ਬੱਲੇ ਓਏ ਮਾਣਕਾ! ਨਈਂ ਰੀਸਾਂ ਤੇਰੀਆਂ

(30 ਨਵੰਬਰ ਬਰਸੀ ਦੇ ਵਿਸ਼ੇਸ)

charan singh bambiha - kuldip manakਪੰਜਾਬ ਦੀ ਆਨ-ਸ਼ਾਨ ਪੰਜਾਬੀ ਸਰੋਤਿਆਂ ਦੇ ਪਿਆਰ ਸਤਿਕਾਰ ਨਾਲ ਭਰਪੂਰ ਮਾਣਮੱਤੀ ਸਖਸੀਅਤ ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ 30 ਨਵੰਬਰ 2017 ਨੂੰ ਛੇਵੀਂ ਬਰਸੀ ਹੈ। ਹੁਣ ਤੱਕ ਮੇਰੇ ਵਰਗੇ ਜਿੰਨੇ ਵੀ ਲੇਖਕਾਂ ਨੇ ਮਾਣਕ ਸਾਹਿਬ ਦੇ ਜੀਵਨ ਅਤੇ ਗਾਇਕੀ ਬਾਰੇ  ਜਿਕਰ ਕੀਤਾ ਹੈ ਉਹ ਜਿਆਦਾਤਰ ਇੱਕ-ਦੂਜੇ ਦਾ ਲਿਖਿਆ-ਪੜ੍ਹਿਆ ਸੁਣ ਕੇ ਵਰਨਣ ਕੀਤਾ ਗਿਆ ਹੈ। ਸਹੀ ਖੋਜ਼ ਕਰਨ ਵੱਲ ਅਸੀਂ ਬਹੁਤ ਘੱਟ ਹੀ ਮਿਹਨਤ ਕੀਤੀ ਹੈ। ਇਸ ਵਾਰ ਮੈਂ ਇਸ ਲੇਖ ਵਿਚ ਮਾਣਕ ਸਾਹਿਬ ਦੇ ਬਾਰੇ ਕੁਝ ਨਵੀਆਂ ਗੱਲਾਂ ਕਰਨ ਦੀ ਕੋਸ਼ਿਸ ਕੀਤੀ ਹੈ।

ਇੱਕ ਵਾਰ ਦੀ ਗੱਲ ਹੈ ਕਿ ਕਾਕਾ ਮੁੱਖਤਿਆਰ ਸਿੰਘ ਬੁੱਧ ਸਿੰਘ ਵਾਲੇ ਦੇ ਲੜਕੇ ਦਾ ਵਿਆਹ ਸੀ ਅਤੇ ਬਰਾਤ ਕੋਟਕਪੂਰੇ ਢੁੱਕੀ ਸੀ। ਇਸ ਬਰਾਤ ਵਿੱਚ ਲੜਕੇ ਦੇ ਪਿਤਾ ਕਾਕਾ ਮੁਖਤਿਆਰ ਸਿੰਘ ਨੇ ਸਾਡੀ ਜਾਣ-ਪਛਾਣ ਆਪਣੇ ਰਿਸ਼ਤੇਦਾਰਾਂ ਅਤੇ ਕਈ ਹੋਰ ਮਿੱਤਰ ਪਿਆਰਿਆਂ ਨਾਲ ਕਰਵਾਈ, ਜਿਨ੍ਹਾ ਵਿਚ ਛਿੰਦਾ ਬਾਘੇ ਪੁਰਾਣੇ ਵਾਲਾ, ਜਗਰੂਪ ਸਿੰਘ ਰੂਪ ਅਤੇ ਕਈ ਹੋਰ ਮਿੱਤਰ ਪ੍ਰੇਮੀ ਵੀ ਸਨ। ਬਰਾਤੀ ਸੱਜਣ ਅਖਾੜਾ ਲਾਉਣ ਆਏ ਮੁਹੰਮਦ ਸਦੀਕ ਦੀ ਗਾਇਕੀ ਦੀ ਚਰਚਾ ਕਰਨ ਲੱਗੇ। ਗੱਲਾਂ-ਗੱਲਾਂ ਵਿਚ ਮੇਰੀ ਛਿੰਦੇ ਬਾਘੇ ਪੁਰਾਣੇ ਵਾਲੇ ਨਾਲ ਗੀਤ ”ਬੋਦੀ ਵਾਲਾ ਤਾਰਾ ਚੜਿਆ ਘਰ-ਘਰ ਹੋਣ ਵਿਚਾਰਾਂ ਤੇ ਬਹਿਸਬਾਜੀ ਹੋ ਗਈ ਛਿੰਦਾ ਕਹਿਣ ਲੱਗਾ ਇਹ ਗੀਤ ਪਹਿਲਾ ਮਾਣਕ ਨੇ ਰਿਕਾਰਡ ਕਰਵਾਇਆ ਹੈ। ਮੈਂ ਕਿਹਾ ਕਿ ਦੱਸ ਕਿਹੜੇ ਸੰਨ ਵਿੱਚ ਅਤੇ ਕਿਹੜੀ ਕੰਪਨੀ ਵਿਚ ਰਿਕਾਰਡ ਕਰਵਾਇਆ। ਬਰਾਤ ਵਿਚ ਸੇਵਾ ਪਾਣੀ ਵੱਜੋਂ ਪੀਤੇ ਜੂਸ ਦੀਆ ਘੁੱਟਾਂ ਨਾਲ ਇੱਕ ਦੁਜੇ ਨੂੰ ਹਰਾਉਣ ਲਈ ਅੜੀ ਫੜੀ ਹੋਈ ਸੀ। ਮੈਂ ਕਹਾਂ ਕਿ ਮੇਰੇ ਪਾਸ ਮਾਣਕ ਦੇ ਸਾਰੇ ਗੀਤਾਂ ਦੀਆ ਕਿਤਾਬਾਂ ਅਤੇ ਕੈਸਿਟਾਂ ਅਤੇ ਤਵੇ ਰਿਕਾਰਡ ਪਏ ਹੋਏ ਹਨ। ਉਹ ਕਹੇ ਕਿ ਮੇਰੇ ਘਰ ਆਵੀ ਮੈਂ ਤੈਨੂੰ ਆਪਣੀ ਗ੍ਰਾਮੋਫੋਨ ਮਸ਼ੀਨ ਤੇ ਗੀਤ  ਸੁਣਾਵਾਗਾਂ। ਇਸ ਗੀਤ ਨੂੰ ਮੈਂ ਸੁਣਨ ਲਈ ਕਈ ਪੁਰਾਣੇ ਸਪੀਕਰ ਲਾਉਣ ਵਾਲਿਆ ਨਾਲ ਅਤੇ ਮਾਣਕ ਦੇ ਕੱਟੜ ਪ੍ਰਸੰਸਕਾਂ ਨਾਲ ਵੀ ਗੱਲ ਕੀਤੀ ਪਰ ਸਾਰੇ ਸਿਰ ਫੇਰ ਗਏ ਕਿ ਅਖੇ ਇਹ ਗੀਤ ਤਾਂ ਮਹੁੰਮਦ ਸਦੀਕ ਅਤੇ ਰਣਜੀਤ ਕੌਰ ਦਾ ਤਾਂ ਜਰੂਰ ਸੁਣਿਆ ਪਰ ਮਾਣਕ ਦਾ ਗਾਇਆ ਹੋਣ ਬਾਰੇ ਬਿਲਕੁਲ ਗਪੌੜਾ ਹੈ। ਕੋਈ ਖਾਧੀ ਪੀਤੀ ਵਿੱਚ ਗਪੌੜ ਮਾਰ ਗਿਆ ਹੋਣੈ।

