
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਵੀਰਵਾਰ ਨੂੰ ਤੜ੍ਹਕੇ ਸਵੇਰੇ ਇਰਾਨ ਦੀ ਜੇਲ੍ਹ ਵਿੱਚ ਬੀਤੇ 2 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਬੰਦ ਕੀਤੀ ਗਈ ਆਸਟ੍ਰੇਲੀਆਈ-ਬ੍ਰਿਟਿਸ਼ ਨਾਗਰਿਕ ਕਾਇਲੀ ਮੂਰੇ ਨੂੰ ਰਿਹਾ ਕਰ ਦਿੱਤਾ ਗਿਆ। ਮਿਲੀਆਂ ਖ਼ਬਰਾਂ ਮੁਤਾਬਿਕ ਮੂਰੇ ਗਿਲਬਰਟ ਨੂੰ ਅਸਲ ਵਿੱਚ ਜੇਲ੍ਹ ਤੋਂ ਬੀਤੀ ਰਾਤ ਨੂੰ ਹੀ ਰਿਹਾ ਕਰ ਦਿੱਤਾ ਗਿਆ ਸੀ ਅਤੇ ਉਹ ਵੀ ਤਿੰਨ ਇਰਾਨੀਆਂ ਦੇ ਬਦਲੇ ਵਿੱਚ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਸਮੇਤ ਮੂਰੇ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸੁੱਖ ਦਾ ਸਾਹ ਲਿਆ ਹੈ ਕਿ ਮੂਰੇ 800 ਤੋਂ ਵੀ ਜ਼ਿਆਦਾ ਦਿਨਾਂ ਤੱਕ ਇਰਾਨ ਦੀ ਜੇਲ੍ਹ ਵਿੱਚ ਰਹਿ ਕੇ ਵਾਪਸ ਆਸਟ੍ਰੇਲੀਆ ਆਪਣੇ ਘਰ ਨੂੰ ਪਰਤ ਰਹੀ ਹੈ। ਜ਼ਿਕਰਯੋਗ ਹੈ ਕਿ ਇਰਾਨੀ ਅਧਿਕਾਰੀਆਂ ਨੇ ਮੂਰੇ ਨੂੰ ਜਾਸੂਸੀ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਸਥਾਨਕ ਅਦਾਲਤ ਵੱਲੋਂ ਉਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ 804 ਦਿਨਾਂ ਤੋਂ ਬਾਅਦ ਮੂਰੇ ਗਿਲਬਰਟ ਦੀ ਰਿਹਾਈ ਇੱਕ ਚਮਤਕਾਰ ਹੀ ਮੰਨ੍ਹਿਆ ਜਾ ਸਕਦਾ ਹੈ। ਉਨ੍ਹਾਂ ਨੂੰ ਬੀਤੀ ਰਾਤ ਦੇਰ ਨੂੰ ਟੈਲੀਫੋਨ ਉਪਰ ਇਹ ਖ਼ਬਰ ਦਿੱਤੀ ਗਈ ਕਿ ਮੂਰੇ ਗਿਲਬਰਟ ਨੂੰ ਰਿਹਾ ਕਰ ਦਿੱਤਾ ਗਿਆ ਹੈ ਅਤੇ ਉਹ ਬਿਲਕੁਲ ਠੀਕ ਠਾਕ ਹੈ ਅਤੇ ਹੁਣ ਆਸਟ੍ਰੇਲੀਆ ਆਪਣੇ ਘਰ ਨੂੰ ਪਰਤ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਚੜ੍ਹਦੀ ਕਲਾ ਵਿੱਚ ਹੈ ਪਰੰਤੂ ਇਸ ਦੁਰਘਟਨਾ ਨਾਲ ਜੋ ਉਸ ਦੇ ਦਿਲੋ ਦਿਮਾਗ ਉਪਰ ਅਸਰ ਪਿਆ ਹੈ, ਅਸੀਂ ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਹੀ ਇਸ ਵਿੱਚੋਂ ਬਾਹਰ ਨਿਕਲੇਗੀ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰਹੇਗੀ। ਉਨ੍ਹਾਂ ਨੇ ਮੂਰੇ ਗਿਲਬਰਟ ਨੂੰ ਇੱਕ ਬਹਾਦਰ, ਨਿਧੜਕ, ਅਤੇ ਇੱਕ ਮਿਸਾਲ ਕਾਇਮ ਕਰਨ ਵਾਲੀ ਔਰਤ ਕਿਹਾ ਅਤੇ ਕਿਹਾ ਆਸਟ੍ਰੇਲੀਆ ਅਤੇ ਬ੍ਰਿਟੇਨ ਸਮੇਤ ਸਮੁੱਚੇ ਸੰਸਾਰ ਨੂੰ ਹੀ ਉਸ ਉਪਰ ਗਰਵ ਮਹਿਸੂਸ ਹੋ ਰਿਹਾ ਹੈ।