ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਦੀ ਚੋਣ ਵਿਚ ਮੌਡਰੇਟ ਸਿੱਖ ਸਲੇਟ ਦਾ ਮੁੜ ਕਬਜ਼ਾ: ਕੁਲਦੀਪ ਸਿੰਘ ਥਾਂਦੀ ਬਣੇ ਪ੍ਰਧਾਨ

(ਸਰੀ) -ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਦੇ ਅਹੁਦੇਦਾਰਾਂ ਦੀ ਸਾਲ 2023-2025 ਲਈ ਚੋਣ ਸੰਬੰਧੀ ਕੱਲ੍ਹ ਪਈਆਂ ਵੋਟਾਂ ਵਿਚ ਮੌਡਰੇਟ ਸਿੱਖ ਸਲੇਟ ਨੇ ਇਕ ਵਾਰ ਫੇਰ ਵੱਡੀ ਜਿੱਤ ਹਾਸਲ ਕੀਤੀ ਹੈ। ਕੁਲਦੀਪ ਸਿੰਘ ਥਾਂਦੀ ਦੀ ਅਗਵਾਈ ਵਾਲੀ ਇਸ ਸਲੇਟ ਦੇ ਸਾਰੇ ਉਮੀਦਵਾਰਾਂ ਨੇ ਸੰਤੋਖ ਸਿੰਘ ਸੂਰੀ ਦੀ ਅਗਵਾਈ ਵਾਲੇ ਸਿੱਖ ਸੰਗਤ ਯੂਨਾਈਟਿਡ ਫਰੰਟ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ।

ਇਸ ਚੋਣ ਵਿਚ ਮੌਡਰੇਟ ਸਿੱਖ ਸਲੇਟ ਦੇ ਕੁਲਦੀਪ ਸਿੰਘ ਥਾਂਦੀ ਪ੍ਰਧਾਨ ਚੁਣੇ ਗਏ ਅਤੇ ਮੋਹਣ ਸਿੰਘ ਗਿੱਲ-ਸੀਨੀਅਰ ਮੀਤ ਪ੍ਰਧਾਨ, ਜਗਦੀਪ ਸਿੰਘ ਸੰਘੇੜਾ-ਮੀਤ ਪ੍ਰਧਾਨ, ਕਸ਼ਮੀਰ ਸਿੰਘ ਧਾਲੀਵਾਲ-ਜਨਰਲ ਸਕੱਤਰ, ਜਰਨੈਲ ਸਿੰਘ ਭੰਡਾਲ-ਸਹਾਇਕ ਜਨਰਲ ਸਕੱਤਰ, ਸੁਖਪਾਲ ਸਿੰਘ ਝੂਟੀ-ਖਜ਼ਾਨਚੀ, ਗੁਰਦੀਪ ਸਿੰਘ ਹੇਅਰ-ਸਹਾਇਕ ਖਜ਼ਾਨਚੀ, ਭੁਪਿੰਦਰ ਸਿੰਘ ਨਿੱਝਰ-ਸੀਨੀਅਰ ਸਹਾਇਕ ਖਜ਼ਾਨਚੀ, ਜੁਗਿੰਦਰ ਸਿੰਘ ਸੁੰਨੜ-ਰਿਕਾਰਡਿੰਗ ਸਕੱਤਰ, ਹਰਸਿਮਰਨ ਸਿੰਘ ਔਜਲਾ-ਸਹਾਇਕ ਰਿਕਾਰਡਿੰਗ ਸਕੱਤਰ, ਜਰਨੈਲ ਸਿੰਘ-ਮੈਂਬਰ, ਇੰਦਰਜੀਤ ਕੌਰ ਉੱਪਲ-ਮੈਂਬਰ, ਕੁਲਵੀਰ ਸਿੰਘ ਸ਼ੋਕਰ-ਮੈਂਬਰ, ਗੁਰਦਿਆਲ ਸਿੰਘ ਗੈਡੇ-ਮੈਂਬਰ ਅਤੇ ਰਘਬੀਰ ਸਿੰਘ ਕੁਲਾਰ-ਮੈਂਬਰ ਚੁਣੇ ਗਏ।

ਇਸ ਚੋਣ ਵਿਚ ਪ੍ਰਧਾਨ ਦੇ ਅਹੁਦੇ ਲਈ ਕੁਲਦੀਪ ਸਿੰਘ ਥਾਂਦੀ ਨੂੰ 3541 ਵੋਟ ਮਿਲੇ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸੰਤੋਖ ਸਿੰਘ ਸੂਰੀ ਸਿਰਫ 1585 ਵੋਟ ਹੀ ਹਾਸਲ ਕਰ ਸਕੇ।