charan singh bambiha - kuldip manak 2

ਪਰ ਦੋਸਤੋ ਤਿੰਨ ਸਾਲਾ ਬਾਅਦ ਛਿੰਦਾ ਬਾਘੇ ਪੁਰਾਣੇ ਵਾਲਾ ਅਤੇ ਮੁਹਿੰਦਰ ਸਿੰਘ ਜੱਸਲ ਇਸ ਗੀਤ ਨੂੰ ਯੂ ਟਿਊਬ ਤੇ ਪਾ ਕੇ ਮਾਣਕ ਪ੍ਰੇਮੀਆ ਦੇ ਧੰਨਵਾਦ ਦਾ ਪਾਤਰ ਬਣੇ ਹਨ। ਲੇਖ ਲਿਖਦੇ ਸਮੇਂ ਮਾਣਕ ਦੀ ਸਹਿ ਗਾਇਕਾ ਸਤਿੰਦਰ ਬੀਬਾ ਜੋ ਇਹ ਗੀਤ ਮਾਣਕ ਜੀ ਨਾਲ ਰਿਕਾਰਡ ਕਰਵਾਉਣ ਗਈ ਸੀ, ਦੇ ਭਰਾ ਅਮੀਰ ਸਿੰਘ ਰਾਣਾ ਕੋਲੋਂ ਇਸ ਗੀਤ ਬਾਰੇ ਅਸਲੀਅਤ ਜਾਨਣੀ ਚਾਹੀ। ਇਸ ਅਸਲੀਅਤ ਦੀ ਵਾਰਤਾਲਾਪ ਜੋ ਅਮੀਰ ਸਿੰਘ ਰਾਣਾ ਜੀ ਨੇ ਦੱਸੀ, ਉਹ ਮਾਣਕ ਪ੍ਰੇਮੀਆ ਲਈ ਹਜਮ ਹੋਣੀ ਔਖੀ ਹੈ। ਕਿਉਂਕਿ ਰਾਣਾ ਜੀ ਦੇ ਦੱਸਣ ਮੁਤਾਬਕ ਜਦੋਂ ਭੈਣ ਸਤਿੰਦਰ ਬੀਬਾ ਅਤੇ ਮਾਣਕ ਸਾਹਬ ਇਹ ਗੀਤ ਐਚ.ਐਮ.ਵੀ. ਕੰਪਨੀ ਵਿਚ ਰਿਕਾਰਡ ਕਰਵਾਉਣ ਗਏ ਤਾਂ ਕੰਪਨੀ ਨੇ ਮਾਣਕ ਨੂੰ ਇਹ ਗੀਤ ਰਿਕਾਰਡ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ ਕਿ ਆਖੇ ਤੇਰੀ ਆਵਾਜ ਦੋਗਾਣੇ ਗੀਤ ਰਿਕਾਰਡ ਕਰਵਾਉਣ ਵਾਲੀ ਨਹੀ ਹੈ। ਰਾਣਾ ਜੀ ਕਹਿੰਦੇ ਭੈਣ ਬੀਬਾ ਨੇ ਉਸਨੂੰ ਫੋਨ ਕੀਤਾ ਤਾਂ ਉਹ ਦਿੱਲੀ ਗਿਆ। ਉਸਨੇ ਤੇ ਮਾਣਕ ਦੋਵਾਂ ਨੇ ਰਲਕੇ ਇਹ ਗੀਤ ਸਤਿੰਦਰ ਬੀਬਾ ਨਾਲ ਰਿਕਰਾਡ ਕਰਵਾਇਆ ਸੀ। ਇਸ ਤਵੇ ਵਿਚ ਸਿਰਫ ਦੋ ਗੀਤ ਹੀ ਸਨ। ਇੱਕ ਪਾਸੇ ਗੀਤ ਮਾਣਕ, ਅਮੀਰ ਰਾਣਾ ਤੇ ਸਤਿੰਦਰ ਬੀਬਾ ਦਾ ਅਤੇ ਦੂਸਰੇ ਪਾਸੇ ਅਮੀਰ ਰਾਣਾ ਤੇ ਸਤਿੰਦਰ ਬੀਬਾ ਦਾ। ਅੰਦਾਜ਼ੇ ਮੁਤਾਬਕ 1972 ਵਿਚ ਐਚ.ਐਮ.ਵੀ. ਕੰਪਨੀ ਵਿਚ ਦੇਵ ਥਰੀਕੇ ਵਾਲੇ ਦਾ ਲਿਖਿਆ ਇਹ ਪਹਿਲਾ ਗੀਤ ਹੈ। ਦੋਗਾਣੇ ਗੀਤਾਂ ਵਿੱਚ ਵੀ ਇਹ ਪਹਿਲਾ ਦੋਗਾਣਾ ਹੈ ਜਿਸ ਨੂੰ ਦੋ ਮਰਦ ਅਤੇ ਇੱਕ ਔਰਤ ਰਲਕੇ ਗਾਉਦੇ ਹੋਣ। ਇਸ ਗੀਤ ਦਾ ਮੁਖੜਾ ਇਸ ਤਰ੍ਹਾਂ ਹੈ:

ਸਤਿੰਦਰ ਬੀਬਾ:-                 ਬੋਦੀ ਵਾਲਾ ਤਾਰਾ ਚੜ੍ਹਿਆ-ਘਰ ਘਰ ਹੋਣ ਵਿਚਾਰਾਂ

ਗਲੀਆ ਦੇ ਵਿੱਚ ਫਿਰੇ ਮਿਹਲਦਾ- ਨਾ ਤੈਨੂੰ ਵੇ ਸਾਰਾਂ

ਟੇਢੀ ਪਗੜੀ ਨੇ-ਵੇ ਪੱਟ ਸੁੱਟੀਆ ਮੁਟਿਆਰਾਂ

ਮਾਣਕ ਤੇ ਅਮੀਰ ਰਾਣਾ:-   ਦੰਦ ਕੌਡੀਆਂ ਬੁੱਲ ਪਤਾਸੇ- ਤੇਰੇ ਨੀ ਮੁਟਿਆਰੇ

ਰੂਪ ਤੇਰੇ ਦੀਆ ਗੱਲਾ ਜੱਟੀਏ- ਉਪੜ ਗਈ ਸਰਕਾਰੇ

ਤੂੰ ਮੈਂ ਮੋਹ ਲਿਆ ਨੀ- ਬੋਤਲ ਵਰਗੀਏ ਨਾਰੇ।

ਇਹ ਮਾਣਕ ਦਾ ਤੀਸਰਾ ਤਵਾ ਹੈ ਇਸ ਤੋਂ ਪਹਿਲਾ 1968 ਵਿੱਚ ਕੋਲੰਬੀਆ ਕੰਪਨੀ ਵਿਚ ਮਾਣਕ ਦੇ ਦੋ ਦੋਗਾਣੇ ਸੁਰਿੰਦਰ ਸੀਮਾ ਨਾਲ ਰਿਕਾਰਡ ਹੋਏ ਸਨ। ਇਸ ਸਮੇਂ ਮਾਣਕ ਹਰਚਰਨ ਗਰੇਵਾਲ ਦੀ ਟੀਮ ਵਿਚ 15 ਰੁਪਏ ਮਹੀਨਾ ਢੋਲਕ ਵਜਾਇਆ ਕਰਦਾ ਸੀ। ਵੈਸੇ ਇਹ ਗੀਤ ਵੀ ਜੋ ਮਾਣਕ ਸੀਮਾਂ ਨੇ ਰਿਕਾਰਡ ਕਰਵਾਏ ਹਨ, ਹਰਚਰਨ ਗਰੇਵਾਲ ਅਤੇ ਸੁਰਿੰਦਰ ਸੀਮਾ ਐਚ.ਐਮ.ਵੀ ਵਿਚ ਰਿਕਾਰਡ ਕਰਵਾਉਣ ਗਏ ਸਨ। ਗਰੇਵਾਲ ਦਾਰੂ ਪੀਣ ਦਾ ਭਾਰੀ ਸ਼ੁਕੀਣ ਹੋਣ ਕਰਕੇ ਜ਼ਿਆਦਾ ਨਸ਼ਈ ਹੋ ਗਿਆ ਸੀ ਅਤੇ ਆਵਾਜ਼ ਥਥਲਾਉਣ ਲੱਗ ਪਈ। ਉਧਰੋਂ ਮਾਣਕ ਇੱਕ ਕਮਰੇ ਵਿਚ ਏਹੀ ਗੀਤ ਆਪਣੇ ਮਨ ਪ੍ਰਚਾਵੇ ਵਜੋ ਗਾ ਰਿਹਾ ਸੀ। ਜਦੋ ਕੰਪਨੀ ਦੇ ਮੈਨੈਜਰ ਨੂੰ ਮਾਣਕ ਦੇ ਗਾਉਂਦੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਮਾਣਕ ਕੋਲ ਜਾ ਕੇ ਕਹਿਣ ਲੱਗਾ ਕਿ ਕਾਕਾ ਕੀ ਤੂੰ ਇਹ ਪੂਰਾ ਗੀਤ ਗਾ ਸਕਦੈਂ। ਮਾਣਕ ਦੇ ਹਾਂ ਕਹਿਣ ਤੇ ਐਚ.ਐਮ.ਵੀ. ਕੰਪਨੀ ਨੇ ਸੁਰਿੰਦਰ ਸੀਮਾ ਨਾਲ ਮਾਣਕ ਦੇ ਇਹ ਦੋਵੇਂ ਗੀਤ ਰਿਕਾਰਡ ਕਰਵਾਏ ਜੋ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਅਤੇ ਗੁਰਦੇਵ ਸਿੰਘ ਮਾਨ ਦੇ ਲਿਖੇ ਹੋਏ ਸਨ ਅਤੇ ਸੰਗੀਤ ਕੇਸਰ ਸਿੰਘ ਨਰੂਲੇ ਦਾ ਸੀ। ਗੀਤਾਂ ਦੇ ਬੋਲ ਇਹ ਸਨ:

ਸੀਮਾ:  ਬਾਰੀ ਬਰਸੀ ਖਟਣ ਗਿਆ ਸੀ, ਖੱਟ ਕੇ ਲਿਆਇਆ ਖੰਡ ਦੀ ਪੁੜੀ,

ਜੀਜਾ ਅੱਖੀਆਂ ਨਾ ਮਾਰ, ਵੇ ਮੈਂ ਕੱਲ ਦੀ ਕੁੜੀ।

ਮਾਣਕ:         ਨੱਚ-ਨੱਚ-ਨੱਚ, ਨੀ ਸਪੇਰਿਆਂ ਤੋਂ ਬੱਚ, ਮੁੰਡਾ ਗੱਭਰੂ ਜੱਟਾਂ ਦਾ ਸਿਫਤ ਕਰੇ

ਗੁੱਤ ਨਾਗਣੀ ਚੁੰਨੀ ਦੇ ਥੱਲੇ ਮੇਹਲਦੀ ਫਿਰੇ। (ਮਾਨ ਮਰਾੜਾ ਵਾਲਾਂ)

ਸੀਮਾ:  ਚਿੱਟਿਆ ਦੰਦਾਂ ਤੇ ਪੈ ਗਈ ਬਰੇਤੀ, ਡੂੰਘੇ ਪੈ ਗਏ ਘਾਸੇ

ਲੌਂਗ ਘੜਾ ਮਿੱਤਰਾ, ਮੱਛਲੀ ਪਾਉਣਗੇ ਮਾਪੇ,

ਮਾਣਕ :            ਅੰਬਰਸਰ ਤੋਂ ਸੂਟ ਸਵਾ ਦਉਂ, ਪਟਿਆਲੇ ਤੋਂ ਨਾਲਾ,

ਹੁਣੇ ਘੜਾਦੂੰਗਾ ਲੌਂਗ ਬੁਰਜੀਆਂ ਵਾਲਾ, (ਗੁਰਦੇਵ ਸਿੰਘ ਮਾਨ)

ਮਾਣਕ ਦੇ ਇਨ੍ਹਾਂ ਗੀਤਾ ਦੇ ਰਿਕਾਰਡ ਹੋਣ ਨਾਲ ਗਰੇਵਾਲ ਨੇ ਮਾਣਕ ਨੂੰ ਜਾਤ ਦਾ ਨਾ ਲੈ ਕੇ ਗਾਲਾਂ ਕੱਢੀਆ ਸਨ ਅਤੇ ਹਲਕਾ ਫੁਲਕਾ ਧੌਲ ਧੱਫਾ ਵੀ ਕੀਤਾ ਸੀ ਕਿ ਅਖੇ ਤੂੰ ਕਦੋਂ ਕੂ ਦਾ ਮਹੁੰਮਦ ਰਫੀ ਬਣ ਗਿਆ ਓਏ ਮ- ………. ਪਰ ਮਸੂਮ ਉਮਰ ਦਾ ਮਾਣਕ ਇਸ ਅਪਮਾਨ ਨੂੰ ਸਰਬਤ ਦੀਆਂ ਘੁੱਟ ਵਾਂਗ ਪੀ ਗਿਆ ਸੀ। ਜਦ ਮਾਣਕ ਲੋਕ ਗਾਥਾਵਾਂ ਦਾ ਬਾਦਸ਼ਾਹ ਬਣਿਆ ਤਾਂ ਏਹੀ ਗਰੇਵਾਲ ਬੜੇ ਅਦਬ ਅਤੇ ਮਾਣ ਨਾਲ ਕਿਹਾ ਕਰਦਾ ਸੀ ਕਿ ਮੇਰੇ ਨਾਲ 15 ਰੁਪਏ ਮਹੀਨਾ ਢੋਲਕ ਵਜਾਉਣ ਵਾਲਾ ਮੁੰਡਾ ਅੱਜ ਪੰਜਾਬ ਦੇ ਵੱਡੇ ਗਾਇਕ ਮਾਣਕ ਵਜੋਂ ਜਾਣਿਆ ਜਾਂਦਾ ਹੈ। ਮੈਨੂੰ ਇਸ ਤੇ ਬਹੁਤ ਮਾਣ ਹੈ।

ਇਕ ਵਾਰ ਅਚਾਨਕ ਲੁਧਿਆਣੇ ਦੇ ਬੱਸ ਸਟੈਂਡ ਵਿੱਚ ਕਈ ਕਲਾਕਾਰਾਂ ਅਤੇ ਗੀਤਕਾਰਾਂ ਦੇ ਵਿਚਕਾਰ ਮਾਣਕ ਅਤੇ ਹਰਚਰਨ ਗਰੇਵਾਲ ਦੋਹਾਂ ਦਾ ਮੇਲ ਹੋ ਗਿਆ। ਜਿੱਥੇ ਮਾਣਕ ਹਰ ਥਾਂ ਗਰੇਵਾਲ ਦੇ ਪੈਰੀਂ ਹੱਥ ਲਾ ਕੇ ਅਦਬ ਸਤਿਕਾਰ ਦਿੰਦਾ ਸੀ, ਉੱਥੇ ਉਸ ਦਿਨ ਮਾਣਕ ਆਪਣੀ ਗਾਇਕੀ ਦੇ ਮਾਣ ਵਿਚ ਗਰੇਵਾਲ ਨੂੰ ਕਹਿਣ ਲੱਗਾ ਕਿ ‘ਜੇ ਪੈਰੀਂ ਹੱਥ ਲਵਾਉਣੇ ਐਂ ਤਾ ਕਮਰੇ ਦੇ ਅੰਦਰ ਚੱਲ ਉੱਥੇ ਲਾਵਾਂਗਾ। ਜੇ ਹੱਥ ਮਿਲਾਉਣਾ ਤਾਂ ਭਾਵੇਂ ਇਥੇ ਈ ਖੜਾ ਰਹਿ। ਹੁਣ ਮੇਰੇ ਵੀ ਲੋਕ ਪੈਂਰੀ ਹੱਥ ਲਾਉਂਦੇ ਐ। ਹੁਣ ਮੈ ਵੀ ਮਾਣਕ ਆਂ ਮਾਣਕ।’

ਬਹੁਤੇ ਲੋਕ ਦੀ ਰਾਇ ਹੈ ਕਿ ਮਾਣਕ ਨੇ ਪਹਿਲਾਂ ਦੇਵ ਥਰੀਕੇ ਵਾਲੇ ਦੇ ਦੋਗਾਣੇ ਗੀਤ ਹੀ ਗਾਏ ਹਨ ਜੋ ਨਰਿੰਦਰ ਬੀਬਾ ਦੀ ਛੋਟੀ ਭੈਣ ਸਤਿੰਦਰ ਬੀਬਾ ਨਾਲ ਰਿਕਾਰਡ ਹੋਏ ਸਨ। ਇਸ ਤੋਂ ਇਲਾਵਾ ਪ੍ਰਕਾਸ਼ ਸੋਢੀ ਅਤੇ ਪ੍ਰਕਾਸ ਸਿੱਧੂ ਨਾਲ ਜੋ ਦੋਗਾਣੇ ਰਿਕਾਰਡ ਹੋਏ ਸਨ, ਉਨ੍ਹਾਂ ਦੇ ਬੋਲ ਸਨ:

ਨਾਲੇ ਬਾਬਾ ਲੱਸੀ ਪੀ ਗਿਆ- ਨਾਲੇ ਦੇ ਗਿਆ ਦੁਆਨੀ ਖੋਟੀ

ਜਦੋ ਬੰਤੋਂ ਰੇਲ ਚੜਗੀ- ਮੁੰਡੇ ਰੋਣਗੇ ਰੁਮਾਲਾਂ ਵਾਲੇ।

ਅੱਖ ਦੱਬਕੇ ਸ਼ਰਾਬੀ ਜੱਟ-ਸੀਟੀ ਮਾਰਦਾ

ਮਿੱਤਰਾਂ ਦੀ ਜਾਕਟ ਤੇ ਘੁੰਡ- ਕੱਢ ਕੇ ਮੋਰਨੀ ਪਾਵਾਂ

ਮੁੱਖ ਤੇ ਝਰੀਟ ਵੱਜੀਆਂ- ਕਿਵੇਂ ਪਾਟਗੀ ਤੇਰੀ ਫੁਲਕਾਰੀ

(ਲੇਖਕ ਦਲੀਪ ਸਿੱਧੂ ਕਣਕ               ਵਾਲੀਆ)

ਬੇਸ਼ਕਾ ਇਨ੍ਹਾਂ ਗੀਤਾ ਤੋ ਪਹਿਲਾ ਮਾਣਕ ਦਾ ਐਚ.ਐਮ.ਵੀ ਕੰਪਨੀ ਵਿੱਚ ਪਹਿਲਾ ਤਵਾ 1971 ਵਿੱਚ ਦੋ ਗੀਤਾਂ ਦਾ ਆਇਆ ਜਿਸ ਵਿੱਚ ਮਾਣਕ ਦੇ ਪਿੰਡ ਜਲਾਲ ਤੋਂ ਨਿਕਲਕੇ ਬੱਝੇ ਪਿੰਡ ਅੱਠ ਜਲਾਲਾਂ ਵਾਲੇ ਕਰਨੈਲ ਸਿੰਘ ਸਿੱਧੂ ਦਾ ਲਿਖਿਆ ਰਿਕਾਰਡ (ਉਹਨੂੰ ਮੌਤ ਨੇ ਵਾਜਾਂ ਮਾਰੀਆਂ ਸੋਹਣੀ ਸੁਤੀ ਲਹੀ ਜਗਾ) ਹੋਇਆ ਸੀ। ਦੂਸਰਾਂ ਗੀਤ ਸੀਤਾ ਰਾਮ ਲਹਿਰੀ ਦਾ ਸੀ ਜੋ ਪਿੰਡ ਢਿਲਵਾਂ ਨੇੜੇ ਕੋਟਕਪੂਰਾ ਦਾ ਵਸਨੀਕ ਸੀ। ਇਸ ਦਾ ਲਿਖਿਆ ਗੀਤ ਮਾਂ ਮਿਰਜ਼ੇ ਦੀ ਬੋਲਦੀ ਰਿਕਾਰਡ ਹੋਇਆ ਸੀ। ਪਰ ਮਾਣਕ ਨੂੰ ਜਿਆਦਾ ਪ੍ਰਸਿੱਧੀ ਦੇਵ ਥਰੀਕਿਆ ਵਾਲੇ ਵੱਲੋ ਲਿਖੀਆਂ ਚਾਰ ਲੋਕ ਗਾਥਾਵਾਂ ਤੋਂ ਮਿਲੀ ਜੋ ਅੋਡੀਅਨ ਕੰਪਨੀ ਦੇ ਤਵੇ ਵਿੱਚ 1973 ਵਿੱਚ ਰਿਕਾਰਡ ਹੋਈਆਂ ਜੋ ਕਿ ਦੁੱਲਿਆ ਵੇ ਟੋਕਰੀ ਚੁਕਾਈ ਆਣ ਕੇ, ਜੈਮਲ ਫੱਤਾ, ਤੇਰੀ ਖਾਤਰ ਹੀਰੇ ਅਤੇ ਅੱਜ ਕਹੇ ਰਸਾਲੂ ਰਾਣੀਏਂ ਸਨ। ਇਨ੍ਹਾਂ ਚਾਰਾਂ ਗੀਤਾਂ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਮਾਣਕ ਦੀ ਬੱਲੇ-ਬੱਲੇ ਕਰਵਾ ਦਿੱਤੀ।

ਮਾਣਕ ਦੇ ਲੋਕ ਗਾਥਾਵਾਂ ਦਾ 1976 ਵਿੱਚ ਐਚ.ਐਮ. ਵੀ ਕੰਪਨੀ ਵਿੱਚ ਆਇਆ ਪਹਿਲਾਂ ਐਲ.ਪੀ. ਰਿਕਾਰਡ ਆਉਣ ਨਾਲ ਮਾਣਕ ਦੀ ਬੜੀ ਪ੍ਰਸਿੱਧੀ ਹੋਈ। ਉਦੋਂ ਇਹ ਲੋਕ ਗਾਇਕ ਦੂਸਰੇ ਗਾਇਕਾਂ ਨਾਲੋਂ ਨਿਵੇਕਲੀ ਸੋਚ ਦਾ ਗਾਇਕ ਬਣ ਚੁੱਕਾ ਸੀ। ਮਾਣਕ ਨੂੰ ਉਸ ਸਮੇਂ ਧਰਾਮਿਕ ਅਸਥਾਨਾਂ ਤੇ ਵੀ ਗਾਉਣ ਦੀ ਖੁੱਲ ਸੀ। ਉਸ ਸਮੇਂ ਦੇ ਰਾਗੀ, ਢਾਡੀ ਵੀ ਮਾਣਕ ਦੀ ਸੁਰ ਵਿਚ ਗਾਉਣ ਦੀ ਕੋਸ਼ਿਸ ਕਰਨ ਲੱਗੇ।

ਅਸੀਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਦੇ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਮਾਣਕ ਸਾਹਿਬ ਜੀ ਦੀ ਜਨਮ ਤਰੀਕ ਅਤੇ ਉਨ੍ਹਾਂ ਦੇ ਪਹਿਲੇ ਨਾਮ ਬਾਰੇ ਆਰ.ਟੀ.ਆਈ. ਐਕਟ ਕਾਨੂੰਨ ਤਹਿਤ ਮੰਗੀ ਜਾਣਕਾਰੀ ਸੀਮਤ ਸਮੇਂ ਤੋਂ ਪਹਿਲਾਂ ਦੇ ਕੇ ਆਪਣਾ ਫਰਜ਼ ਬੜੀ ਇਮਾਨਦਾਰੀ ਨਾਲ ਨਿਭਾਇਆ ਹੈ। ਆਰ.ਟੀ.ਆਈ. ਐਕਟ ਕਾਨੂੰਨ ਤਹਿਤ ਮਿਲੀ ਜਾਣਕਾਰੀ ਮੁਤਾਬਕ ਮਾਣਕ ਦਾ ਪਹਿਲਾ ਨਾਮ ਲਤੀਫ ਮੁਹੰਮਦ ਹੈ ਅਤੇ ਇਸ ਦੀ ਜਨਮ ਤਰੀਕ 16/10/1949 ਹੈ। 8 ਅਪ੍ਰੈਲ 1960 ਨੂੰ ਮਾਣਕ ਪਿੰਡ ਜਲਾਲ ਦੇ ਸਕੂਲ ਵਿੱਚ ਛੇਵੀਂ ਕਲਾਸ ਵਿਚ ਲਤੀਫ ਮਹੁੰਮਦ ਦੇ ਨਾਮ ਤੇ ਦਾਖਲ ਹੋਇਆ ਅਤੇ 1963 ਵਿਚ ਉਹ ਨੌਵੀਂ ਕਲਾਸ ਵਿੱਚ ਵਿਚਾਲੇ ਛੱਡ ਕੇ ਗਾਇਕੀ ਦੇ ਮੈਦਾਨ ਵਿਚ ਆ ਕੁੱਦਿਆ। ਹੋ ਸਕਦੈ 1963 ਵਿੱਚ ਮਾਣਕ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਖੇਡ ਮੇਲੇ ਵਿਚ ਸੁਰੀਲੀ ਆਵਾਜ਼ ਵਿੱਚ ਗੀਤ ਗਾਉਣ ਸਦਕੇ ਮਾਣਕ ਨਾਮ ਨਾਲ ਨਿਵਾਜਿਆ ਹੋਵੇ। ਮਾਣਕ ਨੇ ਦੱਸਣ ਮੁਤਾਬਕ ਉਸ ਨੇ ਉਸ ਸਮੇਂ ਜੱਟ ਦੀ ਕਿਰਤ ਕਮਾਈ ਦੀ ਲੁੱਟ-ਖਸੁੱਟ ਵਿਰੁੱਧ ਇਹ ਗੀਤ ਗਾਇਆ ਸੀ ਜਿਸ ਦੇ ਬੋਲ ਸਨ:-

