ਮੌਜੂਦਾ ਕਿਸਾਨੀ ਰੋਹ ਕੇਂਦਰ ਵਲੋਂ ਫੈਡਰਲ ਢਾਂਚੇ ਨੂੰ ਖਤਮ ਕਰਨ ਦੇ ਅਮਲਾਂ ਦਾ ਨਤੀਜਾ: ਸੰਧਵਾਂ

ਕੋਟਕਪੂਰਾ:- ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਇਕੱਤਰ ਹੋਏ ਲੱਖਾਂ ਕਿਸਾਨਾ ਦਾ ਇਕੱਠ ਕੇਵਲ ਖੇਤੀ ਬਿੱਲਾਂ ‘ਚ ਮਾਮੂਲੀ ਸੋਧਾਂ ਕਰਵਾਉਣ ਤੱਕ ਹੀ ਸੀਮਿਤ ਨਹੀਂ ਬਲਕਿ ਕੇਂਦਰ ਸਰਕਾਰ ਵਲੋਂ ਸਮੇਂ-ਸਮੇਂ ਸੂਬਾ ਸਰਕਾਰਾਂ ਦੇ ਅਧਿਕਾਰਾਂ ਦੇ ਕੇਂਦਰੀਕਰਨ ਖਿਲਾਫ ਲੋਕਾਂ ਦੇ ਸੁਲਘਦੇ ਹੋਏ ਰੋਸ ਦਾ ਨਤੀਜਾ ਹੈ। ਉਕਤ ਸ਼ਬਦਾਂ ਦਾ ਕਰਦਿਆਂ ਆਮ ਆਦਮੀ ਪਾਰਟੀ ਕਿਸਾਨ ਵਿੰਗ ਪੰਜਾਬ ਦੇ ਸੂਬਾਈ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੇ ਹੱਥਾਂ ‘ਚ ਤਾਕਤਾਂ ਦਾ ਕੇਂਦਰੀਕਰਨ ਬਹੁਤ ਤੇਜ਼ ਗਤੀ ਨਾਲ ਹੋਇਆ ਹੈ ਅਤੇ ਇਸ ਨੇ ਫੈਡਰਲ ਢਾਂਚੇ ਨੂੰ ਬਹੁਤ ਵੱਡੀ ਢਾਹ ਲਾਈ ਹੈ। ਉਨਾਂ ਕਿਹਾ ਕਿ ਭਾਜਪਾ ਨੇ 2014 ‘ਚ ਆਪਣੀ ਚੋਣ ਮੁਹਿੰਮ ਦੌਰਾਨ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਸੀ ਪਰ ਸੱਤਾ ‘ਚ ਆਉਣ ਤੋਂ ਬਾਅਦ ਬੀਜੇਪੀ ਸਰਕਾਰ ਨੇ ਫੈਡਰਲ ਢਾਂਚੇ ਦੇ ਸਹੀ ਤਰੀਕੇ ਨਾਲ ਚੱਲਣ ਦੀ ਸ਼ਾਇਦ ਹੀ ਕੋਈ ਗੁੰਜਾਇਸ਼ ਛੱਡੀ ਹੋਵੇ। ਉਨਾ ਕੇਂਦਰ ਵਲੋਂ ਸੂਬਿਆਂ ਦੇ ਅਧਿਕਾਰਾਂ ਤੇ ਕੇਂਦਰ ਦੇ ਡਾਕਿਆਂ ਬਾਰੇ ਵਿਸਥਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰਾਂ ਜੀਐੱਸਟੀ ਦੀ ਬਣਤਰ ‘ਤੇ ਇਸ ਨੂੰ ਲਾਗੂ ਕਰਨ ਦੇ ਤਰੀਕੇ ਨੇ ਵਿੱਤੀ ਪੱਖੋਂ ਕੇਂਦਰ ਤੇ ਸੂਬਿਆਂ ਦਰਮਿਆਨ ਅਸੰਤੁਲਨ ਪੈਦਾ ਕਰ ਦਿੱਤਾ ਹੈ, ਜਿਸ ਤਹਿਤ ਸੂਬਿਆਂ ਨੂੰ ਆਪਣੇ ਇਕੱਤਰ ਕੀਤੇ ਟੈਕਸਾਂ ਦਾ ਪੈਸਾ ਲੈਣ ਲਈ ਵੀ ਕੇਂਦਰ ਦੀਆਂ ਲੇਲੜੀਆਂ ਕੱਢਣੀਆਂ ਪੈਂਦੀਆਂ ਹਨ, ਉਸੇ ਤਰਾਂ ਸੂਬਿਆਂ ਦੇ ਅਧਿਕਾਰ ਖੇਤਰ ਵਾਲੇ ਖੇਤੀ ਸੈਕਟਰ ਚ ਦਖਲਅੰਦਾਜ਼ੀ ਕਰਕੇ ਮੋਦੀ ਸਰਕਾਰ ਖੁਦ ਸੰਵਿਧਾਨ ਦਾ ਉਲੰਘਣ ਕਰ ਰਹੀ ਹੈ॥