ਕੁੱਝ ਤਾਂ ਹੋਵੇਗਾ ਜਰੂਰ ਪਟਨੇ ਦੀ ਮਿੱਟੀ ਵਿੱਚ, ਇੱਕ ਪੁਲਿਸ ਵਾਲਾ “ਸੱਚੀ ਅਦਾਲਤ” ਦੇ ਫੈਸਲੇ ਦੀ ਉਡੀਕ ਜੁ ਕਰਦਾ ਹੈ!

ਪਿਛਲੇ ਦਿਨੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਹਿਬਲ ਕਲਾਂ ,ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਕੁੰਵਰ ਵਿਜੇ ਪਰਤਾਪ ਸਿੰਘ ਦੀ ਅਗਵਾਈ ਵਾਲੀ ਐਸ ਆਈ ਟੀ ਦੀ ਜਾਂਚ ਰਿਪੋਰਟ ਰੱਦ ਕਰਨ ਦੇ ਹੁਕਮ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਜਾਂਚ ਪੜਤਾਲ ਸਬੰਧੀ ਕੁੰਵਰ ਵਿਜੇ ਪ੍ਰਤਾਪ ਨੇ ਮੀਡੀਏ ਨੂੰ ਦਿੱਤੀ ਇੰਟਰਵਿਊ ਵਿੱਚ ਬਹੁਤ ਸਾਰੇ ਖੁਲਾਸੇ ਵੀ ਕੀਤੇ ਸਨ।ਉਹਨਾਂ ਜਾਂਚ ਪੜਤਾਲ ਪੂਰੀ ਹੋਣ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਬੜੀ ਸਹਿਜਤਾ ਅਤੇ ਠਰੰਮੇ ਨਾਲ ਕਿਹਾ ਸੀ ਕਿ ਮੈ ਅਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਇਹ ਪੜਤਾਲ ਦਾ ਕੰਮ ਨੇਪਰੇ ਚਾੜਿਆ ਹੈ,ਉਹਨਾਂ ਇਹ ਵੀ ਕਿਹਾ ਸੀ ਕਿ ਮੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਕੁੰਵਰ ਵਿਜੇ ਪਰਤਾਪ ਦੇ ਮੀਡੀਆ ਸਾਹਮਣੇ ਆਉਣ ਤੋ ਬਾਅਦ ਬਹੁਤ ਸਾਰੇ ਉਹਨਾਂ ਪੁਲਿਸ ਅਫਸਰਾਂ ਅਤੇ ਸਿਆਸੀ ਨੇਤਾਵਾਂ ਦੀ ਰਾਤਾਂ ਦੀ ਨੀਦ ਹਰਾਮ ਹੋ ਗਈ ਸੀ,ਜਿੰਨਾਂ ਦੀ ਬਹਿਬਲ ਕਲਾਂ,ਕੋਟਕਪੂਰਾ ਗੋਲੀ ਕਾਂਡ ਵਿੱਚ ਕੋਈ ਭੂਮਿਕਾ ਰਹੀ ਸੀ। ਹਾਈਕੋਰਟ ਦੇ ਇਹਨਾਂ ਤਾਜਾ ਹੁਕਮਾਂ ਨੇ ਇੱਕ ਵਾਰੀ ਫਿਰ ਭਾਰਤੀ ਲੋਕਤੰਤਰ ਦਾ ਕਰੂਰ ਚਿਹਰਾ ਦੁਨੀਆ ਸਾਹਮਣੇ ਨੰਗਾ ਕਰ ਦਿੱਤਾ ਹੈ। ਜੇਕਰ ਇਨਸਾਫ ਦੀ ਗੱਲ ਕੀਤੀ ਜਾਵੇ,ਤਾਂ ਭਾਰਤੀ ਅਦਾਲਤਾਂ ਨੇ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀ ਦਿੱਤਾ।

ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋ ਬਾਅਦ 1984 ਦੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਜੋ ਯੋਜਨਾਵੱਧ ਸਿੱਖ ਕਤਲੇਆਮ ਹੋਇਆ,ਉਹਦੇ ਇਨਸਾਫ ਲਈ ਪੀੜਤ ਸਿੱਖ ਅਦਾਲਤਾਂ ਦੇ ਚੱਕਰ ਕੱਟਦੇ ਕੱਟਦੇ ਇਸ ਦੁਨੀਆ ਤੋ ਹੀ ਰੁਖਸਤ ਹੋ ਗਏ,ਪਰ ਅਦਾਲਤਾਂ ਇਨਸਾਫ ਦੇਣ ਦੇ ਨੇੜੇ ਵੀ ਨਾ ਪਹੁੰਚ ਸਕੀਆਂ। ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇਹ ਇਲਮ ਸੌਖਿਆਂ ਹੀ ਹੋ ਜਾਂਦਾ ਹੈ ਕਿ ਪਿਛਲੇ 37 ਸਾਲਾਂ ਤੋ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਚ ਟਾਲ ਮਟੋਲ ਕਰਨ ਵਾਲੀ ਭਾਰਤੀ ਨਿਆ ਪਰਨਾਲੀ ਦਾ ਮੌਜੂਦਾ ਵਰਤਾਰਾ ਵੀ ਪਿਛਲੇ  ਚਾਰ ਦਹਾਕਿਆਂ ਦੇ ਵਰਤਾਰੇ ਤੋ ਵੱਖਰਾ ਨਹੀ ਹੈ। ਦਿੱਲੀ ਕਤਲਿਆਮ ਹੋਵੇ, ਜਾਂ ਤੀਹ ਤੀਹ ਪੈਂਤੀ ਪੈਂਤੀ ਸਾਲਾਂ ਤੋ ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਜੇਲਾਂ ਚ ਬੰਦ ਰੱਖੇ ਹੋਏ ਸਿੱਖ ਨੌਜੁਆਨਾਂ ਦੀ ਗੱਲ ਹੋਵੇ, ਹਰ ਪਾਸੇ ਭਾਰਤੀ ਕਨੂੰਨ ਦਾ ਦੋਹਰਾ ਮਾਪਦੰਡ ਘੱਟ ਗਿਣਤੀਆਂ  ਨੂੰ ਇਸ ਦੇਸ਼ ਅੰਦਰ ਗੁਲਾਮੀ ਦਾ ਅਹਿਸਾਸ ਕਰਵਾਉਂਦਾ ਪਰਤੀ ਹੁੰਦਾ ਹੈ। ਇਹ ਵਰਤਾਰਾ ਸਿੱਖ, ਇਸਾਈ,ਮੁਸਲਮ ਸਮਾਜ ਸਮੇਤ ਦੇਸ਼  ਦੇ ਵੱਡੀ ਗਿਣਤੀ ਦਲਿਤ ਸਮਾਜ ਲਈ ਗਹਿਰੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁੰਵਰ ਵਿਜੇ ਪਰਤਾਪ ਸਿੰਘ ਦੀ ਜਾਂਚ ਪੜਤਾਲ ਦੇ ਮਾਮਲੇ ਵਿੱਚ ਹਾਈ ਕੋਰਟ ਦਾ ਫੈਸਲਾ ਸਪੱਸਟ ਕਰਦਾ ਹੈ ਕਿ ਦੇਸ਼ ਦੀ ਨਿਆ ਪਰਨਾਲੀ ਵੀ ਅਜਾਦ ਨਹੀ, ਬਲਕਿ ਅੱਜ ਦੇ ਸੰਦਰਭ ਵਿੱਚ ਉਹ ਸੱਤਾ ਦੇ ਰਹਿਮੋ ਕਰਮ ਤੇ, ਸੱਤਾ ਦੀ ਸਥਾਪਤੀ ਦੀ ਰਾਖੀ ਲਈ ਕੰਮ ਕਰਦੀ ਹੈ।ਹਕੂਮਤਾਂ ਜੋ ਫੈਸਲੇ ਲੈਣ ਤੋ ਲੋਕ ਰੋਹ ਅੱਗੇ ਅਸਮਰੱਥ ਹੋ ਜਾਂਦੀਆਂ ਹਨ,ਉਹਨਾਂ ਨੂੰ ਲਾਗੂ ਕਰਨ ਲਈ ਅਦਾਲਤਾਂ ਦਾ ਸਹਾਰਾ ਮੌਜੂਦਾ ਦੌਰ ਦਾ ਆਮ ਵਰਤਾਰਾ ਬਣ ਗਿਆ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਇਹ ਫੈਸਲਾ ਵੀ ਮਹਿਜ ਅਦਾਲਤੀ  ਫੈਸਲਾ ਨਹੀ ਮੰਨਣਾ ਚਾਹੀਦਾ,ਸਗੋਂ ਇਹਦੇ ਪਿੱਛੇ ਖੜੀਆਂ ਕੇਂਦਰੀ ਤਾਕਤਾਂ ਅਤੇ ਉਹਨਾਂ ਦੀ ਮਣਸਾ ਨੂੰ ਸਮਝਣਾ ਹੋਵੇਗਾ,ਜਿਹੜੀਆਂ ਤਾਕਤਾਂ ਅਪਣੇ ਪੁਰਾਣੇ ਵਫਾਦਾਰਾਂ ਅਤੇ ਉਹਨਾਂ ਪੁਲਿਸ ਅਫਸਰਾਂ ਨੂੰ ਬਚਾਉਣ ਖਾਤਰ ਅਦਾਲਤਾਂ ਨੂੰ ਵਰਤਦੀਆਂ ਹਨ,ਜਿਹੜੇ ਸਟੇਟ ਦੀ ਸਾਬਾਸ਼ੀ ਹਾਸਲ ਕਰਨ ਖਾਤਰ ਅਪਣੇ ਹੀ ਲੋਕਾਂ ਦੇ ਕਾਤਲ ਬਣੇ,ਜਿਹੜੇ ਸੱਤਾਧਾਰੀ, ਸੱਤਾ ਸਥਾਪਤੀ ਲਈ ਧਾਰਮਿਕ ਭਾਵਨਾਵਾਂ ਨੂੰ ਅਣਗੌਲਿਆ ਕਰਕੇ ਗੁਰੂ ਅਤੇ ਸਿੱਖ ਦੋਵਾਂ ਦੇ ਦੁਸ਼ਮਣ ਦੇ ਰੂਪ ਚ ਉਭਰ ਕੇ ਸਾਹਮਣੇ ਆਏ ਅਤੇ ਇਸ ਸਾਰੇ ਵਰਤਾਰੇ ਦੇ ਜੁੰਮੇਵਾਰ ਬਣੇ। ਕੁੰਵਰ ਵਿਜੇ ਪਰਤਾਪ ਸਿੰਘ ਦੇ ਤਾਜਾ ਅਦਾਲਤੀ ਮਾਮਲੇ ਵਿੱਚ ਕੇਂਦਰੀ ਤਾਕਤਾਂ ਹੀ ਨਹੀ ਬਲਕਿ ਸੂਬਾ ਸਰਕਾਰ ਵੀ ਬਰਾਬਰ ਦੀ ਦੋਸ਼ੀ ਹੈ,ਜਿਸ ਨੇ ਅਪਣੀ ਹੀ ਬਣਾਈ ਜਾਂਚ ਕਮੇਟੀ ਨੂੰ ਖੁਦ ਹੀ ਗਲਤ ਸਾਬਤ ਕਰਕੇ ਇੱਕ ਵਾਰ ਫਿਰ ਪਟਿਆਲਾ ਖਾਨਦਾਨ ਪ੍ਰਤੀ ਲੋਕ ਮਨਾਂ ਚ ਨਫਰਤ ਦੇ ਬੀਜ ਬੀਜ ਦਿੱਤੇ ਹਨ,ਕਿਉਂਕਿ ਅਦਾਲਤ ਦੇ ਇਸ ਫੈਸਲੇ ਤੋ ਬਾਅਦ ਪੰਜਾਬ ਸਰਕਾਰ ਦੀ ਭੂਮਿਕਾ ਵੀ ਜੱਗ ਜਾਹਰ ਹੋਈ ਹੈ,ਜਿਸ ਕਰਕੇ ਲੋਕ ਮਨਾਂ ਚ ਇਹ ਧਾਰਨਾ ਫਿਰ ਪਰਬਲ ਹੋ ਗਈ ਹੈ ਕਿ ਅੰਗਰੇਜਾਂ ਦੇ ਵਫਾਦਾਰ ਰਹਿਣ ਵਾਲੇ ਪਟਿਆਲਾ ਖਾਨਦਾਨ ਤੋ ਕੌਂਮੀ ਭਾਵਨਾਵਾਂ ਦੀ ਤਰਜਮਾਨੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।ਸੋ ਇਸ ਮਾਮਲੇ ਨਾਲ ਜੁੜੇ ਬਹੁਤ ਸਾਰੇ ਸੁਆਲ ਹਨ,ਜਿੰਨਾਂ ਨੇ ਮੁੱਖ ਮੰਤਰੀ ਪੰਜਾਬ ਦੀ ਸ਼ਾਖ ਨੂੰ ਵੱਡੀ ਢਾਹ ਲਾਈ ਹੈ।

ਜੇਕਰ ਗੱਲ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਕੀਤੀ ਜਾਵੇ,ਤਾਂ ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੀ ਦਿਖਾਈ ਸ਼ਰਧਾ ਅਤੇ ਉਹਨਾਂ ਵੱਲੋਂ ਉਸ ਅਕਾਲ ਦੀ ਅਦਾਲਤ ਤੇ ਕੀਤਾ ਗਿਆ ਅਥਾਹ ਭਰੋਸ਼ਾ ਦੱਸਦਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਅਪਣੇ ਇਮਾਨਦਾਰੀ ਨਾਲ ਨਿਭਾਏ ਗਏ ਫਰਜਾਂ ਪ੍ਰਤੀ ਕੋਈ ਸੰਧੇਹ ਨਹੀ  ਅਤੇ ਨਾ ਹੀ ਕੋਈ ਪਛਤਾਵਾ ਹੈ,ਬਲਕਿ ਉਹਨਾਂ ਨੂੰ ਅਪਣੇ ਵੱਲੋਂ ਗੁਰੂ ਨੂੰ ਹਾਜਰ ਨਾਜਰ ਜਾਣ ਕੇ ਈਮਾਨਦਾਰੀ ਨਾਲ ਕੀਤੀ ਪੜਤਾਲ ਤੇ ਇਹ ਪੂਰਨ ਭਰੋਸ਼ਾ ਹੈ ਕਿ ਭਾਵੇਂ ਦੁਨਿਆਵੀ ਅਦਾਲਤਾਂ ਕੋਈ ਵੀ ਫੈਸਲਾ ਦੇਣ,ਫਿਰ ਵੀ ਦੋਸ਼ੀਆਂ ਨੂੰ ਸੱਚੀ ਅਦਾਲਤ ਵਿੱਚੋਂ ਸਜ਼ਾ ਜਰੂਰ ਮਿਲੇਗੀ।ਉਹਨਾਂ ਦੇ ਇਹ ਸਬਦਾਂ ਤੋ ਇਹ ਅੰਦਾਜਾ ਲਾਉਣਾ ਵੀ ਕੋਈ ਮੁਸ਼ਕਲ ਨਹੀ ਕਿ ਉਹਨਾਂ ਨੇ ਅਪਣੀ ਜਾਂਚ ਪੜਤਾਲ ਕਿੰਨੀ ਇਮਾਨਦਾਰੀ ਨਾਲ ਕੀਤੀ ਹੋਵੇਗੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਗੋਲੀ ਕਾਂਡ ਦੀ ਜਾਂਚ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੀ ਸਾਜੀ ਕੌਂਮ ਪ੍ਰਤੀ ਇਸ ਕਦਰ ਗੰਭੀਰ ਹੋ ਗਏ ਕਿ ਉਹਨਾਂ ਦੀ ਅਵਸਥਾ ਇੱਕ ਵੱਡੇ ਪੁਲਿਸ ਅਫਸਰ ਤੋ ਸੇਵਕ ਵਾਲੀ ਬਣ ਗਈ।ਇਸਤਰਾਂ ਦਾ ਭਰੋਸ਼ਾ ਕੋਈ ਵਿਰਲਾ ਹੀ ਕਰ ਸਕਦਾ ਹੈ,ਜਿਸਨੇ ਅਪਣਾ ਫਰਜ ਐਨੀ ਸਿਦਕਦਿਲੀ ਅਤੇ ਇਮਾਨਦਾਰੀ ਨਾਲ ਨਿਭਾਇਆ ਹੋਵੇਗਾ,ਕਿ ਉਹਨਾਂ ਨੂੰ ਇਹ ਕਾਰਜ ਕਰਦਿਆਂ ਕਰਦਿਆਂ ਅਪਣੇ ਸੱਚ ਤੇ ਐਨਾ ਭਰੋਸ਼ਾ ਹੋ ਗਿਆ ਕਿ ਉਹ ਦੁਨਿਆਵੀ ਅਦਾਲਤਾਂ ਖਾਤਰ ਤਿਆਰ ਕੀਤੀ ਪੜਤਾਲ ਨੂੰ ਅਕਾਲ ਦੀ ਦਰਗਾਹ ਤੱਕ ਚੈਲੰਜ ਕਰਨ ਦੇ ਸਮਰੱਥ ਬਣ ਗਿਆ।ਇਹ ਸਚਮੁੱਚ ਹੀ ਪਟਨੇ ਦੀ ਉਸ ਪਵਿੱਤਰ ਧਰਤੀ ਦਾ ਕਰਿਸ਼ਮਾ ਹੀ ਸਮਝਣਾ ਹੋਵੇਗਾ,ਜਿਸ ਮਿੱਟੀ ਵਿੱਚ ਅਪਣੇ ਬਚਪਨ ਦੇ ਪੰਜ ਸਾਲ ਤੱਕ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਅਪਣੇ ਹਮ ਉਮਰ ਬੱਚਿਆਂ ਨੂੰ ਇਸ ਝੂਠੇ ਅਤੇ ਫਰੇਬੀ ਸਿਸਟਮ ਦੇ ਖਿਲਾਫ ਲੜਨ ਦੀ ਜਾਗ ਲਾ ਕੇ ਆਏ ਸਨ।

ਸੋ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਗੁਰੂ ਸਾਹਿਬ ਦੀ ਚਰਨ ਛੂਹ ਪ੍ਰਾਪਤ ਉਸ ਮਿੱਟੀ ਨੂੰ ਕੁੱਝ ਤਾਂ ਅਜਿਹੀ ਬਖਸ਼ਿਸ਼ ਜਰੂਰ ਹੋਈ ਹੋਵੇਗੀ,ਜਿਸਨੇ ਇੱਕ ਪੁਲਿਸ ਅਫਸਰ ਨੂੰ ਐਨੀ ਦ੍ਰਿੜਤਾ ਅਤੇ ਹਿੰਮਤ ਅਤੇ ਰੱਬੀ ਭਰੋਸ਼ਾ ਦਿੱਤਾ ਕਿ ਉਹ ਦੁਨਿਆਵੀ ਅਦਾਲਤਾਂ ਦੇ ਗਲਤ ਫੈਸਲਿਆਂ ਨੂੰ ਅਕਾਲ ਦੀ ਅਦਾਲਤ ਵਿੱਚ ਚੈਲੰਜ ਕਰਨ ਦੇ ਸਮਰੱਥ ਹੋ ਗਿਆ।