ਜੱਟਾ ਓਏ ਜੱਟਾ- ਸੁਣ ਭੋਲਿਆ ਜੱਟਾ

ਵਿਹਲੜ ਮੌਜਾਂ ਮਾਣਦੇ

ਤੇਰੇ ਸਿਰ ਵਿਚ ਪੈਦਾਂ ਘੱਟਾ

ਪਿੰਡ ਜਲਾਲ ਦੇ ਡੇਰੇ ਜਿੱਥੇ ਉਸ ਸਮੇਂ ਦੇ ਸੰਤ ਕਰਨੈਲ ਦਾਸ ਦੀ ਸਰਪ੍ਰਸਤੀ ਹੇਠ ਡੇਰਾ ਚੱਲਦਾ ਸੀ। ਇਸ ਡੇਰੇ ਵਿੱਚ ਮਾਣਕ ਵੀ ਕੁਝ ਸਮਾਂ ਸਾਧੂ ਦੇ ਰੂਪ ਵਿੱਚ ਰਿਹਾ। ਸੰਤ ਕਰਨੈਲ ਦਾਸ ਇਨ੍ਹਾਂ ਤੇ ਬੜਾ ਮਿਹਰਬਾਨ ਹੋਇਆ ਕਰਦੇ ਸਨ। ਉਨਾਂ ਦੀ ਪ੍ਰੇਰਣਾ ਨਾਲ ਹੀ ਮਾਣਕ ਨੂੰ ਗਾਉਣ ਦਾ ਹੌਂਸਲਾ ਮਿਲਦਾ ਰਿਹਾ। ਰਣਬੀਰ ਸਿੰਘ ਟੂਸਿਆਂ ਵਾਲੇ ਅਤੇ ਗੀਤਕਾਰ ਝੱਜ ਟੂਸਿਆਂ ਵਾਲੇ ਦੇ ਦੱਸਣ ਮੁਤਾਬਕ ਮਾਣਕ ਨੇ ਇਕ ਵਾਰ ਆਪਣੇ ਜੀਵਨ ਦੀ ਅਹਿਮ ਘਟਨਾ ਦਾ ਵਰਨਣ ਕਰਦੇ ਹੋਏ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਪਹਿਲਾਂ ਤੋਂ ਹੀ ਬਾਬੇ ਨਾਨਕ ਦੇ ਸਾਥੀ ਬਾਬਾ ਮਰਦਾਨੇ ਦੇ ਜਰੀਏ ਸਿੱਖ ਧਰਮ ਨਾਲ ਜੁੜਿਆ ਆ ਰਿਹਾ ਹੈ। ਉਹ ਵੀ ਜਲਾਲ ਵਾਲੇ ਡੇਰੇ ਵਿੱਚ ਕੁਝ ਸਮਾਂ ਸਾਧੂ ਸੰਤ ਬਣਿਆ ਰਿਹਾ ਹੈ ਉਸਨੂੰ ਡੇਰੇ ਵਿਚ ਭਰਤ ਮੁੰਨੀ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। ਇੱਕ ਵਾਰ ਇਕ ਉੱਚੀ ਜਾਤ ਦਾ ਵਿਹਲੜ ਸਾਧ ਉਸਨੂੰ ਅੰਗੂਰ ਫੜਾ ਕੇ ਕਹਿੰਦਾ ਕਿ ਜਾ ਇਹਨਾਂ ਨੂੰ ਤਾਜ਼ੇ ਪਾਣੀ ਨਾਲ ਧੋ ਕੇ ਲਿਆ। ਜਦ ਉਹ ਅੰਗੂਰ ਮਾਣਕ ਨੇ ਧੋ ਕੇ ਲਿਆਂਦੇ ਤਾਂ ਉਸ ਦੇ ਆਉਣ ਤੋਂ ਪਹਿਲਾਂ ਕੁੱਝ ਲੋਕਾਂ ਨੇ ਉਸ ਸਾਧ ਨੂੰ ਭੜਕਾ ਦਿੱਤਾ ਕਿ ਅਖੇ ਜੀਹਦੇ ਹੱਥਾਂ ਦੇ ਧੋਤੇ ਅੰਗੂਰ ਤੂੰ ਖਾ ਰਿਹਾ ਹੈਂ ਪਤਾ ਕਿੰਨਾ ਦਾ ਮੁੰੰਡਾ ਹੈ? ਸਾਧੂ ਨੂੰ ਸਾਰਾ ਕੁਝ ਉਸਦੇ ਘਰ-ਬਾਰ ਦੀ ਹਾਲਤ ਬਾਰੇ ਦੱਸ ਦਿੱਤਾ। ਜਦ ਮਾਣਕ ਧੋ ਕੇ ਲਿਆਂਦੇ ਅੰਗੂਰ ਸਾਧ ਨੂੰ ਫੜਾਉਣ ਲੱਗਾ ਤਾਂ ਸਾਧ ਬੋਲਿਆ ਕਿ ਇਹ ਅੰਗੂਰ ਤੂੰ ਆਪ ਹੀ ਖਾ ਲੈ ਮੈਂ ਨਈਂ ਖਾਣੇ। ਮਾਣਕ ਨੇ ਉਹ ਅੰਗੂਰ ਸਾਧ ਦੇ ਮੱਥੇ ਤੇ ਮਾਰੇ ਅਤੇ ਡੇਰਾ ਛੱਡ ਕੇ ਬਾਹਰ ਆ ਗਿਆ।

ਸਟਾਰ ਗਾਇਕ ਬਣਨ ਤੋਂ ਬਾਅਦ ਵੀ ਮਾਣਕ ਨੇ ਆਪਣੇ ਹੱਡੀਂ ਹੰਢਾਈ ਗਰੀਬੀ ਨੂੰ ਕਦੇ ਨਹੀ ਸੀ ਭੁੱਲਿਆ। ਟੂਸਿਆਂ ਵਾਲੇ ਰਣਬੀਰ ਦੇ ਦੱਸਣ ਮੁਤਾਬਕ ਇੱਕ ਵਾਰ ਪਿੰਡ ਵਿਚ ਜੱਟਾਂ ਦੇ ਘਰ ਕੋਈ ਬੁੜੀ ਰਿਸ਼ਤੇਦਾਰੀ ਵਿਚ ਮਿਲਣ ਆਈ ਹੋਈ ਸੀ। ਘਰ ਵਾਲੇ ਮਾਣਕ ਨੂੰ ਕਹਿੰਦੇ ਸਾਡੀ ਬੁੜੀ ਨੂੰ ਨਾਲ ਦੇ ਪਿੰਡ ਛੱਡ ਆ। ਮਾਣਕ ਨੇ ਉਨ੍ਹਾਂ ਘਰ ਵਾਲਿਆਂ ਦਾ ਨਵਾਂ ਨਕੋਰ ਸਾਈਕਲ ਦੇਖ ਕੇ ਸਾਈਕਲ ਚਲਾਉਣ ਦੇ ਚਾਅ ਵਿੱਚ ਬੁੜੀ ਨੂੰ ਉਸ ਦੇ ਪਿੰਡ ਛੱਡ ਕੇ ਆਉਣ ਦਾ ਹੁੰਗਾਰਾ ਭਰ ਦਿੱਤਾ। ਬੁੜੀ ਨੂੰ ਉਹਦੇ ਪਿੰਡ ਛੱਡ ਕੇ ਮਾਣਕ ਨੇ ਸਾਈਕਲ ਆਪਣੇ ਨਾਨਕਿਆਂ ਪਿੰਡ ਜੋਗੇ ਰੱਲੇ (ਮਾਨਸਾ) ਨੂੰ ਸਿੱਧਾ ਕਰ ਦਿੱਤਾ। ਮਾਣਕ ਨੂੰ ਨਵਾਂ ਸਾਈਕਲ ਦੇ ਕੇ ਜ਼ਿਮੀਂਦਾਰ ਸਹਿਮਿਆ ਹੋਇਆ ਸੀ ਕਿ ਉਸਦਾ ਨਵਾਂ ਸਾਈਕਲ ਮੁੰਡੇ ਤੋਂ ਕੋਈ ਖੋਹ ਕੇ ਨਾ ਲੈ ਗਿਆ ਹੋਵੇ। ਇਸ ਤਰਾਂ ਬਚਪਨ ਦਾ ਬੇਪ੍ਰਵਾਹ ਮਾਣਕ ਹਫਤੇ ਬਾਅਦ ਨਾਨਕਿਆਂ ਤੋਂ ਮੁੜ ਕੇ ਆਇਆ। ਮਾਣਕ ਨੂੰ ਆਪਣੇ ਪਿੰਡ ਜਲਾਲ ਨਾਲ ਬਹੁਤ ਮੋਹ ਪਿਆਰ ਸੀ। ਦਸ ਕੁ ਗੀਤਾਂ ਵਿਚ ਮਾਣਕ ਨੇ ਆਪਣੇ ਪਿੰਡ ਜਲਾਲ ਦਾ ਜ਼ਿਕਰ ਕੀਤਾ ਜਿਵੇਂ ਕਿ ਦੱਸੀ ਖਾਂ ਜਲਾਲ ਵਾਲਿਆ, ਲੋਭ ਨੇ ਜਲਾਲ ਵਾਲੇ ਘਰ ਪੱਟਿਆ, ਸੋਹਣਾ ਪਿੰਡ ਸਿਆਲਾ ਨਾਲੋਂ ਮੇਰਾ ਪਿੰਡ ਜਲਾਲ ਕੁੜੇ, ਛੱਡ ਕੇ ਜਲਾਲ ਮੈਨੂੰ ਜਾਈਂ ਨਾ ਆਦਿ। ਮਾਣਕ ਨੇ ਗੀਤਾਂ ਵਿਚ ਆਪਣੇ ਪਿੰਡ ਜਲਾਲ ਦਾ ਨਾਂ ਪਾ ਕੇ ਇਸਨੂੰ ਦੁਨੀਆਂ ਭਰ ਵਿਚ ਮਸ਼ਹੂਰ ਕਰ ਦਿੱਤਾ।

ਇੱਕ ਵਾਰ ਜਦੋਂ ਮਾਣਕ 1996 ਦੀਆਂ ਅਸੈਂਬਲੀ ਚੋਣਾਂ ਵਿੱਚ ਕਿਸੇ ਘਰ ਬਹਿਕੇ ਆਪਣੇ ਸਪੋਟਰਾਂ ਨਾਲ ਵੋਟਾਂ ਸਬੰਧੀ ਮੀਟਿੰਗ ਕਰ ਰਿਹਾ ਸੀ ਤਾਂ ਗੁਆਂਢ ਵਿੱਚ ਕੋਈ ਬਿਰਧ ਬੁੜੀ  ਮਾਣਕ ਦੀ ਪ੍ਰਸੰਸਕ ਸੀ ਅਤੇ ਉਸਨੇ ਕਦੇ ਮਾਣਕ ਨੂੰ ਦੇਖਿਆ ਨਹੀਂ ਸੀ। ਮਾਈ ਨੂੰ ਘਰ ਦੇ ਕਹਿੰਦੇ ਕਿ ਅੱਜ ਫਲਾਣੇ ਕਿਆਂ ਦੇ ਘਰ ਮਾਣਕ ਆਇਆ ਹੋਇਆ ਹੈ, ਜੀਹਨੂੰ ਤੂੰ ਚੰਗਾ ਗਾਉਣ ਵਾਲਾ ਕਹਿੰਦੀ ਹੁੰਨੀਏਂ। ਮੂੰਹ ਹਨੇਰੇ ਜੇ ਬੇਬੇ ਖੂੰਡੀ ਚੱਕ ਕੇ ਗੁਆਂਢੀਆਂ ਦੇ ਘਰੇਂ ਮਾਣਕ ਨੂੰ ਦੇਖਣ ਚਲੀ ਗਈ। ਉਹਨ੍ਹਾਂ ਦੇ ਘਰ ਜਾ ਕੇ ਕਹਿੰਦੀ ਮੈ ਸੁਣਿਆ ਥੋਡੇ ਘਰ ਗਾਉਣ ਵਾਲਾ ਮਾਣਕ ਆਇਆ ਹੋਇਆ ਹੈ। ਮੈਂ ਤਾਂ ਉਹਨੂੰ ਵੇਖਣ ਆਈ ਹਾਂ। ਘਰ ਵਾਲੇ ਕਹਿੰਦੇ ਹਾਂ ਮਾਣਕ ਹੋਰੀਂ ਆਏ ਹੋਏ ਨੇ, ਅੰਦਰ ਬੈਠਾ ਹੈ ਮਿਲ ਲੈ ਜਾਕੇ। ਮਾਣਕ ਹੋਰੀਂ ਮਾਨਸਾ ਜਿਲ੍ਹੇ ਦੇ ਪਿੰਡ ਵਿੱਚ ਵੋਟਾਂ ਦੀ ਗਿਣਤੀ ਮਿਣਤੀ  ਕਰਦੇ ਹੋਏ ਪੈਗ ਸੈਗ ਵੀ ਲਾਈ ਜਾਂਦੇ ਸਨ। ਬੁੜੀ ਉੱਥੇ ਜਾ ਕੇ ਕਹਿੰਦੀ ਵੇ ਭਾਈ ਥੋਡੇ ਚੋਂ ਗਾਉਣ ਵਾਲਾ ਮਾਣਕ ਕੋਣ ਏ? ਮਾਣਕ ਹੱਥ ਜੋੜ ਕੇ ਕਹਿੰਦਾ ਬੇਬੇ ਮੈਂ ਹੀ ਆਂ ਮਾਣਕ! ਮੱਥਾ ਟੇਕਦੈਂ! ਬੁੜੀ ਬੇਬੇ ਮਾਣਕ ਦੇ ਮਧਰੇ ਜਿਹੇ ਕੱਦ ਕਾਠ ਨੂੰ ਵੇਖਕੇ ਕਹਿੰਦੀ ਵਾਹਗੁਰੂ-ਵਾਹਗੁਰੂ ਵੇ ਪੁੱਤ ਮਾਣਕਾ! ਮੈਂ ਤਾਂ ਦਿਲ ਵਿਚ ਸੋਚਦੀ ਸੀ, ਤੇਰਾ ਬਾਹਲਾ ਵੱਡਾ ਕੱਦ ਕਾਠ ਹੋਵੇਗਾ। ਤੇਰੇ ਦੋ ਟੌਰੇ ਛੱਡੇ ਹੋਣਗੇ, ਤੇਰੀ ਕੋਠਿਆਂ ਤੇ ਲੱਗੇ ਸਪੀਕਰਾਂ ਵਿੱਚ ਗਰਜ਼ਦੀ ਆਵਾਜ਼ ਨੂੰ ਸੁਣਕੇ ਸਭ ਕੁਝ ਏਹੀ ਅਨੁਮਾਨ ਲਾਉਂਦੀ ਸੀ। ਵੇ ਤੂੰ ਤਾਂ ਜਮਈ ਮਚੂਕੜਾ ਜਿਹਾਂ ਏ। ਜਿਵੇਂ ਮਾਂ ਨੈ ਸਤਮਾਹਾਂ ਹੀ ਜੰਮਿਆ ਹੋਵੇਂ। ਮਾਣਕ ਆਪਣੇ ਸੁਭਾਅ ਮੁਤਾਬਕ ਗਰਜ਼ਕੇ ਬੋਲਿਆ- ਬੇਬੇ ਤੂੰ ਮੇਰਾ ਕੱਦ-ਕੁੱਦ ਜਾ ਨਾ ਵੇਖੀ ਜਾ, ਮੈਨੂੰ ਵੋਟਾਂ ਪਾਵੀਂ, ਦੇਖੀ ਮੈਂ ਦਿੱਲੀ ਜਾ ਕੇ ਕਿਵੇ ਗਰਜ਼ਦੈਂ। ਸਾਰਿਆ ਨੂੰ ਸੱਚੀਆਂ ਸਣਾਉਂ ਜਿਵੇਂ ਮੇਰੇ ਗੀਤਾਂ ਵਿੱਚ ਸੱਚ ਸੁਣਦੇ ਓ। ਖੈਰ, ਇਨ੍ਹਾਂ ਚੋਣਾਂ ਵਿੱਚ ਮਾਣਕ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਮਾਣਕ ਦੇ ਪਿੰਡ ਮੈਂ (ਲੇਖਕ) ਵੀ ਇਨ੍ਹਾਂ ਚੋਣਾਂ ਵਿੱਚ ਮਾਣਕ ਦੇ ਪੋਲਿੰਗ ਬੂਥਾਂ ਤੇ ਵੋਟਾਂ ਦੀਆਂ ਪਰਚੀਆਂ ਕੱਟਣ ਦੀ ਸੇਵਾ ਨਿਭਾਈ ਸੀ। ਉਦੋਂ ਉਸ ਸੀਟ ਤੇ ਅੱਜ ਦੀ ਆਮ ਆਦਮੀ ਪਾਰਟੀ ਵਾਲਾ ਜਿੱਤਿਆ ਐਮ.ਪੀ. ਹਰਿੰਦਰ ਸਿੰਘ ਖਾਲਸਾ ਅਕਾਲੀ ਦਲ ਦੀ ਟਿਕਟ ਤੋਂ ਜਿੱਤਿਆ ਸੀ।

