ਕਰੋਨਾ ਵੈਕਸਿਨ ਦੇ ਵਿਤਰਣ ਸਬੰਧੀ ਸਵਾਲਾਂ ਦੇ, ਪ੍ਰਧਾਨ ਮੰਤਰੀ ਦੇਣ ਸਪਸ਼ਟ ਉਤਰ -ਲੇਬਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਅੰਦਰ ਕਰੋਨਾ ਵੈਕਸਿਨ ਦੇ ਵਿਤਰਣ ਸਬੰਧੀ ਜੋ ਕਾਰਵਾਈ ਮੌਜੂਦਾ ਸਮੇਂ ਅੰਦਰ ਚੱਲ ਰਹੀ ਹੈ, ਵਿਰੋਧੀਆਂ ਨੂੰ ਰਾਸ ਨਹੀਂ ਆ ਰਹੀ ਅਤੇ ਵਿਰੋਧੀ ਲਗਾਤਾਰ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਸਾਫ ਅਤੇ ਸਪਸ਼ਟ ਉਤਰ ਦੇਣ ਦੀ ਅਪੀਲ ਕਰ ਰਹੇ ਹਨ ਪਰੰਤੂ ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ -ਜੋ ਕਿ ਐਡੀਲੇਡ ਵਿੱਚ ਬੋਲ ਰਹੇ ਸਨ, ਦਾ ਕਹਿਣਾ ਹੈ ਕਿ ਕੋਵਿਡ-19 ਵੈਕਸਿਨ ਦੇ ਵਿਤਰਣ ਸਬੰਧੀ ਕੋਈ ਸ਼ੰਕਾ ਹੈ ਹੀ ਨਹੀਂ ਅਤੇ ਇਸੇ ਸਾਲ ਅਕਤੂਬਰ ਦੇ ਮਹੀਨੇ ਤੱਕ ਦੇਸ਼ ਦੇ ਹਰ ਚਾਹਵਾਨ ਨਾਗਰਿਕ ਨੂੰ ਉਕਤ ਵੈਕਸਿਨ ਦੀ ਪਹਿਲੀ ਡੋਜ਼ ਹਰ ਹਾਲਤ ਵਿੱਚ ਦੇ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬੀਤੇ ਵੀਰਵਾਰ ਤੱਕ 79,000 ਤੋਂ ਵੀ ਜ਼ਿਆਦਾ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ ਜੋ ਕਿ ਬੀਤੇ ਹਫ਼ਤੇ ਦੇ ਸੋਮਵਾਰ ਤੱਕ 55,000 ਸਨ।
ਪਰੰਤੂ ਵਿਰੋਧੀਆਂ ਵੱਲੋਂ ਲੇਬਰ ਦੇ ਸਿਹਤ ਮਹਿਕਮੇ ਦੇ ਬੁਲਾਰੇ ਮਾਰਕ ਬਟਲਰ ਦਾ ਕਹਿਣਾ ਹੈ ਕਿ ਇਸ ਦਾ ਮਤਲੱਭ ਹੁਣ ਤੱਕ 841,855 ਦੇਸ਼ ਦੇ ਨਾਗਰਿਕਾਂ ਨੂੰ ਇਹ ਡੋਜ਼ ਦਿੱਤੀ ਗਈ ਹੈ ਜਦੋਂ ਕਿ ਪ੍ਰਧਾਨ ਮੰਤਰੀ ਦੇ ਵਾਅਦਿਆਂ ਵਾਲੇ ਆਂਕੜਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮਾਰਚ ਦੇ ਅੰਤ ਤੱਕ ਚਾਰ ਮਿਲੀਅਨ ਲੋਕਾਂ ਨੂੰ ਇਹ ਡੋਜ਼ ਦਿੱਤੀ ਜਾ ਚੁਕੀ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਸ਼ੰਕੇ ਤਾਂ ਹੀ ਖੜ੍ਹੇ ਹੁੰਦੇ ਹਨ ਜਦੋਂ ਕਿਸੇ ਗੱਲ ਦਾ ਸਪੱਸ਼ਟ ਉਤਰ ਨਹੀਂ ਮਿਲਦਾ ਅਤੇ ਇੱਕ ਹੋਰ ਆਂਕੜੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਏਜਡ ਕੇਅਰ ਵਿੱਚ ਹੁਣ ਤੱਕ ਮਹਿਜ਼ 14% ਟੀਕਾਕਰਣ ਹੀ ਕੀਤਾ ਗਿਆ ਹੈ ਜਦੋਂ ਕਿ ਪਹਿਲੇ ਵਾਅਦੇ ਮੁਤਾਬਿਕ ਇਹ ਕੰਮ ਤਾਂ ਹੁਣ ਤੱਕ ਖ਼ਤਮ ਹੋ ਜਾਣਾ ਚਾਹੀਦਾ ਸੀ।
ਸ੍ਰੀ ਹੰਟ ਨੇ ਇਸ ਦੇ ਉਲਟ ਕਿਹਾ ਕਿ ਸਭ ਕੁੱਝ ਇੱਕ ਸਹੀ ਅਤੇ ਗਿਣੀ-ਮਿੱਥੀ ਪਲਾਨਿੰਗ ਦੇ ਕਰਕੇ ਹੀ ਚੱਲ ਰਿਹਾ ਹੈ ਕਿਉਂਕਿ ਵੈਕਸਿਨ ਦੇ ਵਿਤਰਣ ਲਈ ਤਿੰਨ ਪੜਾਅ ਰੱਖੇ ਗਏ ਸਨ -ਫਰਵਰੀ ਦੇ ਅਖੀਰ ਵਿੱਚ 1ਏ ਫਾਈਜ਼ਰ ਵੈਕਸਿਨ ਦਾ ਵਿਤਰਣ; ਮਾਰਚ ਦੇ ਸ਼ੁਰੂ ਵਿੱਚ 1ਏ ਐਸਟ੍ਰੇਜ਼ੈਨੇਕਾ ਦਾ ਵਿਤਰਣ ਅਤੇ ਫੇਰ 1ਬੀ ਮਾਰਚ ਦੀ 22 ਤਾਰੀਖ ਨੂੰ। ਉਨ੍ਹਾਂ ਇਹ ਵੀ ਕਿਹਾ ਕਿ ਜਲਦਬਾਜ਼ੀ ਨਹੀਂ ਸਗੋਂ ਤਰਤੀਬ ਨਾਲ ਕੰਮ ਚੱਲ ਰਿਹਾ ਹੈ ਅਤੇ ਉਹ ਆਸਵੰਦ ਹਨ ਕਿ ਆਮ ਹਾਲਤਾਂ ਵਿੱਚ ਅਕਤੂਬਰ ਦੇ ਮਹੀਨੇ ਤੱਕ ਦੇਸ਼ ਵਾਸੀਆਂ ਨੂੰ ਕੋਵਿਡ-19 ਵੈਕਸਿਨ ਦੀ ਡੋਜ਼ ਦੇ ਦਿੱਤੀ ਜਾਵੇਗੀ।

Install Punjabi Akhbar App

Install
×