ਉਪਰੋਕਤ ਸਾਰੇ ਅਲੌਕਿਕ ਘਟਨਾਕਰਮ ਨੂੰ ਸਮਝਣ ਵਾਸਤੇ ਦੂਰਅੰਦੇਸ਼ੀ ਸੂਝ ਦੇ ਨਾਲ ਨਾਲ ਅਪਣੇ ਗੁਰੂ ਪ੍ਰਤੀ ਤਰਕ ਨਹੀ, ਸੱਚੀ ਸ਼ਰਧਾ ਦਾ ਹੋਣਾ ਬੇਹੱਦ ਜਰੂਰੀ ਹੈ,ਕਿਉਂਕਿ ਤਰਕ ਸ਼ਰਧਾ ਨੂੰ ਮਾਰਦਾ ਹੈ ਤੇ ਸ਼ਰਧਾ-ਹੀਣ ਤਰਕ ਚੋ ਕਦੇ ਵੀ ਆਪਾ ਵਾਰੂ ਭਾਵਨਾ ਪੈਦਾ ਨਹੀ ਹੁੰਦੀ,ਬਲਕਿ ਆਪਾ ਵਾਰੂ ਭਾਵਨਾ ਤਾਂ ਹਮੇਸਾਂ ਅਪਣੇ ਪਿਆਰੇ,ਅਪਣੇ ਰਹਿਬਰ,ਅਪਣੇ ਗੁਰੂ ਅਤੇ ਸੱਚੇ ਪਾਤਸ਼ਾਹ ਪ੍ਰਤੀ ਸੱਚੀ ਸ਼ਰਧਾ ਵਿੱਚੋਂ ਹੀ ਜਨਮ ਲੈਂਦੀ ਹੈ। ਸੋ ਉਪਰੋਕਤ ਵਰਤਾਰੇ ਦੇ ਮੱਦੇਨਜਰ ਜਿੱਥੇ ਸਿਆਸੀ ਜਮਾਤਾਂ ਦੀ ਆਪਸੀ ਸਾਂਝ ਅਤੇ ਨਿਆ ਪਰਨਾਲੀ ਦੀ ਕਾਰਜਸ਼ੈਲੀ ਨੂੰ ਸਮਝ ਕੇ ਅਗਲੇਰੀ ਰਣਨੀਤੀ ਬਨਾਉਣ ਦੀ ਜਰੂਰ ਹੈ,ਓਥੇ ਕੁੰਵਰ ਵਿਜੈ ਪ੍ਰਤਾਪ ਸਿੰਘ ਵਰਗੇ ਨੇਕ ਪੁਲਿਸ ਅਫਸਰ ਨਾਲ ਡੱਟ ਕੇ ਖੜਨ ਦੀ ਵੀ ਬੇਹੱਦ ਜਰੂਰੀ ਲੋੜ ਹੈ,ਤਾਂ ਕਿ ਉਹਨਾਂ ਨੂੰ ਅਪਣੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਪ੍ਰਤੀ ਸੱਚੀ ਸ਼ਰਧਾ ਤੇ ਕਦੇ ਵੀ ਸੰਧੇਹ ਜਾਂ ਅਫਸੋਸ ਨਾ ਹੋਵੇ। ਕਦੇ ਕਦੇ ਇਸਤਰਾਂ ਦੀਆਂ ਘਟਨਾਵਾਂ ਸੁੱਤਿਆਂ ਨੂੰ ਜਗਾਉਣ ਲਈ ਅਤੇ ਬਹੁਤ ਕੁੱਝ ਸਿਖਾਉਣ ਲਈ ਵਾਪਰਦੀਆਂ ਹਨ,ਇਸ ਲਈ ਸਿੱਖ ਕੌਂਮ ਨੂੰ ਵੀ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਘਟਨਾ ਤੋ ਬਹੁਤ ਕੁੱਝ ਸਿੱਖਣ ਦੀ ਲੋੜ ਹੈ ਅਤੇ ਗਫਲਤ ਦੀ ਨੀਦ ਚੋ ਜਾਗ ਕੇ ਉਹਨਾਂ ਲੋਕਾਂ ਦੀ ਨਿਸਾਨ ਦੇਹੀ ਕਰਨ ਦਾ ਵੇਲਾ ਵੀ ਹੈ, ਜੋ ਕੌਂਮੀ ਨੁਕਸਾਨ ਦੇ ਜੁੰਮੇਵਾਰ ਹਨ,ਉਹਨਾਂ ਤੋ ਪੂਰਨ ਨਿਖੇੜਾ ਕਰਨ ਦੀ ਜਰੂਰਤ ਹੈ,ਜਿੰਨਾਂ ਨੇ ਨਿੱਜੀ ਲੋਭ ਲਾਲਸਾਵਾਂ ਖਾਤਰ ਸਿੱਖੀ ਸਿਧਾਤਾਂ  ਦਾ ਘਾਣ ਕੀਤਾ ਹੈ।

Install Punjabi Akhbar App

Install
×