14 ਮਈ 1979 ਵਿੱਚ ਕੁਲਦੀਪ ਮਾਣਕ ਦੀ ਮਾਤਾ ਬੇਬੇ ਬਚਨ ਕੌਰ ਸਵਰਗਵਾਸ ਹੋ ਗਏ ਸਨ। ਮਾਣਕ ਨੇ ਮਾਂ ਹੁੰਦੀ ਐ ਮਾਂ ਓ ਦੁਨਿਆ ਵਾਲਿਓ, ਦੇਵ ਥਰੀਕੇ ਵਾਲੇ ਦਾ ਲਿਖਿਆ ਗੀਤ ਮਾਤਾ ਨੂੰ ਸ਼ਰਧਾਂਜਲੀ ਦੇ ਤੌਰ ਤੇ 1980 ਵਿੱਚ ਐਚ.ਐਮ.ਵੀ. ਕੰਪਨੀ ਵਿੱਚ ਐਲ.ਪੀ. ਰਿਕਾਰਡ ਕਰਵਾਇਆ ਸੀ।

ਮਾਣਕ ਦੀ ਜੀਵਨ ਅਤੇ ਗਾਇਕੀ ਤੇ ਦੋ ਲੇਖਕਾਂ ਨੇ ਦੋ ਪੁਸਤਕਾ ਲਿਖੀਆਂ ਹਨ। ਪਰ ਅਜੇ ਮਾਣਕ ਸਾਹਿਬ ਬਾਰੇ ਬਹੁਤ ਕੁਝ ਲਿਖਣਾ ਬਾਕੀ ਹੈ ਜਿਸਨੂੰ ਮਾਣਕ ਪ੍ਰੇਮੀ ਪੜਨ ਸੁਣਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਮਾਣਕ ਦੇ ਸਰੋਤੇ, ਪ੍ਰਸੰਸਕ ਅਤੇ ਪੰਜਾਬੀ ਹਿਤੈਸੀ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਨੂੰ ਕੁਲਦੀਪ ਮਾਣਕ ਦੇ ਪਿੰਡ ਜਲਾਲ ਅਤੇ ਲੁਧਿਆਣੇ ਵਿਖੇ ਕੋਈ ਦੋ-ਚਾਰ ਹਜ਼ਾਰ ਗਜ਼ ਦੇ ਪਲਾਟ ਵਿਚ ਮਾਣਕ ਦੀ ਢੁੱਕਵੀਂ ਯਾਦਗਾਰ ਬਣਾਉਣੀ ਚਾਹੀਦੀ ਹੈ। ਮਾਣਕ ਦੀ ਸੁਪਤਨੀ ਸਰਬਜੀਤ ਕੌਰ ਮਾਣਕ ਨੂੰ ਪਰਿਵਾਰਿਕ ਗੁਜਾਰੇ ਲਈ ਪੈਨਸ਼ਨ ਵੀ ਲਾਉਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦਾ ਬੇਟਾ ਯੁੱਧਵੀਰ ਮਾਣਕ ਭਿਆਨਕ ਬਿਮਾਰੀ ਦੇ ਪ੍ਰਭਾਵ ਤੋਂ ਹਾਲੇ ਚੰਗੀ ਤਰ੍ਹਾਂ ਠੀਕ ਨਹੀਂ ਹੋਇਆ। ਕੁਲਦੀਪ ਮਾਣਕ ਕਿਸੇ ਇੱਕ ਪਾਰਟੀ ਧਰਮ ਦਾ ਨਹੀਂ ਸਗੋਂ ਸਾਰੇ ਪੰਜਾਬੀਆਂ, ਸਾਰੇ ਧਰਮਾਂ ਦਾ ਸਾਂਝਾ ਲੋਕ ਗਾਥਾਵਾਂ ਦਾ ਬਾਦਸ਼ਾਹ ਲੋਕ ਗਾਇਕ ਸੀ, ਜੋ ਸਾਨੂੰ 30 ਨਵੰਬਰ 2011 ਨੂੰ ਸਦੀਵੀ ਵਿਛੋੜਾ ਦੇ ਗਿਆ।

ਚਰਨ ਸਿੰਘ ਬੰਬੀਹਾ ਭਾਈ

+91 98158-75655

 

 

Install Punjabi Akhbar App

Install
×