ਕੁਮਾਰ ਵਿਸ਼ਵਾਸ਼ ਦਾ ਆਕਲੈਂਡ ਪ੍ਰੋਗਰਾਮ ਰਿਹਾ ਸਫਲ-ਆਪ ਮੈਂਬਰਾਂ ਨਹੀਂ ਵਿਖਾਈ ਦਿਲਚਸਪੀ

NZ PIC 6 Sep-1ਪ੍ਰਸਿੱਧ ਹਾਸਰਸ ਕਵੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪੱਧਰ ਦੇ ਨੇਤਾ ਡਾ. ਕੁਮਾਰ ਵਿਸ਼ਵਾਸ਼ ਆਪਣੇ ਪੁਰਾਣੇ ਦਿੱਤੇ ਸਿੱਖ ਵਿਰੋਧੀ ਭਾਸ਼ਣਾਂ ਦੇ ਭਖਦੇ ਮਸਲੇ ਦੇ ਬਾਵਜੂਦ ਬੜੇ ਠੰਡੇ ਤਰੀਕੇ ਨਾਲ ਆਪਣਾ ਵਲਿੰਗਟਨ ਅਤੇ ਆਕਲੈਂਡ ਦਾ ਪ੍ਰੋਗਰਾਮ ਕਰਨ ਵਿਚ ਸਫਲ ਰਹੇ। ਆਕਲੈਂਡ ਸਬੰਧੀ ਰਿਪੋਰਟ ਹੈ ਕਿ ਉਥੇ ਹਾਲ ਪੂਰਾ ਭਰਿਆ ਹੋਇਆ ਸੀ ਬਹੁਤ ਸਾਰੇ ਪੰਜਾਬੀ ਵੀ ਪਹੁੰਚੇ ਹੋਏ ਸਨ। ਦੇਸ਼-ਵਿਦੇਸ਼ ਦੇ ਵਿਚ ਬਹੁਤ ਸਾਰੇ ਸਿੱਖਾਂ ਨੇ ਫੇਸ ਬੁੱਕ ਅਤੇ ਹੋਰ ਸ਼ੋਸ਼ਲ ਮੀਡੀਏ ਰਾਹੀਂ ਨਿਊਜ਼ੀਲੈਂਡ ਵਸਦੇ ਸਿੱਖਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਡਾ. ਕੁਮਾਰ ਵਿਸ਼ਵਾਸ਼ ਵੱਲੋਂ ਤਾਜ਼ਾ ਮੰਗੀ ਵੀਡੀਓ ਮੁਆਫੀ ਨੂੰ ਨਾ ਸਵੀਕਾਰਿਆ ਜਾਵੇ ਸਗੋਂ ਸਪਸ਼ਟ ਸ਼ਬਦਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿਰੁੱਧ ਬੋਲੇ ਸਸ਼ਦ ਵਾਪਿਸ ਲਏ ਜਾਣ ਨੂੰ ਕਿਹਾ ਜਾਵੇ। ਇਸ ਮੁਆਫੀ ਦਾ ਉਦੋਂ ਹੋਰ ਸਪਸ਼ਟੀਕਰਣ ਹੋ ਗਿਆ ਸੀ ਜਦੋਂ ਉਨ੍ਹਾਂ ਨਿਊਜ਼ੀਲੈਂਡ ਦੇ ਪੰਜਾਬੀ ਰੇਡੀਓ ‘ਰੇਡੀਓ ਸਪਾਈਸ’ ਉਤੇ ਆਪਣੀ ਮੁਆਫੀ ਸਬੰਧੀ ਸਪਸ਼ਟੀਕਰਣ ਦੇ ਦਿੱਤਾ ਸੀ।  ਉਨ੍ਹਾਂ ਕਿਹਾ ਸੀ ਕਿ ਉਹ ਇਸ ਪੁਰਾਣੀ ਵੀਡੀਓ ਸਬੰਧੀ ਪਹਿਲਾਂ ਸ੍ਰੀ ਦਰਬਾਰ ਸਾਹਿਬ ਅਤੇ ਫਿਰ ਦਿੱਲੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਚੁੱਕੇ ਹਨ ਤੇ ਭੁੱਲ ਮੰਨ ਚੁੱਕੇ ਹਨ  ਪਰ ਜੇਕਰ ਫਿਰ ਵੀ ਕੋਈ ਹੋਰ ਸਜ਼ਾ ਮਿਲਦੀ ਹੈ ਤਾਂ ਉਹ ਕਰਨ ਨੂੰ ਤਿਆਰ ਹਨ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਪ ਪਾਰਟੀ ਨੇਤਾਵਾਂ ਨੂੰ ਸ਼ੋਅ ਦੇ ਪ੍ਰਬੰਧਕਾਂ ਨੇ ਬੁਲਾਇਆ ਸੀ ਪਰ ਡਾ. ਵਿਸ਼ਵਾਸ਼ ਵੱਲੋਂ ਆਪ ਮੈਂਬਰਾਂ ਨਾਲ ਕੋਈ ਸਿੱਧਾ ਸੰਪਰਕ ਨਾ ਕਰਨ ਅਤੇ ਆਪ ਦੇ ਨੇਤਾਵਾਂ ਤੋਂ ਰਾਜਨੀਤਕ ਦੂਰੀ ਬਣਾਈ ਰੱਖਣ ਦੇ ਰੋਸ ਵਜੋਂ ਆਪ ਮੈਂਬਰਾਂ ਨੇ ਸ਼ੋਅ ਵਿਚ ਕੋਈ ਦਿਲਚਸਪੀ ਨਾ ਵਿਖਾਈ। ਹੋ ਸਕਦਾ ਹੈ ਕਿ ਦੇਸ਼-ਵਿਦੇਸ਼ੀ ਵਸਦੇ ਸਿੱਖ ਇਸ ਗੱਲ ਤੋਂ ਸੰਤੁਸ਼ਟ ਨਾ ਹੋਣ ਕਿ ਇਹ ਮੌਕਾ ਸੀ ਜਦੋਂ ਡਾ. ਕੁਮਾਰ ਵਿਸ਼ਵਾਸ਼ ਨੂੰ ਆਪਣੀ ਕੀਤੀ ਗਲਤੀ ਦਾ ਵਧੀਆ ਅਹਿਸਾਸ ਨਿਊਜ਼ੀਲੈਂਡ ਦੇ ਸਿੱਖ ਕਰਵਾ ਦਿੰਦੇ ਤਾਂ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਉਤੇ ਪੈਣ ਵਾਲੇ ਪ੍ਰਭਾਵਾਂ ਤੋਂ ਜਾਣੂ ਹੋ ਜਾਂਦੇ। ਖੈਰ ਡਾ. ਕੁਮਾਰ ਵਿਸ਼ਵਾਸ਼ ਇਕ ਕਲਾਕਾਰ ਵਜੋਂ ਜੋ ਹਾਸਰਸ ਕਵਿਤਾਵਾਂ ਪੜ੍ਹਨੀਆਂ ਸਨ ਅਤੇ ਜੋ ਹਾਸਾ ਮਜ਼ਾਕ ਕਰਨ ਸੀ, ਉਹ ਕਰਨ ਵਿਚ ਸਫਲ ਰਹੇ।
ਆਮ ਆਦਮੀ ਪਾਰਟੀ ਨਿਊਜ਼ੀਲੈਂਡ ਦਾ ਪੱਖ: ਪਾਰਟੀ ਆਗੂਆਂ ਨੇ ਕਿਹਾ ਹੈ ਕਿ ਉਹ ਦਿੱਲੀ ਦੇ ਕੇਂਦਰੀ ਦਫਤਰ ਦੇ ਸੰਪਰਕ ਵਿਚ ਹਨ। ਡਾ. ਕੁਮਾਰ ਵਿਸ਼ਵਾਸ਼ ਆਪਣੇ ਕਮਰਸ਼ੀਅਲ ਨਿੱਜੀ ਦੌਰੇ ‘ਤੇ ਹਨ ਅਤੇ ਹੋ ਸਕਦਾ ਹੈ ਕਿਸੀ ਰਾਜਨੀਤਕ ਸਰਗਰਮੀ ਦੇ ਵਿਚ ਭਾਗ ਨਾ ਲੈ ਸਕਦੇ ਹੋਣ। ਉਨ੍ਹਾਂ ਆਪਣਾ ਪੱਖ ਦਿੱਲੀ ਦਫਤਰ ਅੱਗੇ ਰੱਖ ਦਿੱਤਾ ਹੈ, ਉਥੋਂ ਭਰੋਸਾ ਦਿੱਤਾ ਗਿਆ ਹੈ ਜਲਦੀ ਹੀ ਨਿਊਜ਼ੀਲੈਂਡ ਵਿਖੇ ਇਕ ਸੀਨੀਅਰ ਪਾਰਟੀ ਨੇਤਾ ਨੂੰ ਪਾਰਟੀ ਗਤੀਵਿਧੀਆਂ ਦੇ ਲਈ ਭੇਜਿਆ ਜਾਵੇਗਾ ਅਤੇ ਪੂਰੀ ਨਿਊਜ਼ੀਲੈਂਡ ਵਿੰਗ ਨੂੰ ਪੂਰੀ ਮਹੱਤਤਾ ਦਿੱਤੀ ਜਾਵੇਗੀ। ਡਾ. ਕੁਮਾਰ ਵਿਸ਼ਵਾਸ਼ ਦੇ ਨਾਲ ਮੀਟਿੰਗ ਸਿਰੇ ਨਾ ਚੜਨ ਸਬੰਧੀ ਸ. ਖੜਗ ਸਿੰਘ ਹੋਰਾਂ ਕਿਹਾ ਕਿ ਸ਼ੋਅ ਪ੍ਰੋਮੋਟਰਾਂ ਨੇ ਇਸ ਸਾਰੇ ਘਟਨਾਕ੍ਰਮ ਦੇ ਵਿਚ ਹੋਈ ਤਾਲਮੇਲ ਦੀ ਘਾਟ ਉਤੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ।