ਮਾਂ ਬੋਲੀ ਪੰਜਾਬੀ ਦੀ ਹੋ ਰਹੀ ਬੇਕਦਰੀ ਵਿਰੁੱਧ ਕੋਈ ਵਿਰਲਾ ਹੀ ਬੋਲਦੈ: ਡਾ. ਸੈਫੀ

ਕੋਟਕਪੂਰਾ:- ਬੱਚਿਉ ਤੁਹਾਡੇ ਪਿੰਡ ਦੇ ਪੰਜ ਐਮਐੱਲਏ ਬਣ ਕੇ ਉਸ ਤੋਂ ਬਾਅਦ ਭਾਵੇਂ ਕਿੰਨੀਆਂ ਵੀ ਉੱਚੀਆਂ ਪਦਵੀਆਂ ‘ਤੇ ਪੁੱਜੇ ਪਰ ਉਹ ਪੜੇ ਹੋਏ ਇਸੇ ਸਕੂਲ ਦੇ ਸਨ, ਜਿੱਥੇ ਹੁਣ ਤੁਸੀ ਪੜ ਰਹੇ ਹੋ। ਨੇੜਲੇ ਪਿੰਡ ਸੰਧਵਾਂ ਦੇ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਅੱਜ ਪੜਾਈ ਦੇ ਨਾਲ-ਨਾਲ ਸਾਵਧਾਨੀ ਦੀ ਵੀ ਬਹੁਤ ਲੋੜ ਹੈ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਪ੍ਰਦੂਸ਼ਿਤ ਅਤੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦਾ ਮੁੱਦਾ ਰੱਖਦਿਆਂ ਦੱਸਿਆ ਕਿ ਅੱਜ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਸਮੇਤ ਆਮ ਲੋਕਾਂ ਨੂੰ ਵੀ ਹਲੂਣਾ ਦੇਣ ਦੀ ਲੋੜ ਹੈ। ਡਾ ਦੇਵਿੰਦਰ ਸੈਫੀ ਨੇ ਮਾਂ ਬੋਲੀ ਪੰਜਾਬੀ ਨਾਲ ਹੋ ਰਹੀ ਵਿਤਕਰੇਬਾਜੀ ਅਤੇ ਬੇਕਦਰੀ ਦੀ ਗੱਲ ਕਰਦਿਆਂ ਦਾਅਵਾ ਕੀਤਾ ਕਿ ਕੁਝ ਚੋਣਵੇਂ ਪੰਜਾਬੀ ਪ੍ਰੇਮੀ ਹੀ ਮਾਂ ਬੋਲੀ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰ ਰਹੇ ਹਨ, ਜਿੰਨਾ ‘ਚੋਂ ਗੁਰਪ੍ਰੀਤ ਸਿੰਘ ਚੰਦਬਾਜਾ ਤੇ ਉਸਦੇ ਸਾਥੀਆਂ ਦਾ ਨਾਮ ਮੂਹਰਲੀ ਕਤਾਰ ‘ਚ ਲਿਆ ਜਾ ਸਕਦਾ ਹੈ। ਮਨਦੀਪ ਸਿੰਘ ਮਿੰਟੂ ਗਿੱਲ ਨੇ ਨੈਤਿਕਤਾ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਅੰਕੜਿਆਂ ਸਹਿਤ ਦਲੀਲਾਂ ਨਾਲ ਗੱਲ ਕੀਤੀ ਜਦਕਿ ਸੁਸਾਇਟੀ ਦੇ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਵਲੋਂ ਸੁਸਾਇਟੀ ਦੇ ਸੇਵਾ ਕਾਰਜਾਂ ਬਾਰੇ ਵਿਸਥਾਰ ‘ਚ ਚਾਨਣਾ ਪਾਇਆ ਗਿਆ। ਪ੍ਰਿੰਸੀਪਲ ਮੈਡਮ ਅੰਜਨਾ ਕੌਸ਼ਲ ਅਤੇ ਅਧਿਆਪਕਾ ਪਰਮਿੰਦਰਪਾਲ ਕੌਰ ਨੇ ਸੁਸਾਇਟੀ ਦੇ ਉਕਤ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਸਕੂਲਾਂ ‘ਚ ਪੜਦੇ ਵਿਦਿਆਰਥੀ/ਵਿਦਿਆਰਥਣਾ ਨੂੰ ਅਜਿਹੇ ਸੈਮੀਨਾਰਾਂ ਰਾਹੀਂ ਜਾਗਰੂਕ ਕਰਨ ਦੀ ਸਮੇਂ ਦੀ ਲੋੜ ਹੈ। ਅੰਤ ‘ਚ ਸਾਰੇ ਵਿਦਿਆਰਥੀਆਂ ਨੂੰ ਵਿਲੱਖਣ ਕਿਸਮ ਦੀਆਂ ਕਾਪੀਆਂ ਵੀ ਵੰਡੀਆਂ ਗਈਆਂ ਤੇ ਕੁਝ ਚੋਣਵੇਂ ਵਿਦਿਆਰਥੀਆਂ ਨੂੰ ਕਿੱਟਾਂ ਤਕਸੀਮ ਕੀਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇੰਜ. ਜਗਤਾਰ ਸਿੰਘ ਗਿੱਲ, ਰਜਿੰਦਰ ਸਿੰਘ ਬਰਾੜ, ਮਨਪ੍ਰੀਤ ਸਿੰਘ ਧਾਲੀਵਾਲ ਆਦਿ ਵੀ ਹਾਜਰ ਸਨ।