ਸ੍ਰ. ਸੰਧਵਾਂ ਨੇ ਅੱਗੇ ਕਿਹਾ ਕਿ ਸਰਕਾਰ ਨੇ ਹਰੇ ਇਨਕਲਾਬ ਰਾਹੀਂ ਕੌਮੀ ਖੁਰਾਕ ਆਤਮ ਨਿਰਭਰਤਾ ਤਾਂ ਹਾਸਲ ਕਰ ਲਈ ਹੈ ਪਰ ਇਸ ਨੇ ਪੰਜਾਬ ਦੀ ਮਿੱਟੀ ਤੇ ਪੌਣ-ਪਾਣੀ ਤੇ ਬੇਹੱਦ ਮਾਰੂ ਅਸਰ ਪਾਇਆ ਹੈ ਅਤੇ ਸਰਕਾਰ ਵੱਲੋਂ ਮਿਥੇ ਟੀਚਿਆਂ ਦੀ ਪੂਰਤੀ ਕਰਨ ਦੌਰਾਨ ਪੰਜਾਬ ਦੇ ਚੌਗਿਰਦੇ ਅਤੇ ਲੋਕਾਂ ਦਾ ਜਿੰਨਾ ਨੁਕਸਾਨ ਹੋਇਆ, ਕੇਂਦਰ ਨੇ ਉਸ ਦੀ ਭਰਪਾਈ ਤਾਂ ਕੀ ਕਰਨੀ ਸੀ ਸਗੋਂ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਤੇ ਸਮਾਜਿਕ ਤਬਾਹੀ ਦੇ ਕੰਢੇ ਪਹੁੰਚਾ ਕੇ ਹੁਣ ਇਸ ਨੇ ਨਵੀਂ ਖੇਤੀ ਰਣਨੀਤੀ ਅਮਲ ਵਿਚ ਲਿਆ ਕੇ ਬਿਲਕੁੱਲ ਹੀ ਪਾਸਾ ਵੱਟ ਲੈਣ ਦੀ ਰਣਨੀਤੀ ਅਪਣਾਈ ਜਾ ਰਹੀ ਹੈ। ਸਰਦਾਰ ਸੰਧਵਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨੀ ਮਸਲਿਆਂ ਤੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਮਗਰਮੱਛ ਦੇ ਹੰਝੂ ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕ ਸੁਖਬੀਰ ਅਤੇ ਹਰਸਿਮਰਤ ਵਲੋਂ ਖੇਤੀ ਕਨੂੰਨਾਂ ਦੇ ਹੱਕ ‘ਚ ਕੀਤੀ ਪੈਰਵਾਈ, ਖੇਤੀ ਮੰਤਰੀ ਤੋਮਰ ਦੀਆਂ ਚਿੱਠੀਆਂ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਨਾਸਮਝ ਦੱਸਣ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਫੇਸਬੁੱਕ ਲਾਈਵ ਹੋਕੇ ਮੋਦੀ ਸਰਕਾਰ ਦੇ ਕਨੂੰਨਾਂ ਦੀ ਕੀਤੀ ਪੈਰਵਾਈ ਤੋਂ ਭਲੀ ਭਾਂਤ ਵਾਕਿਫ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਚ ਉਠਾਈ ਅਵਾਜ਼ ਦਾ ਸਵਾਗਤ ਕਰਦਿਆਂ ਉਹਨਾਂ ਕਿਹਾ ਕਿ ਜਦ ਵਿਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੋ ਰਹੇ ਹਨ ਉਸ ਵੇਲੇ ਦੇਸ ਦੇ ਪ੍ਰਧਾਨ ਮੰਤਰੀ ਵਲੋਂ ਕਿਸਾਨੀ ਮਸਲਿਆਂ ਦੇ ਹੱਲ ਬਜਾਏ ਉਹਨਾਂ ਨੂੰ ਖੇਤੀ ਕਨੂੰਨਾਂ ਬਾਰੇ ਸਮਝਾਉਣ ਦੇ ਵਾਰ-ਵਾਰ ਦਿੱਤੇ ਜਾ ਰਹੇ ਬਿਆਨ ਸਾਬਿਤ ਕਰਦੇ ਹਨ ਕਿ ਉਹ ਦੇਸ਼ ਦੇ ਲੱਖਾਂ ਅੰਨਦਾਤਿਆਂ ਨੂੰ ਨਾਸਮਝ ਸਮਝਦੇ ਹਨ।

Install Punjabi Akhbar App

Install
×