ਬੀ ਸੀ ਕੈਨੇਡਾ ਦੀ ਸਭ ਤੋ ਪੁਰਾਣੀ ਤੇ ਇਤਿਹਾਸਕ ਖਾਲਸਾ ਦੀਵਾਨ ਸੁਸਾਇਟੀ ਦੀ ਚੋਣ ਲਈ ਕੁਲ 5261 ਵੋਟਾਂ ਪੋਲ ਹੋਈਆਂ। ਇਹਨਾਂ ਚੋ 5213 ਵੋਟਾਂ ਨੂੰ ਯੋਗ ਕਰਾਰ ਦਿੰਦਿਆਂ ਕੀਤੀ ਗਈ ਗਿਣਤੀ ਵਿਚ ਮੌਡਰੇਟ ਸਲੇਟ ਦੇ ਪ੍ਰਧਾਨ ਦੇ ਨਾਲ ਸਾਰੇ ਅਹੁਦੇਦਾਰ ਵੱਡੇ ਫਰਕ ਨਾਲ ਜੇਤੂ ਰਹੇ। ਸਲੇਟ ਦੇ ਸਾਰੇ ਅਹੁੇਦਾਰਾਂ ਤੇ ਮੈਂਬਰਾਂ ਨੂੰ 3500 ਤੋ ਉਪਰ ਵੋਟਾਂ ਪਈਆਂ ਜਦੋਂਕਿ ਸਿੱਖ ਸੰਗਤ ਦੀ ਸਲੇਟ ਦੇ ਪ੍ਰਧਾਨਗੀ ਲਈ ਉਮੀਦਵਾਰ ਸੰਤੋਖ ਸਿੰਘ ਸੂਰੀ ਦੀਆਂ ਕੁਲ 1585 ਵੋਟਾਂ ਦੇ ਨਾਲ ਸਾਰੇ ਹੋਰ ਅਹੁਦੇਦਾਰਾਂ ਤੇ ਮੈਂਬਰ ਉਮੀਦਵਾਰਾਂ ਨੂੰ ਇਸਤੋ ਘੱਟ ਵੋਟਾਂ ਮਿਲੀਆਂ।

ਜਿ਼ਕਰਯੋਗ ਹੈ ਕਿ ਇਸ ਚੋਣ ਦੌਰਾਨ ਦੋਵਾਂ ਧਿਰਾਂ ਵਲੋ ਵੱਡੇ ਪੱਧਰ ਤੇ ਚੋਣ ਪ੍ਰਚਾਰ ਕੀਤਾ ਗਿਆ। ਮੌਡਰੇਟ ਸਲੇਟ ਜੋ ਕਿ ਪਿਛਲੇ ਲੰਬੇ ਸਮੇਂ ਤੋ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਦੀ ਆ ਰਹੀ ਹੈ, ਨੂੰ ਵਿਰੋਧੀ ਧਿਰ ਵਲੋ ਕਈ ਮੁੱਦਿਆਂ ਉਪਰ ਘੇਰਨ ਦਾ ਯਤਨ ਕੀਤਾ ਪਰ ਇਸ ਦੌਰਾਨ ਲੰਗਰ ਦੀ ਮਰਿਯਾਦਾ ਨੂੰ ਲੈਕੇ ਵੀ ਮੁੜ ਚਰਚਾ ਛਿੜੀ ਰਹੀ। ਮੌਡਰੇਟ ਸਲੇਟ ਵਲੋ ਚੋਣ ਮੁਹਿੰਮ ਦੌਰਾਨ ਇਹ ਮੁੱਦਾ ਭਖਾਇਆ ਗਿਆ ਕਿ ਵਿਰੋਧੀ ਸਲੇਟ ਲੰਗਰ ਵਿਚੋ ਕੁਰਸੀਆਂ-ਮੇਜ ਚੁਕਵਾਉਣਾ ਚਾਹੁੰਦੀ ਹੈ ਜਦੋਕਿ ਸਿੱਖ ਸੰਗਤ ਦੀ ਸਲੇਟ ਨੂੰ ਇਸ ਮੁੱਦੇ ਉਪਰ ਵਾਰ-ਵਾਰ ਸਪੱਸ਼ਟੀਕਰਣ ਦੇਣੇ ਪਏ।

(ਹਰਦਮ ਮਾਨ) +1 604 308 6663

maanbabushahi@gmail.com