ਪੰਜਾਬੀ ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਦਿਹਾਂਤ

ਪੰਜਾਬੀ ਮਾਂ ਬੋਲੀ ਦਾ ਕਾਵਿ-ਵਿਹੜਾ ਹੋਇਆ ਸੁੰਨਾ- ਡਾ. ਦਰਸ਼ਨ ਸਿੰਘ ‘ਆਸ਼ਟ’

(ਪਟਿਆਲਾ) ਅੱਜ ਤੜਕਸਾਰ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਸਰਪ੍ਰਸਤ ਅਤੇ ਉਘੇ ਪੰਜਾਬੀ ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਸਦੀਵੀ ਵਿਛੋੜਾ ਦੇ ਗਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਕਾਸ ਵਿਭਾਗ ਵਿਚੋਂ ਬਤੌਰ ਮੁਖੀ ਸੇਵਾਮੁਕਤ ਹੋਏ ਪ੍ਰੋ. ਗਰੇਵਾਲ ਦੇ ਦਿਹਾਂਤ ਦੀ ਖ਼ਬਰ ਨਾਲ ਸਾਹਿਤਕ ਹਲਕਿਆਂ ਵਿਚ ਸ਼ੋਕ ਫੈਲ ਗਿਆ ਹੈ।
ਇਸ ਦੌਰਾਨ ਪ੍ਰੋ. ਗਰੇਵਾਲ ਨਮਿੱਤ ਹੋਈ ਸ਼ੋਕ ਸਭਾ ਦੌਰਾਨ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਪ੍ਰੋ. ਗਰੇਵਾਲ ਦੇ ਅਕਾਲ ਚਲਾਣੇ ਨਾਲ ਪੰਜਾਬੀ ਮਾਂ ਬੋਲੀ ਦਾ ਕਾਵਿ-ਪਿੜ ਸੁੰਨਾ ਹੋ ਗਿਆ ਹੈ। ਉਹਨਾਂ ਕਿਹਾ ਕਿ ਪ੍ਰੋ. ਗਰੇਵਾਲ ਸਟੇਜੀ ਕਵੀ ਵਜੋਂ ਹਰਮਨਪਿਆਰੇ ਸਨ ਜਿਨ੍ਹਾਂ ਨੂੰ ਸ੍ਰੋਤੇ ਚਾਹ ਕੇ ਸੁਣਦੇ ਸਨ।ਡਾ. ਆਸ਼ਟ ਨੇ ਪ੍ਰੋ. ਗਰੇਵਾਲ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਸਕਰੌਦੀ ਸਿੰਘਾਂ ਦੀ ਵਿਖੇ 1 ਜੁਲਾਈ, 1941 ਨੂੰ ਪੈਦਾ ਹੋਏ ਪ੍ਰੋ. ਗਰੇਵਾਲ ਨੇ ਵਖ ਵਖ ਅਦਾਰਿਆਂ ਵਿਚ ਕੰਮ ਕੀਤਾ। ਉਪਰੰਤ ਉਹਨਾਂ ਨੇ 1969 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਲੈਕਚਰਾਰ ਵਜੋਂ ਜੁਆਇਨ ਕੀਤਾ ਸੀ। ਉਹ 1978 ਤੋਂ ਲੈ ਕੇ 1985 ਤੱਕ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਵੀ ਰਹੇ। ਉਹਨਾਂ ਨੇ ਪੰਜਾਬੀ ਕਾਵਿ ਜਗਤ ਨੂੰ ਦੋ ਕਾਵਿ ਸੰਗ੍ਰਹਿ ‘ਤੇਰਾ ਅੰਬਰਾਂ ਤੇ ਨਾਂ ਲਿਖਿਆ’ ਅਤੇ ‘ਅਸੀਂ ਪੁੱਤ ਦਰਿਆਵਾਂ ਦੇ’ ਦਿੱਤੇ ਜਿਨ੍ਹਾਂ ਨੂੰ ਚੋਖੀ ਪ੍ਰਸਿੱਧੀ ਹਾਸਿਲ ਹੋਈ।ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਵਜੋਂ ਪਟਿਆਲਾ ਜ਼ਿਲ੍ਹੇ ਦੇ ਸਾਬਕਾ ਡਿਪਟੀ ਕਮਿਸ਼ਨਰ ਜੀ.ਕੇ.ਸਿੰਘ, ਆਈ.ਏ.ਐਸ. ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਸੀ। ਇਸ ਤੋਂ ਇਲਾਵਾ ਉਹਨਾਂ ਨੂੰ 14ਵਾਂ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ ‘ ਅਤੇ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ਸ਼੍ਰੋਮਣੀ ਕਵੀ ਪੁਰਸਕਾਰ ਵੀ ਪ੍ਰਾਪਤ ਹੋਏ।
ਪ੍ਰੋ. ਗਰੇਵਾਲ ਦਾ ਅੰਤਿਮ ਸਸਕਾਰ ਅੱਜ ਘਲੌੜੀ ਗੇਟ ਸ਼ਮਸ਼ਾਨ ਘਾਟ ਪਟਿਆਲਾ ਵਿਖੇ ਦੁਪਹਿਰ 12.30 ਵਜੇ ਕੀਤਾ ਗਿਆ।ਸਸਕਾਰ ਦੌਰਾਨ ਡਾ. ਦਰਸ਼ਨ ਸਿੰਘ ਆਸ਼ਟ, ਬੀਰਦਵਿੰਦਰ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਡਾ. ਗੁਰਨਾਮ ਸਿੰਘ, ਪ੍ਰੋ. ਕੇਹਰ ਸਿੰਘ, ਪ੍ਰੋ. ਹੁਕਮ ਚੰਦ ਰਾਜਪਾਲ, ਪ੍ਰੋ. ਮਹੇਸ਼ ਗੌਤਮ ਆਦਿ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਲੇਖਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।

((ਫਾਈਲ ਫੋਟੋ) ਪ੍ਰੋ. ਕੁਲਵੰਤ ਸਿੰਘ ਗਰੇਵਾਲ ਦੇ ਘਰ ਵਿਖੇ ਜਾ ਕੇ ਉਹਨਾਂ ਅਤੇ ਉਹਨਾਂ ਦੀ ਪਤਨੀ ਨੂੰ ਸਨਮਾਨਿਤ ਕਰਦੇ ਹੋਏ ਪਟਿਆਲਾ ਜ਼ਿਲ੍ਹੇ ਦੇ ਤਤਕਾਲੀ ਡਿਪਟੀ ਕਮਿਸ਼ਨਰ ਜੀ.ਕੇ.ਸਿੰਘ ਆਈ.ਏ.ਐਸ. ਅਤੇ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ)

ਅੱਜ ਦੀ ਸ਼ੋਕ ਸਭਾ ਵਿਚ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨਮਿੱਤ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿਚ ਡਾ. ਦਰਸ਼ਨ ਸਿੰਘ ਆਸ਼ਟ, ਡਾ. ਗੁਰਬਚਨ ਸਿੰਘ ਰਾਹੀ, ਕਵੀ ਕੁਲਵੰਤ ਸਿੰਘ, ਕਹਾਣੀਕਾਰ ਬਾਬੂ ਸਿੰਘ ਰੈਹਲ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਦਵਿੰਦਰ ਪਟਿਆਲਵੀ , ਹਰਪ੍ਰੀਤ ਸਿੰਘ ਰਾਣਾ ਅਤੇ ਨਵਦੀਪ ਸਿੰਘ ਮੁੰਡੀ ਆਦਿ ਸ਼ਾਮਿਲ ਸਨ।ਇਸ ਦੌਰਾਨ ਵਿਦਵਾਨ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਪਟਿਆਲਾ ਅਤੇ ਗਲਪਕਾਰ ਤਾਰਨ ਗੁਜਰਾਲ ਆਦਿ ਲੇਖਕਾਂ ਨੂੰ ਵੀ ਸ਼ਰਧਾਂਜਲੀ ਅਰਪਿਤ ਕੀਤੀ ਗਈ।

Install Punjabi Akhbar App

Install
×