਿੱਸਾ ਬਣੋ। ਉਨ੍ਹਾਂ ਕਿਹਾ ਇਹ ਠੀਕ ਹੈ ਕਿ ਬਾਹਰ ਤੋਂ ਆਉਣ ਵਾਲੀ ਵੈਕਸੀਨ ਵਿੱਚ ਕੁੱਝ ਦੇਰੀ ਹੋਈ ਹੈ ਪਰੰਤੂ ਐਸਟ੍ਰਾਜੈਨੈਕਾ ਦੀਆਂ ਬਲੱਡ ਕਲਾਟਿੰਗ ਦੀਆਂ ਰਿਪੋਰਟਾਂ ਮੁਤਾਬਿਕ 50ਵਿਆਂ ਸਾਲਾਂ ਤੋਂ ਉਪਰ ਦੇ ਲੋਕਾਂ ਨੂੰ ਇਹ ਵੈਕਸੀਨ ਦੇਣੀ ਬੰਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਹੁਣ ਜਲਦੀ ਹੀ ਫਾਈਜ਼ਰ ਅਤੇ ਨੋਵਾਵੈਕਸ ਦੀਆਂ ਖੁਰਾਕਾਂ ਵੀ ਉਪਲੱਭਧ ਹੋ ਰਹੀਆਂ ਹਨ ਅਤੇ ਸਾਡਾ ਇਹ ਟੀਚਾ ਕਿ ਸਾਲ ਦੇ ਅੰਤ ਨੂੰ ਕ੍ਰਿਸਮਿਸ ਮੌਕੇ ਤੇ ਦੇਸ਼ ਦੇ ਹਰ ਨਾਗਰਿਕ ਨੂੰ ਕਰੋਨਾ ਤੋਂ ਬਚਾਉ ਦਾ ਟੀਕਾ ਲਗਾ ਦਿੱਤਾ ਜਾਵੇ, ਮੁਕੰਮਲ ਕਰ ਹੀ ਲਿਆ ਜਾਵੇਗਾ।
ਬੇਸ਼ੱਕ ਕੁੱਝ ਡਾਕਟਰਾਂ ਆਦਿ ਦਾ ਵੀ ਮੰਨਣਾ ਹੈ ਕਿ ਟੀਕਾਕਰਣ ਦੇ ਵਿਤਰਣ ਵਿੱਚ ਦੇਰੀ ਹੋ ਰਹੀ ਹੈ ਪਰੰਤੂ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਹ ਮਸਲਾ ਜਲਦੀ ਹੀ ਹੱਲ ਕਰ ਲਿਆ ਜਾਵੇਗਾ ਕਿਉਂਕਿ ਅੰਤਰ ਰਾਸ਼ਟਰੀ ਕਾਰਨਾਂ ਕਰਕੇ ਕੁੱਝ ਦਿੱਕਤਾਂ ਆ ਜਾਂਦੀਆਂ ਹਨ ਪਰੰਤੂ ਇਸ ਦਾ ਇਹ ਮਤਲੱਭ ਨਹੀਂ ਕਿ ਦੇਸ਼ ਅੰਦਰ ਵੈਕਸੀਨ ਦੀ ਘਾਟ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇੰਨੇ ਵੱਡੇ ਪੱਧਰ ਉਪਰ ਜਦੋਂ ਕੋਈ ਮੁਹਿੰਮ ਚਲਾਈ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਪਾਸਿਉਂ ਕੋਈ ਨਾ ਕੋਈ ਨੁਕਤਾਚੀਨੀ ਤਾਂ ਹੁੰਦੀ ਹੀ ਹੈ ਪਰੰਤੂ ਸਾਡਾ ਧਿਆਨ ਸਾਡੀ ਮੁਹਿੰਮ ਅਤੇ ਮਿੱਥੇ ਗਏ ਟੀਚਿਆਂ ਉਪਰ ਹੀ ਕੇਂਦਰਿਤ ਰਹੇ, ਇਹੋ ਜ਼ਰੂਰੀ ਹੈ।
ਲੇਬਰ ਨੇਤਾ ਐਂਥਨੀ ਐਲਬਨੀਜ਼ ਨੂੰ ਤਾਂ ਪ੍ਰਧਾਨ ਮੰਤਰੀ ਦੀਆਂ ਦਲੀਲਾਂ ਬਿਲਕੁਲ ਵੀ ਰਾਸ ਨਹੀਂ ਆ ਰਹੀਆਂ ਅਤੇ ਉਹ ਲਗਾਤਾਰ ਪ੍ਰਧਾਨ ਮੰਤਰੀ ਨੂੰ ਮਹਿਜ਼ ਆਪਣੀ ਪੋਜ਼ੀਸ਼ਨ ਬਚਾਉਣ ਦੀ ਖਾਤਰ ਪਹਿਲਾਂ ਦੇ ਕੁੱਝ ਪ੍ਰਧਾਨ ਮੰਤਰੀਆਂ ਵਾਂਗ ਫਾਲਤੂ ਦੇ ਕੰਮਾਂ ਅਤੇ ਬਿਆਨਾਂ ਆਦਿ ਨਾਲ ਡੰਗ-ਟਪਾਊ ਕਿਹਾ ਜਾ ਰਿਹਾ ਹੈ ਅਤੇ ਉਹ ਮੰਨ ਰਹੇ ਹਨ ਕਿ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਵਿੱਚ ਦਮ ਨਹੀਂ ਹੈ ਅਤੇ ਜਲਦੀ ਹੀ ਇਸ ਦਾ ਖੁਲਾਸਾ ਹੋ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਦਾ ਵੈਕਸੀਨ ਦਾ ਵਿਤਰਣ ਸ਼ੁਰੂ ਹੋਇਆ ਹੈ, ਮਹਿਜ਼ 1.3 ਮਿਲੀਅਨ ਲੋਕਾਂ ਨੂੰ ਹੀ ਵੈਕਸੀਨ ਦਿੱਤੀ ਜਾ ਸਕੀ ਹੈ ਤਾਂ ਇਸ ਤਰ੍ਹਾਂ ਨਾਲ ਸਮੁੱਚੇ ਦੇਸ਼ ਦੇ ਨਾਗਰਿਕਾਂ ਦੀ ਵਾਰੀ ਕਦੋਂ ਆਵੇਗੀ….. ਇਹ ਸਵਾਲ ਕਾਇਮ ਹੈ….?

Install Punjabi Akhbar App

Install
×